ਅਰਬਨ ਅਸਟੇਟ ਫੇਜ਼-2 ਦਾ ‘ਆਰਟ ਡੈਕੋਰੇਸ਼ਨ ਪਾਰਕ’ ਬਣਿਆ ਲੋਕਾਂ ਲਈ ਖਿਚ ਦਾ ਕੇਂਦਰ
-ਅਧਿਆਪਕ ਨਿਰਭੈ ਸਿੰਘ ਧਾਲੀਵਾਲ ਨੇ ਰਾਕ ਗਾਰਡਨ ਦੇ ਸਿਰਜਕ ਮਰਹੂਮ ਨੇਕ ਚੰਦ ਦੀ ਯਾਦ ਤਾਜਾ ਕਰਵਾਈ
-ਪੀਡੀਏ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਵੱਲੋਂ ਪਾਰਕ ਦੇ ਦੌਰੇ ਬਾਅਦ ਝੂਲੇ ਤੇ ਓਪਨ ਜਿੰਮ ਬਣਾਉਣ ਦਾ ਭਰੋਸਾ
ਪਟਿਆਲਾ, 5 ਜਨਵਰੀ:
ਪਟਿਆਲਾ ਦੇ ਅਰਬਨ ਅਸਟੇਟ ਫੇਜ਼-2, (ਨੇੜੇ ਸਾਧੂ ਬੇਲਾ ਰੋਡ) ਦਾ ‘ਆਰਟ ਡੈਕੋਰੇਸ਼ਨ ਪਾਰਕ’ ਅੱਜ-ਕੱਲ੍ਹ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚਣੋ (ਫ਼ਤਹਿਗੜ੍ਹ ਸਾਹਿਬ) ਦੇ ਮੁੱਖ ਅਧਿਆਪਕ ਨਿਰਭੈ ਸਿੰਘ ਧਾਲੀਵਾਲ ਨੇ ਆਪਣੀ ਸਿਰਜਣਾਤਮਕ ਤੇ ਸੁਹਜਾਤਮਕ ਰੁਚੀ ਸਦਕਾ ਕੋਵਿਡ ਲਾਕਡਾਊਨ ਦੇ ਸਮੇਂ ਦੀ ਸਦਵਰਤੋਂ ਕਰਕੇ ਇਸ ਬੇਜਾਨ ਪਾਰਕ ਨੂੰ ਇੱਕ ਨਵੀਂ ਤੇ ਕਲਾਤਮਕ ਦਿੱਖ ਪ੍ਰਦਾਨ ਕੀਤੀ ਹੈ। ਨਿਰਭੈ ਸਿੰਘ ਦੀ ਪ੍ਰਤੀਬੱਧਤਾ ਤੋਂ ਖੁਸ਼ ਹੁੰਦਿਆਂ ਪੀਡੀਏ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਸੁਰਭੀ ਮਲਿਕ ਨੇ ਅਥਾਰਟੀ ਵੱਲੋਂ ਇਸ ਪਾਰਕ ‘ਚ ਹੋਰ ਝੂਲੇ ਲਗਵਾਉਣ ਅਤੇ ਇੱਥੇ ਓਪਨ ਜਿੰਮ ਸਥਾਪਤ ਕਰਵਾਉਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਆਮ ਘਰਾਂ ‘ਚ ਕਬਾੜ ਦੇ ਰੂਪ ‘ਚ ਬੇਕਾਰ ਪਈਆਂ ਪੁਰਾਣੀਆਂ, ਟੁੱਟੀਆਂ-ਫੁੱਟੀਆਂ ਵਸਤਾਂ ‘ਚ ਨਵੀਂ ਰੂਹ ਫੂਕਦੇ ਹੋਏ ਇਨ੍ਹਾਂ ਨੂੰ ਨਵੀਂ ਤੇ ਕਲਾਤਮਕ ਦਿਖ ਪ੍ਰਦਾਨ ਕਰਕੇ ਇਸ ਪਾਰਕ ‘ਚ ਸਜਾਵਟ ਦੇ ਰੂਪ ‘ਚ ਵਰਤਿਆ ਹੈ। ਇਸ ਅਧਿਆਪਕ ਨੇ ਆਪਣੇ ਪੱਲਿਓਂ ਕਰੀਬ 40 ਹਜਾਰ ਰੁਪਏ ਖ਼ਰਚ ਕਰਕੇ ਚੰਡੀਗੜ੍ਹ ਦੇ ਰਾਕ ਗਾਰਡਨ ਨੂੰ ਸਿਰਜਣ ਵਾਲੇ ਮਰਹੂਮ ਨੇਕ ਚੰਦ ਦੀ ਯਾਦ ਪਟਿਆਲਾ ‘ਚ ਤਾਜਾ ਕਰਵਾ ਦਿੱਤੀ ਹੈ।
