ਕਸ਼ਮੀਰੀ ਆਗੂਆਂ ਨੂੰ ਗਿ੍ਰਫਤਾਰ ਕਰਨਾ ਗਲਤ-ਕੈਪਟਨ ਅਮਰਿੰਦਰ ਸਿੰਘ, ਅਮਰਜੈਂਸੀ ਦੌਰਾਨ ਭਾਜਪਾ ਨੇ ਅਜਿਹੀਆਂ ਗਿ੍ਰਫਤਾਰੀਆਂ ਦਾ ਵਿਰੋਧ ਕੀਤਾ

ਅੱਤਵਾਦ ਜਾਂ ਕਰਤਾਰਪੁਰ ਦੇ ਲਾਂਘੇ ਨਾਲ ਧਾਰਾ 370 ਦਾ ਕੋਈ ਵੀ ਨਾਤਾ ਹੋਣ ਦੀ ਗੱਲ ਰੱਦ

ਚੰਡੀਗੜ, 6 ਅਗਸਤ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਸਿਆਸੀ ਆਗੂਆਂ ਦੀ ਗਿ੍ਰਫਤਾਰੀ ਦਾ ਵਿਰੋਧ ਕੀਤਾ ਹੈ ਜਿਨਾਂ ਨੂੰ ਉਸ ਸਿਆਸੀ ਪਾਰਟੀ ਦੇ ਹੁਕਮਾਂ ’ਤੇ ਗਿ੍ਰਫਤਾਰ ਕੀਤਾ ਗਿਆ ਹੈ ਜਿਸ ਨੇ ਐਮਰਜੈਂਸੀ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੂੰ ਗਿ੍ਰਫਤਾਰ ਕਰਨ ਦਾ ਤਿੱਖਾ ਵਿਰੋਧ ਕੀਤਾ ਸੀ। 

ਕਸ਼ਮੀਰੀ ਆਗੂਆਂ ਦੀ ਗਿ੍ਰਫਤਾਰੀ ਨੂੰ ਪੂਰੀ ਤਰਾਂ ਗਲਤ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਇਹ ਦੋਹਰਾ ਮਾਪਦੰਡ ਹੈ। ਉਨਾਂ ਕਿਹਾ ਕਿ ਭਾਜਪਾ ਨੇ ਐਮਰਜੈਂਸੀ ਦੌਰਾਨ ਅਜਿਹੀਆਂ ਗਿ੍ਰਫਤਾਰੀਆਂ ਦਾ ਵਿਰੋਧ ਕੀਤਾ ਸੀ ਪਰ ਉਸ ਨੇ ਕਸ਼ਮੀਰ ਦੇ ਮਾਮਲੇ ਵਿੱਚ ਇਹ ਜ਼ਿੰਮੇਵਾਰੀ ਨਹੀਂ ਨਿਭਾਈ। 

ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਇਕ ਗੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਨਾ ਹੀ ਕਰਤਾਰਪੁਰ ਲਾਂਘੇ ਅਤੇ ਨਾ ਹੀ ਕਸ਼ਮੀਰ ’ਚ ਅੱਤਵਾਦ ’ਤੇ ਧਾਰਾ 370 ਨਾਲ ਕੋਈ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕੀਤਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਵਿਧਾਨਿਕ ਤਬਦੀਲੀਆਂ ਨਾਲ ਇਨਾਂ ਮੁੱਦਿਆਂ ਦਾ ਕੋਈ ਸਬੰਧ ਨਹੀਂ ਹੈ। 

ਇਸ ਨਾਲ ਘਾਟੀ ਵਿੱਚ ਅੱਤਵਾਦ ਦਾ ਖਾਤਮਾ ਹੋਣ ਦੇ ਭਾਜਪਾ ਦੇ ਦਾਅਵੇ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਨੇ ਸਵਾਲ ਕੀਤਾ, ‘‘ਇਸ ਨੂੰ ਅੱਤਵਾਦ ਨਾਲ ਕਿਸ ਤਰਾਂ ਜੋੜਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਫੌਜ ਅਤੇ ਪੁਲਿਸ ਸਮੇਤ ਸੁਰੱਖਿਆ ਫੋਰਸਾਂ ਅੱਤਵਾਦ ਵਿਰੁੱਧ ਲੜ ਰਹੀਆਂ ਹਨ। ਉਨਾਂ ਭਰੋਸਾ ਪ੍ਰਗਟ ਕੀਤਾ ਕਿ ਇਹ ਫੋਰਸਾਂ ਕਸ਼ਮੀਰ ਵਿੱਚੋਂ ਅੱਤਵਾਦ ਦੇ ਸਫਾਏ ਲਈ ਲਗਾਤਾਰ ਕਾਰਜ ਕਰਦੀਆਂ ਰਹਿਣਗੀਆਂ। 

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਧਾਰਾ 370 ਦੀ ਵੈਧਤਾ ’ਤੇ ਬਹਿਸ ਕੀਤੀ ਜਾ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਅਪਣਾਈ ਗਈ ਪ੍ਰਕਿਰਿਆ ਗੈਰ ਸਵਿਧਾਨਕ ਹੈ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਨਿਯਮਾਂ ਨੂੰ ਨਹੀਂ ਆਪਣਾਇਆ ਗਿਆ। ਇਸ ਤਰਾਂ ਦਾ ਮਹੱਤਵਪੂਰਨ ਫੈਸਲਾ ਲੈਣ ਤੋਂ ਪਹਿਲਾਂ ਆਮ ਸਹਿਮਤੀ ਤਿਆਰ ਕਰਨ ਵਿੱਚ ਅਸਫਲ ਰਹਿਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੰਘੀ ਢਾਂਚੇ ਨੂੰ ਕੰਮਜੋਰ ਕੀਤਾ ਹੈ ਅਤੇ ਇਹ ਸੂਬਿਆਂ ਨੂੰ ਕਮਜ਼ੋਰ ਕਰਨ ਦੀ ਕੇਂਦਰ ਦੀ ਸਿਲਸਲੇਵਾਰ ਕੋਸ਼ਿਸ਼ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵੱਲੋਂ ਇਸ ਦੇ ਸਵਾਗਤ ਕਰਨ ਦੇ ਫੈਸਲੇ ’ਤੇ ਹੈਰਾਨੀ ਪ੍ਰਗਟ ਕੀਤੀ। ਉਨਾਂ ਕਿਹਾ ਕਿ ਉਨਾਂ ਨੇ ਸੰਘੀ ਢਾਂਚੇ ਦੇ ਮਾਮਲੇ ’ਤੇ ਉਲਟ ਕਲਾਬਾਜ਼ੀ ਮਾਰੀ ਹੈ ਜੋ ਕਿ ਅਕਾਲੀ ਦਲ ਦੇੇ ਆਨੰਦਪੁਰ ਸਾਹਿਬ ਦੇ ਮਤੇ ਦੇ ਮੂਲ ਤੱਤ  ਦੇ ਵਿਰੁੱਧ ਹੈ। 

Read more