ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ 3 ਜਨਵਰੀ 2021 ਨੂੰ ਲਈ ਜਾਵੇਗੀ
ਬਰਨਾਲਾ, 26 ਦਸੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ ਲਈ ਚੋਣ ਕਰਨ ਹਿੱਤ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ(ਪੀ.ਐੱਸ.ਟੀ.ਐੱਸ.ਈ.)ਹੁਣ ਮਿਤੀ 3 ਜਨਵਰੀ 2021 ਦਿਨ ਐਤਵਾਰ ਨੂੰ ਲਈ ਜਾਵੇਗੀ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਵਜ਼ੀਫਾ ਸਕੀਮ ਲਈ ਚੋਣ ਕਰਨ ਲਈ ਪੀ.ਐੱਸ.ਟੀ.ਐੱਸ.ਸੀ.(ਅੱਠਵੀਂ ਅਤੇ ਦਸਵੀਂ ਜਮਾਤ) ਦੀਆਂ 19 ਦਸੰਬਰ ਨੂੰ ਲਈਆਂ ਜਾਣੀਆਂ ਵਾਲੀਆਂ ਪ੍ਰੀਖਿਆਵਾਂ ਉਸ ਦਿਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਮੁਲਤਵੀ ਕੀਤੀਆਂ ਪ੍ਰੀਖਿਆਵਾਂ ਹੁਣ 3 ਜਨਵਰੀ ਨੂੰ ਲਈਆਂ ਜਾਣਗੀਆਂ।
ਉਹਨਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ਅਨੁਸਾਰ ਪ੍ਰੀਖਿਆਵਾਂ ਦਾ ਸਮਾਂ, ਪ੍ਰੀਖਿਆਰਥੀਆਂ ਦੇ ਰੋਲ ਨੰਬਰ, ਐਡਮਿਟ ਕਾਰਡ ਅਤੇ ਪ੍ਰੀਖਿਆ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ। ਇਸ ਸੰਬੰਧੀ ਕਿਸੇ ਵੀ ਵਿਦਿਆਰਥੀ ਨੂੰ ਨਵਾਂ ਰੋਲ ਨੰਬਰ, ਐਡਮਿਟ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਵੱਖਰੇ ਤੌਰ ਤੇ ਸੂਚਿਤ ਕੀਤਾ ਜਾਵੇਗਾ।