19 Apr 2021

ਖੇਤ ਦਿਵਸ ’ਤੇ ਫਸਲੀ ਰਹਿੰਦ-ਖੁਹੰਦ ਪ੍ਰਬੰਧਨ ਪ੍ਰੋਜੈਕਟ ਅਧੀਨ ਕਣਕ ਦੀ ਫ਼ਸਲ ਦਾ ਕੀਤਾ ਨਿਰੀਖਣ


*ਕਿਸਾਨਾਂ ਨੂੰ ਹਾੜੀਂ ਦੀਆਂ ਫ਼ਸਲਾਂ ਸਬੰਧੀ ਕਿਤਾਬਾਂ ਵੀ ਵੰਡੀਆਂ
ਸੰਗਰੂਰ, 24 ਫ਼ਰਵਰੀ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਲਾ ਪੱਧਰੀ ਅਦਾਰੇ ਕਿ੍ਰਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਬਲਾਕ ਸੁਨਾਮ ਦੇ ਪਿੰਡ ਨਮੋਲ ਵਿਖੇ ਆਈ. ਪੀ. ਐਸ. ਫਾਊਂਡੇਸ਼ਨ ਦੇ ਸਹਿਯੋਗ ਨਾਲ ਬਿਨਾ ਪਰਾਲੀ ਨੂੰ ਅੱਗ ਲਗਾਏ ਹੈਪੀਸੀਡਰ ਅਤੇ ਸੁਪਰਸੀਡਰ ਨਾਲ ਬੀਜੀ ਕਣਕ ਦਾ ਨਿਰੀਖਣ ਕਰ ਖੇਤ ਦਿਵਸ ਮਨਾਇਆ ਗਿਆ, ਜਿਸ ਵਿੱਚ ਪਿੰਡ ਦੇ ਕਰੀਬ 70 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਜਾਣਕਾਰੀ ਸਬੰਧੀ ਕਿਤਾਬਾਂ ਵੀ ਵੰਡੀਆਂ ਗਈਆਂ।
ਖੇਤ ਦਿਵਸ ਮੌਕੇ ਰੱਖੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਉਨਾਂ ਦੇ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਨੂੰ ਹੁਲਾਰਾ ਦੇਣ ਲਈ ਜਿਲਾ ਸੰਗਰੂਰ ਵਿੱਚ 250 ਤੋਂ ਵੱਧ ਪ੍ਰਦਰਸ਼ਨੀ ਪਲਾਟ ਲਗਵਾਏ ਗਏ ਹਨ। ਇਨਾਂ ਪ੍ਰਦਰਸ਼ਨੀਆਂ ਦਾ ਮੁੱਖ ਮਕਸਦ ਕਿਸਾਨਾਂ ਦੀ ਭਾਗੀਦਾਰੀ ਨਾਲ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾਉਣ ਜਾਂ ਸਾਂਭਣ ਲਈ ਪੀਏਯੂ, ਲੁਧਿਆਣਾ ਵੱਲੋਂ ਵਿਕਸਿਤ ਕੀਤੀਆਂ ਤਕਨੀਕਾਂ ਦਾ ਪ੍ਰਦਰਸ਼ਨ ਕਰਨਾ ਹੈ ਤਾਂ ਜੋ ਇਨਾਂ ਪ੍ਰਦਰਸ਼ਨੀਆਂ ਦੇ ਤਜ਼ਰਬੇ ਤੋਂ ਬਾਅਦ ਕਿਸਾਨ ਵੀਰ ਇਨਾਂ ਨੂੰ ਵੱਡੇ ਰਕਬੇ ਤੇ ਅਪਣਾ ਸਕਣ। ਉਨਾਂ ਦੱਸਿਆ ਕਿ ਸੁਪਰਸੀਡਰ ਮਸ਼ੀਨ ਨਾਲ ਝੋਨੇ ਦੇ ਕਰਚਿਆਂ ਨੂੰ ਮਿੱਟੀ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ ਜਦਕਿ ਹੈਪੀਸੀਡਰ ਤਕਨੀਕ ਵਿੱਚ ਪਰਾਲੀ ਨੂੰ ਮਲਚਿੰਗ ਵੱਜੋਂ ਵਰਤ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਇਨਾਂ ਦੋਵਾਂ ਮਸ਼ੀਨਾਂ ਦੀ ਵਰਤੋਂ ਤੋਂ ਪਹਿਲਾਂ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਵਾਲੀ ਕੰਬਾਈਨ ਤੋਂ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਪਰਾਲੀ ਨੂੰ ਖੇਤ ਵਿੱਚ ਸਾਂਭਣ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ।
ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀ:), ਡਾ. ਸੁਨੀਲ ਕੁਮਾਰ ਨੇ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਵਿਸਥਾਰ ਪੂਰਵਕ ਤਕਨੀਕੀ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਡਾ.  ਸਤਬੀਰ ਸਿੰਘ ਨੇ ਪਸ਼ੂਆਂ ਲਈ ਪਰਾਲੀ ਦੀ ਵਰਤੋਂ ਤੋਂ ਯੂਰੀਆ ਨਾਲ ਸੋਧ, ਪਰਾਲੀ ਦਾ ਅਚਾਰ, ਚਿੱਚੜਾਂ ਦੀ ਰੋਕਥਾਮ, ਗਲਘੋਟੂ ਰੋਗ, ਸਤੁੰਲਿਤ ਪਸ਼ੂ ਅਹਾਰ ਅਤੇ ਮਿਨਰਲ ਮਿਕਸਚਰ ਬਾਰੇ ਜਾਣਕਾਰੀ ਦਿੱਤੀ। ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ), ਡਾ. ਗੁਰਬੀਰ ਕੌਰ ਨੇ ਇਸ ਮੌਕੇ ਕਿਸਾਨਾਂ ਨੂੰ ਕਣਕ ਵਿੱਚ ਪੀਲੀ ਕੂੰਗੀ ਅਤੇ ਤੇਲੇ ਦੀ ਰੋਕਥਾਮ ਬਾਰੇ ਦੱਸਿਆ। ਖੇਤ ਦਿਵਸ ਉਪਰੰਤ ਅਗਾਂਹ ਵਧੂ ਕਿਸਾਨ ਤਰਸ਼ੇਮ ਸਿੰਘ ਦੇ ਖੇਤਾਂ ਵਿੱਚ ਪਰਾਲੀ ਨੂੰ ਖੇਤ ਵਿੱਚ ਹੀ ਸਾਂਭ ਕੇ ਸੁਪਰਸੀਡਰ ਨਾਲ ਬੀਜੀ ਕਣਕ ਦਾ ਮੁਆਇਨਾ ਕੀਤਾ ਗਿਆ। ਇਸ ਮੌਕੇ ਖੇਤੀ ਨੁਮਾਇਸ਼ ਲਗਾਈ ਗਈ ਅਤੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀਆਂ ਕਿਤਾਬਾਂ ਵੰਡੀਆਂ ਗਈਆਂ। ਸਬਜ਼ੀਆਂ ਦੀਆਂ ਵੇਲਾਂ ਅਤੇ ਮਿਰਚਾਂ ਦੀ ਪਨੀਰੀ ਦੀ ਵਿਕਰੀ ਵੀ ਕੀਤੀ ਗਈ।    

Read more