ਅਧਿਆਪਕ ਨਿਰਭੈ ਸਿੰਘ ਧਾਲੀਵਾਲ ਦੇ ਉਦਮ ਸਦਕਾ ਇਸ ਆਮ ਜਿਹੇ ਪਾਰਕ ਨੂੰ ਹੁਣ ‘ਆਰਟ ਡੈਕੋਰੇਸ਼ਨ ਪਾਰਕ’ ਵਜੋਂ ਜਾਣਿਆ ਜਾਣ ਲੱਗਾ ਹੈ ਤੇ ਇਲਾਕੇ ਦੇ ਵਸਨੀਕਾਂ ਸਮੇਤ ਦੂਰ-ਦੁਰਾਡੇ ਤੋਂ ਲੋਕ ਇੱਥੇ ਜਿੱਥੇ ਸੈਰ ਕਰਨ ਪੁੱਜਦੇ ਹਨ, ਉਥੇ ਹੀ ਇਥੇ ਆਪਣੀਆਂ ਤਸਵੀਰਾਂ ਖਿਚਵਾ ਕੇ ਵੀ ਖੁਸ਼ੀ ਮਹਿਸੂਸ ਕਰਦੇ ਹਨ। ਇਹ ਪਾਰਕ ਹਰ ਉਮਰ ਵਰਗ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਤਾਂ ਹੈ ਹੀ ਬਲਕਿ ਛੋਟੇ ਬੱਚਿਆਂ ਨੂੰ ਇੱਕ ਵਿਸ਼ੇਸ਼ ਖੁਸ਼ੀ ਵੀ ਪ੍ਰਦਾਨ ਕਰਦਾ ਹੈ।
ਪੀਡੀਏ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਸੁਰਭੀ ਮਲਿਕ ਜੋ ਕਿ ਕੱਲ੍ਹ ਇਸ ਪਾਰਕ ਬਾਰੇ ਸੁਣਕੇ ਵਿਸ਼ੇਸ਼ ਤੌਰ ‘ਤੇ ਇੱਥੇ ਜਾਇਜ਼ਾ ਲੈਣ ਪੁੱਜੇ, ਨੇ ਅਧਿਆਪਕ ਨਿਰਭੈ ਸਿੰਘ ਧਾਲੀਵਾਲ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਪਾਰਕ ਦੀ ਉਦਾਹਰਣ ਤੋਂ ਪ੍ਰੇਰਣਾ ਲੈਕੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁੱਥਰਾ ਰੱਖਣ ਲਈ ਅੱਗੇ ਆਉਣ। ਸ੍ਰੀਮਤੀ ਮਲਿਕ ਨੇ ਭਰੋਸਾ ਦਿੱਤਾ ਕਿ ਪੀਡੀਏ ਵੱਲੋਂ ਇਸ ਪਾਰਕ ਨੂੰ ਹੋਰ ਸਜਾਉਣ ਹਿਤ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਆਪਣੇ ਸਕੂਲ ਨੂੰ ਵੀ ਇਸੇ ਤਰ੍ਹਾਂ ਸਜਾਉਣ ਵਾਲੇ ਨਿਰਭੈ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਜਦੋਂ ਸਕੂਲ ਬੰਦ ਹੋ ਗਏ ਤੇ ਲੋਕ ਆਪਣੇ ਘਰਾਂ ‘ਚ ਬੰਦ ਹੋ ਗਏ ਤਾਂ ਉਨ੍ਹਾਂ ਨੇ ਆਪਣੇ ਘਰ ਦੇ ਨਾਲ ਲੱਗਦੇ ਪਾਰਕ ਨੂੰ ਕੁਝ ਬੇਕਾਰ ਪਈਆਂ ਵਸਤਾਂ ਨਾਲ ਸਜਾਉਣਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਉਨ੍ਹਾਂ ਨੇ ਟੁੱਟੀਆਂ ਬੋਤਲਾਂ, ਫਿਊਜ਼ ਹੋਏ ਬਲਬ, ਪੁਰਾਣੇ ਤੇ ਬੇਕਾਰ ਪਏ ਚਰਖੇ, ਟਾਇਰ, ਤੱਸਲੇ, ਚੁੱਲ੍ਹੇ, ਲੱਕਣ, ਸਾਇਕਲ, ਲੋਹੇ ਦਾ ਪੁਰਾਣਾ ਸਮਾਨ, ਛੱਤਰੀਆਂ, ਟੁੱਟਿਆ ਹੋਇਆ ਡਰੈਸਿੰਗ ਟੇਬਲ, ਪੁਰਾਣੀਆਂ ਜੀਨਾਂ, ਕੱਪੜੇ, ਟੈਡੀਬੀਅਰ, ਸ਼ੀਸੇ, ਫਰੇਮ, ਜੁੱਤੇ, ਰੰਗ ਵਾਲੇ ਬਰੱਸ਼, ਪਾਣੀ ਵਾਲੀ ਟੈਂਕੀ, ਘੜੇ, ਦੀਵੇ, ਬਿਜਲੀ ਦਾ ਸਮਾਨ ਆਦਿ ਨੂੰ ਵਰਤਕੇ ਇਨ੍ਹਾਂ ਨੂੰ ਰੰਗ ਪੇਂਟ ਕਰਕੇ ਨਵਾਂ ਰੂਪ ਦਿੱਤਾ ਅਤੇ ਇਸ ਪਾਰਕ ‘ਚ ਸਜਾ ਦਿੱਤਾ।
ਅਧਿਆਪਕ ਧਾਲੀਵਾਲ, ਜੋਕਿ ਖ਼ੁਦ ਰੰਗਕਰਮੀ ਵੀ ਹਨ ਤੇ ਕਾਫੀ ਸਮੇਂ ਤੋਂ, ‘ਯਾਰ ਜਿਗਰੀ, ਕਸੂਤੀ ਡਿਗਰੀ’ ਨਾਮ ਦੀ ਪੰਜਾਬੀ ਵੈਬ ਸੀਰੀਜ ਤੇ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਜੋਬਨ ਓਪਨ ਏਅਰ ਥੀਏਟਰ ਚਲਾ ਕੇ ਨੌਜਵਾਨਾਂ ਨੂੰ ਕਲਾਮੰਚ ਦੀ ਸਿਖਲਾਈ ਵੀ ਦਿੰਦੇ ਹਨ, ਦੇ ਵਿਦਿਆਰਥੀ ਜਸ਼ਨ ਸ਼ਰਮਾ ਤੇ ਰਵਿੰਦਰ ਸ਼ਰਮਾ ਆਦਿ ਵੀ ਇਸ ਕੰਮ ‘ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਾਂ ਇਲਾਕੇ ਦੇ ਲੋਕ ਖ਼ੁਦ ਹੀ ਪੁਰਾਣਾ ਤੇ ਖਾਸ ਕਰਕੇ ਦਿਵਾਲੀ ਤੋਂ ਪਹਿਲਾਂ ਸਾਫ-ਸਫਾਈ ਕਰਕੇ ਘਰਾਂ ‘ਚੋਂ ਨਿਕਲਿਆ ਸਮਾਨ ਇੱਥੇ ਰੱਖ ਜਾਂਦੇ ਹਨ, ਜਿਸ ਨੂੰ ਉਹ ਇਸ ਪਾਰਕ ਦੀ ਸਜਾਵਟ ਲਈ ਵਰਤ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਇਹ ਇੱਕ ਲੋਕ ਲਹਿਰ ਬਣ ਗਈ ਹੈ ਅਤੇ ਲੋਕ ਵੀ, ਜਿੱਥੇ ਇਸ ਦੀ ਪ੍ਰਸ਼ੰਸਾ ਕਰਦੇ ਹਨ, ਉਥੇ ਇਸ ਕੰਮ ‘ਚ ਉਨ੍ਹਾਂ ਦਾ ਸਾਥ ਵੀ ਦੇਣ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪਾਰਕ ਦਾ ਆਰਟ ਡੈਕੋਰੇਸ਼ਨ ਦੇ ਨਾਮ ਹੇਠ ਇੰਸਟਾਗ੍ਰਾਮ ਅਕਾਊਂਟ ਵੀ ਚਲਾ ਰਹੇ ਹਨ।