14 Jun 2021
Punjabi Hindi

ਮੁਲਾਜ਼ਮਾਂ ਦਾ ਮਸੀਹਾ ਨਹੀਂ ਰਿਹਾ…ਅਲਵਿਦਾ ਸੁਖਦੇਵ ਬੜੀ

ਨਵਦੀਪ ਸਿੰਘ ਗਿੱਲ

ਮੁਲਾਜ਼ਮ ਜਥੇਬੰਦੀਆਂ ਦਾ ਵੱਡਾ ਥੰਮ੍ਹ ਡਿੱਗ ਗਿਆ। ਸਾਥੀ ਸੁਖਦੇਵ ਬੜੀ ਸਾਨੂੰ ਸਦਾ ਲਈ ਅਲਵਿਦਾ ਆਖ ਗਏ। ਵੱਡੇ ਵੀਰ ਕਰਮਜੀਤ ਬੀਹਲਾ ਦਾ ਸੁਨੇਹਾ ਪੜ੍ਹਿਆ ਤਾਂ ਮਨ ਵਿੱਚ ਖਿਆਲ ਆਇਆ ਕਿ ਅੱਜ ਸੱਚਮੁੱਚ ਮੁਲਾਜ਼ਮ ਜਥੇਬੰਦੀਆਂ ਦਾ ਉਚ ਦੁਮਾਲੜਾ ਬੁਰਜ ਢਹਿ ਗਿਆ। ਪਿਛਲੇ ਕਈ ਦਿਨਾਂ ਤੋਂ ਸੰਗਰੂਰ ਦੇ ਇਕ ਹਸਪਤਾਲ ਵਿਖੇ ਜ਼ੇਰ-ਏ-ਇਲਾਜ ਰਹਿਣ ਤੋਂ ਬਾਅਦ ਕੱਲ੍ਹ ਹੀ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਦਾਖਲ ਕਰਵਾਇਆ ਸੀ। ਵੱਡੇ ਸੰਘਰਸ਼ ਜਿੱਤਣ ਵਾਲਾ ਇਹ ਆਗੂ ਅੱਜ 79 ਵਰ੍ਹਿਆਂ ਦੀ ਉਮਰੇ ਜ਼ਿੰਦਗੀ ਦੀ ਲੜਾਈ ਹਾਰ ਗਿਆ।

ਬੜੀ ਅੰਕਲ ਜਿੱਥੇ ਸਾਡੇ ਪਰਿਵਾਰ ਦੇ ਬਹੁਤ ਕਰੀਬੀ ਸਨ ਉਥੇ ਮੇਰੇ ਪਿਤਾ ਜੀ ਦੇ ਜਥੇਬੰਦਕ ਗੁਰੂ ਵੀ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਜਿੱਥੇ ਬੜੀ ਸਾਹਿਬ ਦੇ ਪਰਿਵਾਰ ਨੂੰ ਘਾਟਾ ਪਿਆ ਉਥੇ ਸਾਨੂੰ ਸਾਰਿਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅੱਜ ਪੰਜਾਬ ਦਾ ਹਰ ਮੁਲਾਜ਼ਮ ਆਪਣੇ ਆਪ ਨੂੰ ਆਗੂ ਹੀਣ ਮਹਿਸੂਸ ਕਰ ਰਿਹਾ ਹੋਵੇਗਾ। ਆਪਣੀ ਸੁਰਤ ਸੰਭਾਲਣ ਤੋਂ ਹੀ ਮੈਂ ਬੜੀ ਸਾਹਿਬ ਨਾਲ ਆਪਣੇ ਪਿਤਾ ਜੀ ਨੂੰ ਵਿਚਰਦਿਆਂ ਦੇਖਿਆ ਹੈ। ਪਿਤਾ ਜੀ ਆਉਂਦੇ ਭਾਵੇਂ ਸੰਗਰੂਰੋਂ, ਜਲੰਧਰੋਂ ਜਾਂ ਚੰਡੀਗੜ੍ਹੀਓ ਹੋਣ ਪਰ ਬਹੁਤੀ ਵਾਰ ਉਨ੍ਹਾਂ ਦਾ ਰਾਹ ਵਾਇਆ ਬੜੀ ਪਿੰਡ ਹੁੰਦਾ ਸੀ।

