ਆਖਿਰ ਮਾਂ-ਬੋਲੀ ਪੰਜਾਬੀ ਨੂੰ ਕਿਉਂ ਵਿਸਾਰਨ ਲੱਗੇ ਪੰਜਾਬੀ?

—ਗੁਰਵਿੰਦਰ ਸਿੰਘ ਸਿੱਧੂ—

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਗੀਤ ਦੇ ਬੋਲ “ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ” ਪੰਜਾਬ ਅੰਦਰ ਮਾਂ-ਬੋਲੀ ਪੰਜਾਬੀ ਦੀ ਹਾਲਤ ‘ਚ ਆਉਂਦੇ ਨਿਗਾਰ ਨੂੰ ਬਾਖੂਬੀ ਬਿਆਨ ਕਰ ਰਹੇ ਹਨ।ਪੰਜਾਬੀ ਸੂਬੇ ਦੇ ਨਾਂ ਨਾਲੇ ਜਾਂਦੇ ਪੰਜਾਬ ਅੰਦਰ ਅੰਗਰੇਜ਼ੀ ਭਾਸ਼ਾ ਦੀ ਅਜਿਹੀ ਹਨੇਰੀ ਚੱਲੀ, ਕਿ ਇਸਨੇ ਮਾਂ-ਬੋਲੀ ਦੇ ਬੋਹੜ ਦੀਆਂ ਜੜ੍ਹਾਂ ਹਲਾ ਕੇ ਰੱਖ ਦਿੱਤੀਆਂ।ਜਿਸ ਕਾਰਨ ਪੰਜਾਬ ਦਾ ਹਰ ਵਰਗ ਅੱਜ ਮਾਂ-ਬੋਲੀ ਦੀ ਗੋਦ ਦਾ ਨਿੱਘ ਭੁਲਦਾ ਜਾ ਰਿਹਾ ਹੈ।ਮਾਂ ਬੋਲੀ ਨੂੰ ਇਕ ਅਜਿਹੀ ਉਪਜਾਊ ਜ਼ਮੀਨ ਮੰਨਿਆ ਜਾਂਦਾ ਹੈ, ਜਿਸ ਹਰ ਇਕ ਭਾਸ਼ਾ ਦਾ ਦਰਖਤ ਦੀਆਂ ਜੜ੍ਹਾਂ ਅਸਾਨੀ ਨਾਲ ਫੈਲ ਜਾਂਦੀਆਂ ਹਨ।ਪਰ ਅਜੌਕੇ ਸਮੇਂ ਅਸੀ ਮਾਂ ਬੋਲੀ ਦੀ ਜ਼ਮੀਨ ਨੂੰ ਬੰਜ਼ਰ ਕਰਨ ਦੇ ਰਸਤੇ ‘ਤੇ ਚੱਲ ਰਹੇ ਹਾਂ।

ਪੰਜਾਬ ਦੇ ਮੌਜੂਦਾ ਹਲਾਤਾਂ ਅਨੁਸਾਰ ਹਰ ਇਕ ਇਨਸਾਨ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਸਿਖਾਉਣਾ ਜ਼ਰੂਰੀ ਸਮਝ ਰਿਹਾ ਹੈ। ਜਿਸ ਕਾਰਨ ਸਾਡੇ ਬੱਚੇ ਮਾਂ-ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ।ਬੇਹੱਦ ਸਿਤਮ ਦੀ ਗੱਲ ਹੈ ਕਿ ਅੱਜ ਸਾਡੇ ਸਮਾਜ ਵਿੱਚ ‘ਖੂਬਸੂਰਤੀ ਦਾ ਮਤਲਬ ਸੋਹਣੀ ਸੂਰਤ ਅਤੇ ਬੁੱਧੀਮਾਨ ਹੋਣ ਦਾ ਮਤਲਬ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣ ਨੂੰ ਮੰਨਿਆ ਜਾਂਦਾ ਹੈ।ਜੇਕਰ ਪਿਛਲੇ ਕੁਝ ਸਾਲਾਂ ‘ਚ ਪੰਜਾਬੀਆਂ ਦੀ ਮਾਨਸਿਕਤਾ ‘ਚ ਆਏ ਬਦਲਾਅ ‘ਤੇ ਝਾਤ ਮਾਰੀ ਜਾਵੇ ਤਾਂ ਲੋਕ ਇਸ ਤਰ੍ਹਾਂ ਦੀ ਮਾਨਸਿਕਤ ‘ਚ ਇਸ ਕਦਰ ਤੱਕ ਨਿਗਾਰ ਆ ਗਿਆ ਹੈ ਕਿ ਉਹ ਮਾਂ-ਬੋਲੀ ਵਿੱਚ ਗੱਲ ਕਰਨ ਤੇ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਹਾਂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵਾਰਤਾਲਾਪ ਕਰਨ ‘ਚ ਆਪਣੀ ਸ਼ਾਨ ਮਹਿਸੂਸ ਕਰਦੇ ਹਾਂ ।

