ਤ੍ਰਿਪਤ ਬਾਜਵਾ ਵਲੋਂ ਸਰਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ‘ਸ਼ਹੀਦੀ ਸਾਤੇ’ ਦੌਰਾਨ ਨੱਚਣ-ਗਾਉਣ ਦਾ ਕੋਈ ਪ੍ਰੋਗਰਾਮ ਨਾ ਰੱਖਣ ਦੀ ਹਿਦਾਇਤ

ਚੰਡੀਗੜ, 28 ਦਸੰਬਰ: ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਜਾਬ ਦੀਆਂ ਸਾਰੀਆਂ ਸਟੇਟ ਯੂਨੀਵਰਸਿਟੀਆਂ ਤੇ ਸਰਕਾਰੀ ਕਾਲਜਾਂ ਦੇ ਅਧਿਕਾਰੀਆਂ ਨੂੰ ਹਿਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਦਸਮ ਪਾਤਸ਼ਾਹ ਦੇ ਚਾਰ ਸਾਬਿਜ਼ਾਦਿਆਂ ਅਤੇ ਮਾਤਾ ਗੁਜ਼ਰੀ ਵਲੋਂ ਦੇਸ਼-ਕੌਮ ਲਈ ਦਿੱਤੀਆਂ ਸ਼ਹਾਦਤਾਂ ਦੇ ਦਿਨਾਂ ਵਿਚ ਕਿਸੇ ਵੀ ਕਿਸਮ ਦੇ ਜਸ਼ਨ ਮਨਾਉਣ ਜਾਂ ਨੱਚਣ-ਗਾਉਣ ਦੇ ਪ੍ਰੋਗਰਾਮ ਨਾ ਰੱਖਿਆ ਕਰਨ। ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ”ਸ਼ਹੀਦੀ ਸਾਤੇ” ਦੇ ਤੌਰ ਉੱਤੇ ਜਾਣੇ ਜਾਂਦੇ ਇਹਨਾਂ ਦਿਨਾਂ ਵਿਚ ਪੂਰੇ ਸਿੱਖ ਜਗਤ ਵਿਚ ਸੋਗ ਦੀ ਲਹਿਰ ਛਾਈ ਹੁੰਦੀ ਹੈ, ਇਸ ਲਈ ਦਸੰਬਰ ਦੇ ਅਖ਼ੀਰ ਵਿਚ ਆਉਣ ਵਾਲੇ ਇਸ ਹਫ਼ਤੇ ਵਿਚ ਕਿਸੇ ਵੀ ਕਿਸਮ ਦੇ ਜਸ਼ਨ ਮਨਾਉਣੇ ਸ਼ੋਭਦੇ ਨਹੀਂ ਹਨ।

ਸ਼੍ਰੀ ਬਾਜਵਾ ਨੇ ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਦਸਮ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਚਮਕੌਰ ਸਾਹਿਬ ਦੇ ਮੈਦਾਨ ਅੰਦਰ ਮੁਗਲਾਂ ਦੇ ਟਿੱਡੀ ਦਲ ਨਾਲ ਲੜਦਿਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ ਉਸ ਤੋਂ ਦੋ ਦਿਨ ਬਾਅਦ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹਿੰਦ ਵਿਖੇ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀਆਂ ”ਨਿੱਕੀਆਂ ਜਿੰਦਾਂ” ਵਲੋਂ ਕੀਤੇ ਗਏ ”ਵੱਡੇ ਸਾਕੇ” ਦੀ ਦੁਨੀਆਂ ਵਿਚ ਕਿਧਰੇ ਵੀ ਕੋਈ ਮਿਸਾਲ ਨਹੀਂ ਮਿਲਦੀ। ਸ਼੍ਰੀ ਬਾਜਵਾ ਨੇ ਕਿਹਾ ਕਿ ਇਹਨਾਂ ਮਹਾਨ ਅਤੇ ਲਾਮਿਸਾਲ ਕੁਰਬਾਨੀਆਂ ਨਾਲ ਨਾ ਸਿਰਫ਼ ਸਿੱਖ ਪੰਥ ਬਲਕਿ ਪੂਰੇ ਪੰਜਾਬੀ ਜਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਇਸ ਲਈ ਇਹਨਾਂ ਭਾਵਨਾਵਾਂ ਨੂੰ ਮਹਿਸੂਸਦਿਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਲਿਖਤੀ ਹਿਦਾਇਤ ਕੀਤੀ ਜਾ ਰਹੀ ਹੈ ਕਿ ਇਸ ”ਸ਼ਹੀਦੀ ਸਾਤੇ” ਦੌਰਾਨ ਵਿਦਿਅਕ ਅਦਾਰਿਆਂ ਵਿਚ ਕੋਈ ਜਸ਼ਨ ਨਾ ਮਨਾਏ ਜਾਇਆ ਕਰਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਹਨਾਂ ਦਿਨਾਂ ਅੰਦਰ ਹੋ ਰਹੇ ਉੱਤਰੀ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਸਬੰਧੀ ਸ਼੍ਰੀ ਬਾਜਵਾ ਨੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀਆਂ ਨੇ ਦਸਿਆ ਹੈ ਕਿ ਇਸ ਯੁਵਕ ਮੇਲੇ ਦੀਆਂ ਤਾਰੀਖਾਂ ਦਾ ਫ਼ੈਸਲਾ ਕੇਂਦਰ ਸਰਕਾਰ ਵਲੋਂ ਇੱਕ ਸਾਲ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪਰ ਯੂਨੀਵਰਸਿਟੀ ਅਧਿਕਾਰੀਆਂ ਨੂੰ ਹਿਦਾਇਤ ਕਰ ਦਿੱਤੀ ਗਈ ਹੈ ਕਿ ਉਹ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲਿਆਂ ਨੂੰ ਇਹ ਜਾਣਕਾਰੀ ਦੇ ਦੇਣ ਕਿ ਇਹਨਾਂ ਦਿਨਾਂ ਵਿਚ ਕੋਈ ਵੀ ਪ੍ਰੋਗਰਾਮ ਨਾ ਰੱਖਿਆ ਕਰਨ।

ਸ਼੍ਰੀ ਬਾਜਵਾ ਨੇ ਨਿੱਜੀ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਨੂੰ ਵੀ ਕਿਹਾ ਹੈ ਕਿ ਉਹ ਵੀ ਇਹਨਾਂ ਦਿਨਾਂ ਵਿਚ ਜਸ਼ਨਾਂ ਦਾ ਕੋਈ ਪ੍ਰੋਗਰਾਮ ਨਾ ਰੱਖਿਆ ਕਰਨ।

Read more