ਅਮਰੀਕੀ ਸੈਨੇਟ ਨੇ ਸਿਰਸਾ ਵੱਲੋਂ ਸਿੱਖੀ ਲਈ ਕੀਤੇ ਜਾ ਰਹੀ ਸੇਵਾ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 28 ਦਸੰਬਰ : ਸਿੱਖੀ ਦੀ ਸੇਵਾ ਦੇ ਮਾਮਲੇ ਵਿਚ ਨਵਾਂ ਇਤਿਹਾਸ ਕਾਇਮ ਹੋਇਆ ਜਦੋਂ ਅਮਰੀਕਾ ਦੀ ਸੈਨੇਟ ਨੇ ਸਿੱਖ ਧਰਮ ਦੀ ਸੇਵਾ ਕਰਦਿਆਂ ਭਾਈਚਾਰੇ ਲਈ ਦਿਨ ਰਾਤ ਡੱਟ ਕੇ ਕੰਮ ਕਰਨ ਅਤੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿਣ  ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਦੀ ਭਰਵੀਂ ਸ਼ਲਾਘਾ ਕੀਤੀ ਹੈ।

ਅਮਰੀਕੀ ਸੈਨੇਟ ਨੇ ਇਸ ਬਾਬਤ ਇਕ ਮਤਾ ਵੀ ਪਾਸ ਕੀਤਾ ਹੈ ਜਿਸ ਵਿਚ ਇਹ ਸ਼ਲਾਘਾ ਕੀਤੀ ਗਈ ਹੈ। ਇਸ ਬਾਰੇ ਅਮਰੀਕਾ ਦੇ ਸੈਨੇਟਰ ਟੋਡ ਯੰਗ ਦਾ ਇਕ ਪੱਤਰ ਅੱਜ ਪ੍ਰਵਾਸੀ ਭਾਰਤੀ ਗੁਰਿੰਦਰ ਸਿੰਘ ਖਾਲਸਾ ਵੱਲੋਂ ਸ੍ਰ ਮਨਜਿੰਦਰ ਸਿੰਘ ਸਿਰਸਾ ਨੂੰ ਸੌਂਪਿਆ ਗਿਆ। ਪੱਤਰ ਵਿਚ ਯੰਗ ਨੇ ਲਿਖਿਆ ਹੈ ਕਿ ਅਸੀਂ ਭਾਈਚਾਰੇ ਦੀ ਦ੍ਰਿੜ•ਤਾ ਨਾਲ ਸੇਵਾ ਕਰਨ  ਅਤੇ ਲੋੜਵੰਦਾਂ ਦੀ ਮੌਕੇ ‘ਤੇ ਮਦਦ ਕਰਨ ਲਈ ਤਤਪਰ ਰਹਿਣ ਦੀ ਸ਼ਲਾਘਾ ਕਰਦੇ ਹਾਂ।  ਅਸੀਂ  ਆਪ ਵੱਲੋਂ ਦੁਨੀਆਂ ਭਰ ਵਿਚ ਖਾਸ ਤੌਰ ‘ਤੇ ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿਚ ਸਿੱਖ ਭਾਈਚਾਰੇ ਦੀ ਸੇਵਾ ਤੇ ਉਹਨਾਂ ਦੀ ਨਿਰੰਤਰ ਮਦਦ ਲਈ ਵਿਖਾਈ ਦਿਲਚਸਪੀ ‘ਤੇ ਤੁਹਾਡੇ ਧੰਨਵਾਦੀ ਹਾਂ।

ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨਫਰੰਸ ਹਾਲ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਪੱਤਰ ਸੌਂਪਦਿਆਂ ਸ੍ਰੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸੈਨੇਟ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਜੋ ਵੀ ਸਮਾਗਮ ਪੂਰੀ ਦੁਨੀਆਂ ਵਿਚ ਕੀਤੇ ਗਏ ਤੇ ਜਿਹਨਾਂ ਨੇ ਇਸ ਲਈ ਉਦਮ ਕੀਤੇ, ਉਸਦੀ ਸ਼ਲਾਘਾ ਕੀਤੀ ਹੈ।  ਉਹਨਾਂ ਕਿਹਾ ਕਿ ਸ੍ਰੀ ਸਿਰਸਾ ਨੇ ਪੂਰੀ ਲਗਨ ਨਾਲ ਭਾਈਚਾਰੇ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਨਾ ਸਿਰਫ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਬਲਕਿ ਗੁਰੂ ਸਾਹਿਬਾਨ ਦਾ ਸੰਦੇਸ਼ ਪੰਜਾਬੀ ਦੇ ਨਾਲ ਨਾਲ ਹਿੰਦੀ  ਅਤੇ ਹੋਰ ਭਾਸ਼ਾਵਾਂ ਵਿਚ ਸੋਸ਼ਲ ਮੀਡੀਆ ‘ਤੇ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਹਨਾਂ ਕਿਹਾ ਕਿ ਬਿਨਾਂ ਸ਼ੱਕ ਇਹਨਾਂ ਦੇ ਨਿਰੰਤਰ ਯਤਨ ਤੇ ਉਦਮ ਲਈ ਸ੍ਰੀ ਸਿਰਸਾ ਵਧਾਈ ਦੇ ਪਾਤਰ ਹਨ।

ਇਸ ਮੌਕੇ ਸ੍ਰੀ ਸਿਰਸਾ ਨੇ ਇਸ ਮਾਣ ਸਤਿਕਾਰ ਲਈ ਸ੍ਰੀ ਖਾਲਸਾ ਤੇ ਅਮਰੀਕੀ ਸੈਨੇਟਰ ਟੋਡ ਯੰਗ ਦਾ ਧੰਨਵਾਦ ਕਰਦਿਆਂ ਆਖਿਆ ਕਿ ਗੁਰੂ ਸਾਹਿਬਾਨ ਦੀ ਅਪਾਰ ਬਖਸ਼ਿਸ਼ ਹੈ ਕਿ ਸਿੱਖ ਭਾਈਚਾਰੇ ਨੇ ਸਾਰੀ ਦੁਨੀਆਂ ਵਿਚ ਆਪਣਾ ਨਾਂ ਕਮਾਇਆ ਹੈ ਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਪ੍ਰਚਾਰ ਤੇ ਪ੍ਰਸਾਰਨ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਗੁਰਿੰਦਰ ਸਿੰਘ ਖਾਲਸਾ ਦੀ ਬਤੌਲਤ ਇੰਡੀਆਨਾ ਸਟੇਟ ਵਿਚ ਸਿੱਖੀ ਦੇ ਸਥਾਪਨਾ ਦਿਵਸ ਵਿਸਾਖੀ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਵਸ ਨੂੰ ਸਰਕਾਰੀ ਪੁਰਬਾਂ ਵਾਲੇ ਦਿਨ ਐਲਾਨਿਆ ਗਿਆ ਹੈ ਜੋ ਸਾਰੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

ਉਹਨਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿਚ ਕੋਈ ਵੀ ਅਜਿਹਾ ਪੁਰਬ ਨਹੀਂ ਮਨਾਇਆ ਗਿਆ ਜਿੰਨੀ ਵੱਡੀ ਪੱਧਰ ‘ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਪਿੱਛੇ ਇਕ ਵੱਡਾ ਕਾਰਨ ਗੁਰਿੰਦਰ ਸਿੰਘ ਖਾਲਸਾ ਵਰਗੀਆਂ ਸ਼ਖਸੀਅਤਾਂ ਹਨ ਜਿਹਨਾਂ ਨੇ ਆਪਣੇ ਨਿੱਜੀ ਸਰੋਤਾਂ ਵਿਚੋਂ ਆਪਣੇ ਪਰਿਵਾਰ ਵਾਸਤੇ ਨਹੀਂ ਬਲਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਖਰਚਾ ਕੀਤਾ ਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਯਤਨ ਕੀਤਾ ਹੈ। ਉਹਨਾਂ ਦੱਸਿਆ ਕਿ ਖਾਲਸਾ ਅਜਿਹੇ ਨਾਗਰਿਕ ਹਨ ਜਿਹਨਾਂ ‘ਤੇ ਸਰਕਾਰ ਨੇ ਦਸਤਾਵੇਜ਼ੀ ਫਿਲਮ ਬਣਾਈ ਹੈ। ਇਸ ਤੋਂ ਉਹਨਾਂ ਦੀ ਸ਼ਖਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ 2007 ਵਿਚ ਜਦੋਂ ਖਾਲਸਾ ਨੂੰ ਦਸਤਾਰ ਕਾਰਨ ਹਵਾਈ ਜਹਾਜ਼ ਵਿਚ ਸਵਾਰ ਨਹੀਂ ਹੋਣ ਦਿੱਤਾ ਗਿਆ ਤਾਂ ਉਹਨਾਂ ਨੇ 67000 ਲੋਕਾਂ ਨੂੰ ਆਪਣੇ ਨਾਲ ਜੋੜਿਆ ਤੇ ਇਹ ਮਾਮਲਾ ਅਮਰੀਕੀ ਕਾਂਗਰਸ ਕੋਲ ਉਠਾਇਆ। ਇਸ ਉਪਰੰਤ ਟਰਾਂਸਪੋਰਟੇਸ਼ਨ ਐਂਡ ਸਕਿਓਰਿਟੀ ਐਡਮਨਿਸਟਰੇਸ਼ਨ (ਟੀ ਐਸ ਏ) ਨੇ ਸਿੱਖ ਭਾਈਚਾਰੇ ਆਪਣੀ ਨੀਤੀ ਵਿਚ ਵੱਡੀ ਤਬਦੀਲੀ ਲਿਆਂਦੀ ਤੇ ਦਸਤਾਰ ਸਮੇਤ ਸਫਰ ਦੀ ਨੀਤੀ ਪ੍ਰਵਾਨ ਕੀਤੀ।