ਮਨੋ-ਵਿਗਿਆਨੀਆਂ ਨੇ ਪਰਿਵਾਰ ਬੱਚੇ ਦਾ ਪਹਿਲਾਂ ਸਕੂਲ ਮੰਨਿਆ ਹੈ ਅਤੇ ਪਰਿਵਾਰ ‘ਚ ਹੀ ਬੱਚਾ ਮਾਂ-ਬੋਲੀ ਦੀ ਗੋਦ ਦਾ ਨਿੱਘ ਮਹਿਸੂਸ ਕਰਦਾ ਹੈ।ਅਸੀਂ ਬੱਚੇ ਨੂੰ ਬਚਪਨ ਤੋਂ ਹੀ ਬੱਚੇ ਨੂੰ ਪੰਜਾਬੀ ਤੋਂ ਜ਼ਿਆਦਾ ਅੰਗਰੇਜ਼ੀ ਭਾਸ਼ਾ ਦੇ ਅੱਖਰ ਦੇਣ ਲੱਗ ਜਾਂਦੇ ਹਾਂ।ਸਾਡੇ ਪਰਿਵਾਰਾਂ ਅੰਦਰ ਇਹ ਵਤੀਰਾ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਬੱਚੇ ਨੂੰ ‘ੳ.ਅ.ੲ’ ਤੋਂ ਪਹਿਲਾਂ ‘ਏ.ਬੀ.ਸੀ’ ਸਿਖਾਉਣ ਦਾ ਯਤਨ ਕਰਦੇ ਹਾਂ।ਜਿਸ ਕਾਰਨ ਬੱਚੇ ਦਾ ਮਾਂ-ਬੋਲੀ ਦੀ ਬਜਾਏ ਅੰਗਰੇਜ਼ੀ ਭਾਸ਼ਾ ਵੱਲ ਜ਼ਿਆਦਾ ਅਕਰਸ਼ਿਤ ਹੋਣ ਲੱਹ ਜਾਂਦੇ ਹਨ ਅਤੇ ਇਸ ਵਤੀਰੇ ਲਈ ਮਾਪਿਆਂ ਨੂੰ ਸਿੱਧੇ ਜ਼ਿੰਮੇਵਾਰ ਠਹਿਰਾਈਆਂ ਜਾ ਸਕਦਾ ਹੈ।ਅਸੀਂ ਆਪਣੇ ਬੱਚਿਆਂ ਦਾ ਦਾਖ਼ਲਾ ਕਰਵਾਉਣ ਦੇ ਸਮੇਂ ਅਜਿਹੇ ਸਕੂਲਾਂ ਨੂੰ ਤਰਜ਼ੀਹ ਦਿੰਦੇ ਹਾਂ ਜਿੰਨਾਂ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਤਵਜ਼ੋ ਦਿੱਤੀ ਜਾਂਦੀ ਹੋਵੇ।

