ਆਪ ਤਿਆਰ ਕੀਤੇ ਵਿਸ਼ੇਸ਼ ਸੈਨੀਟਾਈਜ਼ਰ ਨਾਲ ਸਪਰੇਅ ਕਰਨ ’ਚ ਜੁੱਟੇ ਸਮਾਜ ਸੇਵਕ ਨੌਜਵਾਨ

ਕਪੂਰਥਲਾ, 25 ਮਾਰਚ :ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਥੇ ਜ਼ਿਲੇ ਦਾ ਸਮੁੱਚਾ ਪ੍ਰਸ਼ਾਸਨ ਦਿਨ-ਰਾਤ ਲੱਗਾ ਹੋਇਆ ਹੈ ਅਤੇ ਜ਼ਿਲਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਮਿਹਨਤ ਤੇ ਲਗਨ ਨਾਲ ਜੁੱਟੇ ਹੋਏ ਹਨ, ਉਥੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੀਆਂ ਹਨ। ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਇਸ ਔਖੀ ਘੜੀ ਵਿਚ ਵੱਖ-ਵੱਖ ਕੰਮਾਂ ਰਾਹੀਂ ਅਸਲ ਮਾਅਨਿਆਂ ਵਿੱਚ ਸਮਾਜ ਸੇਵਾ ਦਾ ਬੀੜਾ ਚੁੱਕਿਆ ਗਿਆ ਹੈ। ਇਸੇ ਤਹਿਤ ਸਥਾਨਕ ਮੁਹੱਲਾ ਜੱਟਪੁਰਾ ਦੀ ਨਵੀਂ ਆਬਾਦੀ ਦੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨਾਲ ਸਬੰਧਤ ਨੌਜਵਾਨਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਘਰ-ਘਰ ਜਾ ਕੇ ਆਪ ਤਿਆਰ ਕੀਤੇ ਗਏ ਸੈਨੀਟਾਈਜ਼ਰ ਦਾ ਸਪਰੇਅ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੌਰਾਨ 20 ਦੇ ਕਰੀਬ ਨੌਜਵਾਨਾਂ ਦਾ ਇਹ ਜਥਾ ਦੋ-ਦੋ, ਤਿੰਨ-ਤਿੰਨ ਜਣਿਆਂ ਦੀਆ ਟੀਮਾਂ ਬਣਾ ਕੇ ਲੋਕਾਂ ਨੂੰ ਆਪਣੇ ਹੱਥਾਂ ਅਤੇ ਆਲੇ-ਦੁਆਲੇ ਨੂੰ ਵਾਰ-ਵਾਰ ਸੈਨੀਟਾਈਜ਼ ਕਰਨ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਵੱਲੋਂ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਹੈ ਕਿ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਸਾਰੇ ਸਮਾਜ ਦਾ ਭਲਾ ਹੋ ਰਿਹਾ ਹੈ। ਇਸ ਕੰਮ ਵਿਚ ਜੁੱਟੇ ਹੋਏ ਨੌਜਵਾਨਾਂ ਨੇ ਦੱਸਿਆ ਕਿ ਉਨਾਂ ਵੱਲੋਂ ਡਿਟੌਲ, ਮੁਸ਼ਕਫੂਰ, ਸਪਿਰਿਟ, ਫਰਨੈਲ ਅਤੇ ਐਲੋਵੀਰਾ ਆਦਿ ਨੂੰ ਮਿਲਾ ਕੇ ਇਹ ਵਿਸ਼ੇਸ਼ ਸੈਨੀਟਾਈਜ਼ਰ ਤਿਆਰ ਕੀਤਾ ਗਿਆ ਹੈ।  

Read more