ਸ੍ਰੀ ਸਿਰਸਾ ਨੇ ਇਸ ਮੌਕੇ ਐਲਾਨ ਕੀਤਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੀ ਗੁਰਿੰਦਰ ਸਿੰਘ ਖਾਲਸਾ ‘ਤੇ ਫਿਲਮ ਬਣਾਏਗੀ। ਉਹਨਾਂ ਦੱਸਿਆ ਕਿ ਖਾਲਸਾ ਦੇ ਨਾਲ ਹੀ ਹੋਰ ਜਿੰਨੀਆਂ ਵੀ ਅਮਰੀਕੀ ਸ਼ਖਸੀਅਤਾਂ ਨੇ ਸਿੱਖੀ ਲਈ ਕੰਮ ਕੀਤਾ, ਉਹਨਾਂ ‘ਤੇ ਦਸਤਾਵੇਜ਼ੀ ਫਿਲਮ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਅਸੀਂ ਕੈਪਸੂਲ ਗਿੱਲ ਦੇ ਨਾਂ ਨਾਲ ਮਸ਼ਹੂਰ ਸ਼ਖਸੀਅਤ ‘ਤੇ ਫਿਲਮ ਬਣਾਈ ਸੀ ਜਿਹਨਾਂ 30 ਸਾਲ ਪਹਿਲਾਂ ਬਿਹਾ ਵਿਚ ਕੋਲੇ ਦੀ ਖਾਣ ਵਿਚੋਂ 100 ਲੋਕ ਕੱਢੇ ਸਨ।

ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਮਰੈਨ ਤਰਲੋਚਨ ਸਿੰਘ ਨੇ ਗੁਰਿੰਦਰ ਸਿੰਘ ਖਾਲਸਾ ਦੇ ਜੀਵਨ ‘ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਗੁਰਿੰਦਰ ਸਿੰਘ ਖਾਲਸਾ  ਸ਼ਾਹਬਾਦ ਮਾਰਕੰਡਾ ਦੇ ਨੇੜੇ ਹਰਦੋਈ ਦੇ ਰਹਿਣ ਵਾਲੇ ਹਨ ਜਿਹਨਾਂ ਦੇ ਪਿਤਾ ਕਿਸਾਨ ਸਨ ਤੇ ਪਿਤਾ ਦੀ 2009 ਵਿਚ ਮੌਤ ਹੋਣ ਤੋਂ ਬਾਅਦ ਉਹਨਾਂ ਨੇ ਨਿਹੰਗ ਸਿੰਘ  ਵਾਲਾ ਬਾਣਾ ਅਪਣਾ ਲਿਆ ਸੀ ਕਿਉਂਕਿ ਉਹਨਾਂ ਦੇ ਪਿਤਾ ਦਾ ਅਜਿਹੀ ਬਾਣਾ ਸੀ।

Read more