ਮੰਨਿਆ ਜਾਂਦਾ ਹੈ ਕਿ ਬੱਚਾ ਮਾਂ-ਬੋਲੀ ਦੀਆਂ ਜੜ੍ਹਾਂ ਨਾਲ ਜੋੜਨ ‘ਚ ਸਕੂਲ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ, ਪਰ ਅਜੌਕੇ ਸਮੇਂ ਸਾਡੇ ਬਹੁਤ ਸਕੁਲ ਬੱਚਿਆਂ ਨੂੰ ਜੜ੍ਹਾਂ ਨਾਲੋਂ ਤੋੜਨ ਲੱਗੇ ਹੋਏ ਹਨ।ਜੇਕਰ ਸਿੱਖਿਆ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਭਾਸ਼ਾ ਆਪਣੀ ਹੋਂਦ ਬਚਾਉਣ ਬਹੁਤ ਸੰਘਰਸ਼ ਦੇ ਰਸਤੇ ‘ਤੇ ਚੱਲ ਰਹੀ ਹੈ ਅਤੇ ਇਸਦੇ ਸੰਘਰਸ਼ ਨੂੰ ਵੀ ਜ਼ਿਆਦਾ ਸਫ਼ਲਤਾ ਮਿਲਦੀ ਨਜ਼ਰ ਨਹੀਂ ਆ ਰਹੀ।ਸੱਭ ਤੋਂ ਪਹਿਲਾਂ ਜੇਕਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇਂ ਤਾਂ ਸਰਕਾਰੀ ਸਕੂਲਾਂ ਅੰਦਰ ਵੀ ਪੰਜਾਬੀ ਭਾਸ਼ਾ ਤੋਂ ਜ਼ਿਆਦਾ ਤਵਜ਼ੋਂ ਅੰਗਰੇਜ਼ੀ ਭਾਸ਼ਾ ਨੂੰ ਦਿੱਤੀ ਜਾਂਦੀ ਹੈ।ਬੇਸ਼ੱਕ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੁਲਾਂ ਨੂੰ ਸਮੇਂ ਦਾ ਹਾਣੀ ਬਣਾਉਂਦਾ ਹੋਏ ਬੱਚਿਆਂ ਨੂੰ ਅੰਗਰੇਜ਼ੀ ਮਾਧਿਆਮ ‘ਚ ਪੜਾਉਣ ਦਾ ਸ਼ਲਾਘਾਯੋਗ ਕਦਮ ਜ਼ਰੂਰ ਚੁੱਕਿਆ ਹੈ, ਪਰ ਸਰਕਾਰ ਇਸਨੂੰ ਸਹੀ ਢੰਗ ਨਾਲ ਪ੍ਰੀਭਾਸ਼ਿਤ ਨਹੀਂ ਕਰ ਸਕੀ।ਦੇਖਣ ਵਿੱਚ ਆਇਆ ਹੈ ਕਿ ਸੂਬੇ ਦੇ ਕੁਝ ਸਕੂਲਾਂ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਮਧਿਅਮ ‘ਚ ਪੜ੍ਹਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਜਿਸ ਕਾਰਨ ਬੱਚਿਆਂ ਦੇ ਭਵਿੱਖ ਨਾਲ ਹੁੰਦੇ ਖਿਲਵਾੜ ਲਈ ਕੋਣ ਜ਼ਿੰਮੇਵਾਰ ਹੈ? ਇਹ ਸਵਾਲ ਜਿਉਂ ਦੀ ਤਿਉਂ ਬਰਕਰਾਰ ਹੈ। 

