13 Jun 2021
Punjabi Hindi

ਮੋਦੀ ਸਰਕਾਰ ਦੇ ਹੱਥ ‘ਚ ਹਨ ਸ਼ਾਹੀ ਪਰਿਵਾਰ ਅਤੇ ਬਾਦਲਾਂ ਦੀਆਂ ਦੁਖਦੀਆਂ ਰਗਾਂ- ਹਰਪਾਲ ਚੀਮਾ

ਚੰਡੀਗੜ੍ਹ, 19 ਸਤੰਬਰ 2020: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਾਦਲ ਪਰਿਵਾਰ ਨੂੰ ‘ਡਰਾਮੇਬਾਜ਼ੀ’ ਕਰਾਰ ਦਿੰਦਿਆਂ ਦੋਸ਼ ਲਗਾਇਆ ਹੈ। ਬਾਦਲ ਪਰਿਵਾਰ ਅੰਦਰਖਾਤੇ ਭਾਜਪਾ ਨਾਲ ਇੱਕ-ਮਿੱਕ ਹੈ ਅਤੇ ਹਮੇਸ਼ਾ ਰਹੇਗਾ ਬੇਸ਼ੱਕ ਅਸਤੀਫ਼ੇ ਵਾਂਗ ਗੱਠਜੋੜ ਤੋੜਨ ਦਾ ਡਰਾਮਾ ਵੀ ਕਿਉਂ ਨਾ ਕਰ ਲੈਣ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਦੇ ਟੱਬਰ ਅਤੇ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਦੀਆਂ ਸਾਰੀਆਂ ਦੁਖਦੀਆਂ ਰਗਾਂ ਮੋਦੀ ਸਰਕਾਰ ਦੇ ਹੱਥ ‘ਚ ਹਨ, ਇਸ ਲਈ ਲੋਕਾਂ ਨੂੰ ਗੁਮਰਾਹ ਕਰਨ ਲਈ ਇਹ (ਬਾਦਲ-ਕੈਪਟਨ) ਜਿੰਨੀ ਮਰਜ਼ੀ ਵਿਰੋਧੀ ਬਿਆਨਬਾਜ਼ੀ ਜਾਂ ਡਰਾਮੇਬਾਜ਼ੀ ਕਰਦੇ ਰਹਿਣ ਪਰ ਦਸਤਖ਼ਤ ਉੱਥੇ ਹੀ ਕਰਦੇ ਹਨ, ਜਿੱਥੇ ਮੋਦੀ ਸਰਕਾਰ ਕਹਿੰਦੀ ਹੈ।

ਚੀਮਾ ਨੇ ਦੋਸ਼ ਲਗਾਇਆ ਕਿ ਖੇਤੀ ਆਰਡੀਨੈਂਸਾਂ ਦੇ ਮਾਮਲੇ ‘ਚ ਵੀ ਰਾਜੇ ਅਤੇ ਬਾਦਲਾਂ ਨੇ ਇੰਜ ਹੀ ਕੀਤਾ ਅਤੇ ਮੋਦੀ ਸਰਕਾਰ ਦਾ ਮਾਰੂ ਆਰਡੀਨੈਂਸ ਲੋਕ ਸਭਾ ਦੇ ਪਟਲ (ਫਲੋਰ) ਤੱਕ ਲੈ ਕੇ ਜਾਣ ਦਾ ਪ੍ਰਸ਼ਾਸਨਿਕ ਪੱਧਰ ‘ਤੇ ਪੂਰਾ ਸਾਥ ਦਿੱਤਾ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਰਾਜੇ ਅਤੇ ਬਾਦਲਾਂ ਦੀਆਂ ਸਾਰੀਆਂ ਕਮਜ਼ੋਰੀਆਂ ਤੋਂ ਪੂਰੀ ਤਰਾਂ ਵਾਕਿਫ ਹੈ।

ਇਹੋ ਕਾਰਨ ਹੈ ਕਿ ਵੱਡੇ ਪੱਧਰ ਦੇ ਭ੍ਰਿਸ਼ਟਾਚਾਰ, ਵਿਦੇਸ਼ੀ ਬੈਂਕਾਂ, ਵਿਦੇਸ਼ੀ ਮਹਿਮਾਨਾਂ ਦੀ ਕਮਜ਼ੋਰੀ ਕਾਰਨ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਹਾਈ ਪਾਵਰ ਕਮੇਟੀ ਰਾਹੀਂ ਅੰਦਰ ਖਾਤੇ ਹੀ ਖੇਤੀ ਵਿਰੋਧੀ ਆਰਡੀਨੈਂਸਾਂ ‘ਤੇ ਸਹਿਮਤੀ ਵਾਲੇ ਦਸਤਖ਼ਤ ਕਰ ਦਿੱਤੇ ਅਤੇ ਕੁਰਸੀ ਕੁਰੱਪਸ਼ਨ ਅਤੇ ਈਡੀ ਦੇ ਕੇਸਾਂ ਦੇ ਦਬਾਅ ਥੱਲੇ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਬੈਠਕ ‘ਚ ਖੇਤੀ ਵਿਰੋਧੀ ਆਰਡੀਨੈਂਸਾਂ ਦੇ ਖਰੜੇ ‘ਤੇ ਦਸਤਖ਼ਤ ਕਰ ਦਿੱਤੇ, ਪਰੰਤੂ ਹੁਣ ਦੋਵੇਂ ‘ਟੱਬਰ’ ਵਿਰੋਧ ਦੀ ਡਰਾਮੇਬਾਜ਼ੀ ਕਰ ਰਹੇ ਹਨ, ਪਰੰਤੂ ਪੰਜਾਬ ਦੇ ਲੋਕ ਖ਼ਾਸ ਕਰਕੇ ਕਿਸਾਨ, ਆੜ੍ਹਤੀਏ, ਮੁਨੀਮ, ਖੇਤ ਮਜ਼ਦੂਰ, ਪੱਲੇਦਾਰ ਅਤੇ ਟਰਾਂਸਪੋਰਟਰ ਇਨ੍ਹਾਂ ਦੇ ਡਰਾਮਿਆਂ ਨੂੰ ਚੰਗੀ ਤਰਾਂ ਸਮਝ ਚੁੱਕੇ ਹਨ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਚੁਣੌਤੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਉਨ੍ਹਾਂ ‘ਚ ਜੁਰਅਤ ਹੈ ਤਾਂ ਉਹ ਖੇਤੀ ਵਿਰੋਧੀ ਆਰਡੀਨੈਂਸਾਂ ਦੀ ਵਕਾਲਤ ਪੰਜਾਬ ਦੇ ਕਿਸਾਨਾਂ ਨਾਲ ਪਿੰਡਾਂ ‘ਚ ਜਾ ਕੇ ਕਰਨ।

ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਭਾਜਪਾ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਖੇਤੀ ਆਰਡੀਨੈਂਸਾਂ ਦੀ ਵਕਾਲਤ ਕਰਨ ਦੀ ਥਾਂ ਵਿਰੋਧ ਕਰਨ ਅਤੇ ਪੰਜਾਬ ਦੇ ਕਿਸਾਨਾਂ ਨਾਲ ਖੜਨ।

Spread the love

Read more

12 Jun 2021
ਬਰਨਾਲਾ ਜ਼ਿਲ੍ਹਾ 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਲੇਖ ਮੁਕਾਬਲੇ ‘ਚ ਭਾਗੀਦਾਰੀ ਪੱਖੋਂ ਸੂਬੇ ਭਰ ‘ਚੋਂ ਅੱਵਲ ਬਰਨਾਲਾ,12 ਜੂਨ ਸਕੂਲ ਸਿੱਖਿਆ ਵਿਭਾਗ ਵੱਲੋਂ ਦੇਸ਼ ਦੇ 75 ਸਾਲਾ ਆਜ਼ਾਦੀ ਦਿਵਸ ਨੂੰ ਕਰਵਾਏ ਗਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲਿਆਂ ‘ਚ ਪ੍ਰਤੀ ਬਲਾਕ ਭਾਗੀਦਾਰੀ ਪੱਖੋਂ ਜ਼ਿਲ੍ਹਾ ਬਰਨਾਲਾ ਸੈਕੰਡਰੀ ਵਰਗ ਵਿੱਚੋਂ ਸੂਬੇ ਭਰ ‘ਚੋਂ ਪਹਿਲੇ ਸਥਾਨ ‘ਤੇ ਰਿਹਾ ਜਦਕਿ ਪ੍ਰਾਇਮਰੀ ਵਰਗ ਵਿੱਚੋਂ ਤੀਜੇ ਸਥਾਨ ‘ਤੇ ਰਿਹਾ। ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਆਗਾਮੀ ਵਰ੍ਹੇ ਮਨਾਏ ਜਾ ਰਹੇ ਦੇਸ਼ ਦੇ 75 ਸਾਲਾ ਆਜ਼ਾਦੀ ਸਮਾਗਮ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਆਨਲਾਈਨ ਲੇਖ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ 1 ਜੂਨ ਤੋਂ 10 ਜੂਨ ਤੱਕ ਕਰਵਾਏ ਇਨ੍ਹਾਂ ਮੁਕਾਬਲਿਆਂ ‘ਚ ਜਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਭਾਗੀਦਾਰੀ ਪੱਖੋਂ ਸ਼ਾਨਦਾਰ ਪੁਜੀਸ਼ਨਾਂ ਦੀ ਪ੍ਰਾਪਤੀ ਨਾਲ ਜਿਲ੍ਹੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਪਹਿਲੀ ਤੋਂ ਬਾਰਵੀਂ ਜਮਾਤਾਂ ਲਈ ਤਿੰਨ ਵਰਗਾਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਵਿੱਚ ਕਰਵਾਏ ਗਏ। ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹਾ ਪ੍ਰਤੀ ਬਲਾਕ 659 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸੂਬੇ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਪ੍ਰਾਇਮਰੀ ਵਰਗ ‘ਚ ਪ੍ਰਤੀ ਬਲਾਕ 164 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਤੀਜੇ ਸਥਾਨ ‘ਤੇ ਰਿਹਾ। ਮੁਕਾਬਲਿਆਂ ਦੇ ਸਹਾਇਕ ਨੋਡਲ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹੇ ਦੇ ਕੁੱਲ 1976 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪ੍ਰਾਇਮਰੀ ਵਰਗ ਵਿੱਚ 492 ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।
© Copyright 2021, Punjabupdate.com