ਰੱਖੜੀ ਵਾਲੇ ਦਿਨ ਚੰਡੀਗੜ੍ਹ ਵਿਚ ਦੋ ਕੁੜੀਆਂ ਦਾ ਕਤਲ- -ਦੋਵੇਂ ਭੈਣਾਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਸਨ


ਪੰਜਾਬਅੱਪਡੇਟ ਬਿਊਰੋ
ਚੰਡੀਗੜ੍ਹ, 15 ਅਗਸਤ
ਰੱਖੜੀ ਦੇ ਤਿਉਹਾਰ ਵਾਲੇ ਦਿਨ ਚੰਡੀਗੜ੍ਹ ਦੇ ਸੈਕਟਰ-22 ਵਿਚ ਰਹਿਣ ਵਾਲੀਆਂ ਦੋ ਭੈਣਾਂ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਦੋਵੇਂ ਕੁੜੀਆਂ ਮਨਪ੍ਰੀਤ ਕੌਰ ਅਤੇ ਰਾਜਵੰਤ ਕੌਰ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਇੱਥੇ ਕਿਰਾਏ ਦੇ ਮਕਾਨ ਵਿਚ ਰਹਿ ਰਹੀਆਂ ਸਨ ਅਤੇ ਪਿੱਛੋਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਨਾਲ ਸਬੰਧਿਤ ਸਨ। ਮਿਲੀ ਜਾਣਕਾਰੀ ਮੁਤਾਬਕ ਭੇਦਭਰੀ ਹਾਲਤ ਵਿਚ ਕਤਲ ਕੀਤੀਆਂ ਦੋਵੇਂ ਕੁੜੀਆਂ ਜ਼ੀਰਕਪੁਰ ਦੀ ਇੱਕ ਕੈਮੀਕਲ ਫੈਕਟਰੀ ਵਿਚ ਕੰਮ ਕਰਦੀਆਂ ਸਨ। 

ਕਤਲ ਦੀ ਸੂਚਨਾ ਮਿਲਦੇ ਹੀ ਘਟਨਾ ਸਥਾਨ ਉਤੇ ਪਹੁੰਚੀ ਚੰਡੀਗੜ੍ਹ ਦੀ ਐਸਐਸਪੀ ਨੀਲਾਂਬਰੀ ਵਿਜੈ ਜਗਦਲੇ ਨੇ ਮੁੱਢਲੀ ਜਾਂਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਵੇਂ ਕੁੜੀਆਂ ਆਪਸ ਵਿਚ ਭੈਣਾਂ ਸਨ ਅਤੇ ਪਿਛਲੇ 3 ਸਾਲਾਂ ਤੋਂ ਇਸੇ ਘਰ ਵਿਚ ਕਿਰਾਏ ਉਤੇ ਰਹਿ ਰਹੀਆਂ ਸਨ। ਇਨ੍ਹਾਂ ਦੇ ਕਤਲ ਬਾਰੇ ਅੱਜ ਪੁਲਿਸ ਨੂੰ ਬਾਅਦ ਦੁਪਹਿਰ ਸੂਚਨਾ ਮਿਲੀ। ਕਤਲਾਂ ਨੇ ਦੋਵੇਂ ਕੁੜੀਆਂ ਦੀ ਹੱਤਿਆ ਕਰਨ ਲਈ ਤੇਜ਼ ਤੇ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਅਤੇ ਆਸਪਾਸ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਉਤੇ ਕੁੱਝ ਸ਼ੱਕੀ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ। ਅਸੀਂ ਉਨ੍ਹਾਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਲਈ ਟੀਮਾਂ ਬਣਾ ਕੇ ਉਨ੍ਹਾਂ ਦੇ ਪਤਿਆਂ ਉਤੇ ਭੇਜ ਦਿੱਤੀਆਂ ਹਨ ਤਾਂ ਕਿ ਉਨ੍ਹਾਂ ਦੀ ਜੁਰਮ ਵਿਚ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਸਕੇ। ਇਸੇ ਦੇ ਇਲਾਵਾ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ਼ ਵੀ ਪੁਲਿਸ ਵਲੋਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਐਸਐਸਪੀ ਨੇ ਦੱਸਿਆ ਕਿ ਇੰਜ ਲੱਗ ਰਿਹਾ ਹੈ ਕਿ ਜਿਵੇਂ ਕਤਲ ਦੀ ਘਟਨਾ ਕਲ੍ਹ ਰਾਤ ਦੋ ਹੋਵੇ ਅਤੇ ਕਤਲ ਸਵੇਰੇ ਲਗਭਗ 4 ਵਜੇ ਦੇ ਕਰੀਬ ਕੀਤੇ ਗਏ ਹੋਣ ਪ੍ਰੰਤੂ ਘਟਨਾ ਦਾ ਪਤਾ ਅੱਜ ਬਾਅਦ ਦੁਪਹਿਰ ਲੱਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਸੂਚਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਆਉਣ ਉਤੇ ਹੀ ਹੋਰ ਸੱਚਾਈ ਸਾਹਮਣੇ ਆ ਸਕੇਗੀ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਨੇ ਦੱਸਿਆ ਕਿ ਕਾਤਲਾਂ ਦਾ ਜਲਦ ਹੀ ਪਤਾ ਲਗਾ ਲਿਆ ਜਾਵੇਗਾ ਅਤੇ ਹੁਣ ਤੱਕ ਮਿਲੇ ਸ਼ੱਕੀ ਸਬੂਤਾਂ ਦੇ ਆਧਾਰ ਉਤੇ ਕਾਤਲ ਪੁਲਿਸ ਜਲਦ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।  

Read more