ਨਿੱਜੀ ਸਕੂਲ ਵੱਲ ਝਾਤ ਮਾਰਨ’ਤੇ ਸਥਿਤੀ ਹੋਰ ਵੀ ਭਿਆਨਕ ਜਾਪਦੀ ਹੈ ਅਤੇ ਬਹੁ-ਗਿਣਤੀ ਸਕੂਲਾਂ ਵਲੋਂ ਬੱਚਿਆਂ ਨੂੰ ਮਾਂ-ਬੋਲੀ ਤੋਂ ਵੱਖ ਕਰਕੇ ਉਨ੍ਹਾਂ ਦੀ ਜੜ੍ਹਾਂ ਨੂੰੰ ਖੌਖਲੀਆਂ ਕਰਨ ਦੇ ਰਸਤੇ ‘ਤੇ ਚੱਲ ਰਹੇ ਹਨ।ਸੂਬੇ ਦੇ ਬਹੁਤੇ ਨਿੱਜੀ ਸਕੂਲਾਂ ਅੰਦਰ ਪੰਜਾਬੀ ਬੋਲਣ ਦੀ ਮਨਾਹੀ ਹੈ ਅਤੇ ਜੇਕਰ ਕੋਈ ਅਣਜਾਣੇ ‘ਚ ਪੰਜਾਬੀ ਬੋਲਦਾ ਹੈ, ਤਾਂ ਉਸਨੂੰ ਭਾਰੀ ਜ਼ੁਰਮਾਨੇ ਕਰਨ ਦੀਆਂ ਵੀਡੀਓ ਸ਼ੌਸ਼ਲ ਮੀਡੀਆਂ ‘ਤੇ ਲਗਭਗ ਹਰ ਰੋਜ਼ ਵਾਇਰਲ ਹੁੰਦੀਆਂ ਹਨ। ਸੂਬੇ ਦੇ ਬਹੁਤੇ ਨਿੱਜੀ ਸਕੂਲ ਬੱਚਿਆਂ ਨੂੰ ਮੁੱਢਲੀ ਸਿੱਖਿਆ ਮਾਤ ਭਾਸ਼ਾ ਵਿੱਚ ਨਾ ਦੇ ਕੇ ਰਾਜ ਸਰਕਾਰ ਅਤੇ ਐੱਨਸੀਐੱਫ (ਰਾਸ਼ਟਰੀ ਪਾਠਕ੍ਰਮ ਯੋਜਨਾਬੰਦੀ) ਦੇ ਨਿਯਮਾਂ ਨੂੰ ਛਿੱਕੇ ਟੰਗੀਆਂ ਜਾ ਰਿਹਾ ਹੈ।ਬੇਸ਼ੱਕ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਵਾਉਣ ਲਈ ਸਮੇਂ-ਸਮੇਂ ‘ਤੇ ਫਰਮਾਨ ਜ਼ਰੂਰ ਜਾਰੀ ਕੀਤੇ ਜਾਂਦੇ ਹਨ, ਪਰ ਹਾਲੇ ਤੱਕ ਇੰਨ੍ਹਾਂ ਫਰਮਾਨਾਂ ਨੂੰ ਅਮਲੀ ਜਾਮਾਂ ਨਹੀਂ ਪਹਿਨਾਇਆ ਜਾ ਸਕਿਆ ਹੈ। ਹਾਲ ਦੀ ਘੜ੍ਹੀ ਸਿੱਖਿਆ ਵਿਭਾਗ ਵਲੋਂ ਵੀ ਸਕੂਲਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਬਹ-ਗਿਣਤੀ ਚਿੱਠੀ ਪੱਤਰ ਭੇਜ ਕੇ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਜਿਹਾ ਸਲੂਕ ਕੀਤਾ ਜਾ ਰਿਹਾ ਹੈ। 

ਇਸੇ ਤਰ੍ਹਾਂ ਜੇਕਰ ਸਰਕਾਰੀ ਅਤੇ ਨਿੱਜੀ ਖੇਤਰ ਦੇ ਦਫਤਰਾਂ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਪੰਜਾਬੀ ਭਾਸ਼ਾ ਆਪਣੀ ਹੋਂਦ ਕਿਧਰੇ ਗਾਇਬ ਹੁੰਦੀ ਨਜ਼ਰੀ ਪੈਂਦੀ ਹੈ।ਵਰਤਮਾਨ ਹਾਲਤਾਂ ਅੰਦਰ ਸਰਕਾਰੀ ਅਤੇ ਨਿੱਜੀ ਦਫਤਰਾਂ ਵਿੱਚ ਅੰਗਰੇਜ਼ੀ ਭਾਸ਼ਾ ਨੇ ਆਪਣਾ ਦਬਦਬਾ ਬਣਾਇਆ ਹੋਇਆ ਹੈ।ਸੂਬੇ ਦੇ ਸਰਕਾਰੀ ਅਤੇ ਨਿੱਜੀ ਦਫਤਰਾਂ ਦਾ ਜ਼ਿਆਦਾਤਰ ਕਾਗਜ਼ੀ ਕੰਮ-ਕਾਰ ਪੰਜਾਬੀ ਦੀ ਬਜਾਏ ਅੰਗਰੇਜ਼ੀ ਭਾਸ਼ਾ ਵਿੱਚ ਕੀਤੇ ਜਾਂਦੇ ਹਨ, ਜਿਸ ਤੋਂ ਪੰਜਾਬੀ ਸੂਬੇ ਅੰਦਰ ਹੀ ਪੰਜਾਬੀ ਭਾਸ਼ਾ ਦੀ ਤਰਸਯੋਗ ਸਥਿਤੀ ਬਾਖੂਬੀ ਬਿਆਨ ਹੁੰਦੀ ਹੈ। 

ਗੀਤਾਂ ਨੂੰ ਕਿਸੇ ਵੀ ਸੱਭਿਆਚਾਰ ਦਾ ਮੁਹਾਂਦਰਾ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਵਿੱਚੋਂ ਸੱਭਿਆਚਾਰ ਦੀ ਝਲਕ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ।ਸਾਡੇ ਅਜੌਕੇ ਗੀਤਾਂ ਵਿੱਚੋਂ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਦੀ ਮਹਿਕ ਗਾਇਬ ਹੋਣ ਲੱਗੀ ਹੈ ਅਤੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਸਾਡੇ ਗੀਤਾਂ ਦੀ ਸ਼ੈਲੀ ਅਤੇ ਪੱਧਰ ‘ਚ ਵਧੇਰੇ ਨਿਗਾਰ ਆਉਣ ਲੱਗਾ ਹੈ।ਅਜੌਕੇ ਸਮੇਂ ਜ਼ਿਆਦਾਤਰ ਗੀਤ ਜਿੱਥੇ ਸੱਭਿਆਚਾਰ ਦਾ ਘਾਣ ਕਰ ਰਹੇ ਹਨ, ਉੱਥੇ ਹੀ ਨੌਜਵਾਨਾਂ ਪੀੜ੍ਹੀ ਨੂੰ ਗਲ਼ਤ ਰਸਤੇ ‘ਤੇ ਧੱਕ ਰਹੇ ਹਨ। 

ਸੂਬੇ ਅੰਦਰ ਪੰਜਾਬੀ ਭਾਸ਼ਾ ਨਾਲ ਹੰੁਦੇ ਵਿਤਕਾਰੇ ਨੂੰ ਦੂਰ ਕਰਨ ਲਈ ਪੂਰੇ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਮਾਂ-ਬੋਲੀ ਨੂੰ ਬਚਉਣ ਲਈ ਸਖ਼ਤ ਕਦਮ ਚੁਕੀਏ, ਤਾਂ ਕਿ ਅਗਲੀ ਪੀੜੀ ਵੀ ਮਾਂ-ਬੋਲੀ ਦਾ ਨਿੱਘ ਮਾਣ ਸਕੇ। ਸਮੇਂ ਦੀ ਨਿਜ਼ਾਕਤ ਨੂੰ ਮੁੱਖ ਰੱਖਦਿਆਂ ਸਾਨੂੰ ਘਰੇਲੂ ਵਾਤਾਵਰਣ ਅਜਿਹਾ ਸਿਰਜਣਾ ਦੀ ਲੋੜ ਹੈ ਕਿ ਬੱਚੇ ਮਾਂ-ਬੋਲੀ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਵੱਲ ਅਕਰਸ਼ਿਤ ਹੋਣ।ਬੱਚੇ ਮਾਂ-ਬੋਲੀ ਦੀਆਂ ਗਹਿਰਾਈਆਂ ਸਕੂਲ ‘ਚੋਂ ਹੀ ਸਿੱਖਦਾ ਹੈ। ਇਸ ਲਈ ਆਪਣੇ ਬੱਚਿਆਂ ਲਈ ਅਜਿਹੇ ਸਕੂਲ ਦੀ ਚੋਣ ਕਰਨੀ ਚਾਹੀਦੀ ਹੈ, ਜੋ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜ ਕੇ ਹੋਰਨਾਂ ਭਾਸ਼ਾਵਾਂ ਦਾ ਗਿਆਨ ਵੀ ਦੇਣ।  ਅਜਿਹੇ ਸਕੂਲਾਂ ਵਿੱਚ ਦਾਖਲਾ ਕਰਵਾਉਣ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਜੋ ਸਿੱਖਿਆ ਦੇਣ ਸਮੇਂ ਮਾਂ-ਬੋਲੀ ਨੂੰ ਅੱਖੋਂ-ਪਰੋਖੇ ਕਰਦੇ ਹੋਣ।ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਮਾਂ-ਬੋਲੀ ਨੂੰ ਬਣਦਾ ਸਤਿਕਾਰ ਦਵਾਉਣ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।

ਇਹ ਵੀ ਸੱਚ ਹੈ ਕਿ ਸਾਨੂੰ ਵਰਤਮਾਨ ‘ਚ ਜੀਉਣ ਲਈ ਸਮੇਂ ਦੀ ਚਾਲ ਮੁਤਾਬਿਕ ਚੱਲਣਾ ਜ਼ਰੂਰੀ ਹੈ ਅਤੇ ਵਿਸ਼ਵੀਕਰਨ ਦੇ ਇਸ ਦੌਰ ‘ਚ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ।ਪਰ ਅਸੀਂ ਹੋਰਨਾਂ ਭਾਸ਼ਾਵਾਂ ਦਾ ਗਿਆਨ ਤਾਂ ਹੀ ਹਾਸਿਲ ਕਰ ਸਕਦੇ ਹਾਂ, ਜੇਕਰ ਮਾਂ-ਬੋਲੀ ਦੀਆਂ ਗਹਿਰਾਈਆਂ ਤੋਂ ਜਾਣੂ ਹੋਵਾਗੇ। ਇਸ ਲਈ ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਤੋਂ ਪਹਿਲਾਂ ਮਾਂ-ਬੋਲੀ ਸਿੱਖਣਾ ਜ਼ਰੂਰੀ ਹੈ। ਜੇਕਰ ਅਸੀਂ ਇਸੇ ਤਰ੍ਹਾਂ ਵਿਸ਼ਵੀਕਰਨ ਦੀ ਅੰਨ੍ਹੀ ਦੌੜ ‘ਚ ਭੱਜਦੇ ਹੋਏ ਮਾਂ-ਬੋਲੀ ਨੂੰ ਵਿਸਾਰਦੇ ਰਹੇ, ਤਾਂ ਉਹ ਸਮਾਂ ਬਹੁਤੀ ਦੂਰ ਨਹੀਂ ਜਦੋਂ ਸਾਡੀ ਆਉਣ ਵਾਲੀ ਪੀੜੀ ਦੇ ਲਈ “ਪੰਜਾਬੀ ਭਾਸ਼ਾ ਹੈ” ਦੀ ਬਜਾਏ “ਹੰੁਦੀ ਸੀ” ਹੋ ਜਾਵੇਗੀ।ਅਖਿਰ ਵਿੱਚ ਕਿਸੇ ਸ਼ਾਇਰ ਦਾ ਲਿਖਿਆਂ ਸਤਰ੍ਹਾਂ ਸੁਣ ਜਾਂ ਪੜ੍ਹ ਕੇ ਹਮੇਸ਼ਾ ਸ਼ਰਮਸ਼ਾਰ ਹੁੰਦੇ ਰਹਾਂਗੇ।

ਓਹਨੂੰ ਜੀਉਂਦੀ ਨੂੰ ਵਿੱਚ ਚਿਖਾ ਦੇ ਚਿਣ ਦਿੱਤਾ

ਕੋਲ ਬੈਠ ਕੇ ਸੀਵਾ ਅਸੀਂ ਸੇਕਦੇ ਰਹੇ, 

ਦਹਾਕਿਆਂ ਬਾਅਦ ਲਿਖੂ ਸਾਡਾ ਇਤਿਹਾਸ ਕੋਈ

ਮਾਂ-ਬੋਲੀ ਮਰਦੀ ਰਹੀ ਤੇ ਬੱਚੇ ਦੇਖਦੇ ਰਹੇ।

ਗੁਰਵਿੰਦਰ ਸਿੰਘ ਸਿੱਧੂ

—-ਸੀਨੀਅਰ ਪੱਤਰਕਾਰ—-

Read more