ਆਪਣੇ ਬਚਪਨ ਤੋਂ ਹੀ ਮੈਂ ਆਪਣੇ ਪਿਤਾ ਜੀ ਦੇ ਜਿੰਨਾ ਦੋਸਤਾਂ ਦਾ ਪ੍ਰਭਾਵ ਕਬੂਲਿਆ ਹੈ, ਉਨ੍ਹਾਂ ਵਿੱਚੋਂ ਸਭ ਤੋਂ ਮੋਹਰੀ ਸੁਖਦੇਵ ਬੜੀ ਸਨ। ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਦੀ ਅਗਵਾਈ ਕਰਦਿਆਂ ਬੜੀ ਸਾਹਿਬ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਵੱਡੇ ਅਤੇ ਸਰਵ ਪ੍ਰਵਾਨਿਤ ਆਗੂ ਸਨ ਜਿਨ੍ਹਾਂ ਦੀ ਇਕ ਆਵਾਜ਼ ਨਾਲ ਪੂਰਾ ਪੰਜਾਬ ਹਿੱਲ ਜਾਂਦਾ ਸੀ। ਜਿੰਨੇ ਵੱਡੇ ਉਹ ਜਥੇਬੰਦਕ ਆਗੂ ਅਤੇ ਧੜੱਲੇਦਾਰ ਭਾਸ਼ਣ ਦੇਣ ਵਾਲੇ ਸਨ ਉਨੇ ਹੀ ਆਮ ਬੋਲਚਾਲ ਵਿੱਚ ਹਲੀਮੀ ਨਾਲ ਗੱਲ ਕਰਨ ਵਾਲੇ ਨਰਮ ਸੁਭਾਅ ਵਾਲੇ ਇਨਸਾਨ ਸਨ। ਘਰ ਬੈਠਿਆਂ ਗੱਲਾਂ ਕਰਦਿਆਂ ਉਨ੍ਹਾਂ ਦੀ ਮਲੂਕਦਾਰ ਆਵਾਜ਼ ਸੁਣਦਿਆਂ ਯਕੀਨ ਹੀ ਨਾ ਆਉਣਾ ਕਿ ਇਸ ਆਗੂ ਦੀ ਗੜਕਵੀਂ ਆਵਾਜ਼ ਸੁਣਨ ਲਈ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਜਾਂ ਚੰਡੀਗੜ੍ਹ ਦੇ ਮਟਕਾ ਚੌਕ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਜੁੱਟ ਜਾਂਦੇ ਹਨ। ਉਨ੍ਹਾਂ ਦੀ ਸਖਸ਼ੀਅਤ ਜਿੰਨੀ ਪ੍ਰਭਾਵਸ਼ਾਲੀ ਸੀ, ਉਨ੍ਹਾਂ ਦੀ ਦਿੱਖ ਅਤੇ ਪਹਿਰਾਵੇ ਵਿੱਚ ਉਦੋਂ ਵੱਧ ਸਾਦਗੀ ਵਾਸਾ ਸੀ। ਉਹ ਹਮੇਸ਼ਾ ਕੁੜਤਾ-ਪਜ਼ਾਮਾ ਹੀ ਪਹਿਨਦੇ ਸਨ। ਅਜਿਹੇ ਸਾਦ-ਮੁਰਾਦੇ ਅਤੇ ਸਿਧਾਂਤਾਂ ਉਤੇ ਚੱਲਣ ਵਾਲੇ ਆਗੂ ਉਂਗਲਾਂ ਉਤੇ ਗਿਣੇ ਜਾਂਦੇ ਹਨ।

ਸਾਰੀ ਉਮਰ ਆਪਣੀ ਜੜ੍ਹ ਪਿੰਡ ਨਾਲ ਹੀ ਜੁੜੇ ਰਹੇ ਪਰ ਦਾਇਰਾ ਉਨ੍ਹਾਂ ਦਾ ਦੁਨੀਆਂ ਦੇਸ਼ਾਂਤਰ ਤੱਕ ਸੀ। ਪਿਛਲੇ ਦਿਨੀਂ ਜਦੋਂ ਉਨ੍ਹਾਂ ਦੀ ਜੀਵਨੀ ‘ਸੰਘਰਸ਼ੀ ਯੋਧਾ ਸੁਖਦੇਵ ਬੜੀ’ ਸੁਖਦੇਵ ਸਿੰਘ ਔਲਖ ਵੱਲੋਂ ਲਿਖੀ ਗਈ ਤਾਂ ਖੁਸ਼ੀ ਹੋਈ ਕਿ ਵੱਡੇ ਆਗੂ ਦਾ ਜੀਵਨ ਬਿਓਰਾ ਲਿਖਤੀ ਦਸਤਾਵੇਜ਼ ਦੇ ਰੂਪ ਵਿੱਚ ਸਾਂਭਿਆ ਗਿਆ। ਉਨ੍ਹਾਂ ਮੈਨੂੰ ਚੰਡੀਗੜ੍ਹ ਉਚੇਚੇ ਤੌਰ ਉਤੇ ਦੋ ਕਾਪੀਆਂ ਭੇਜੀਆਂ, ਇਕ ਪਿਤਾ ਜੀ ਲਈ ਤੇ ਇਕ ਮੇਰੇ ਲਈ। ਪਿਤਾ ਜੀ ਨੂੰ ਅਮਰੀਕਾ ਕਿਤਾਬ ਦੇਰੀ ਨਾਲ ਮਿਲੀ ਅਤੇ ਪਿੱਛੇ ਜਿਹੀ ਉਨ੍ਹਾਂ ਕਿਤਾਬ ਨੂੰ ਮੁਕੰਮਲ ਕੀਤਾ ਪਰ ਮੈਨੂੰ ਅਫਸੋਸ ਰਿਹਾ ਕਿ ਕਿਤਾਬ ਪੜ੍ਹ ਕੇ ਬੜੀ ਸਾਹਿਬ ਨੂੰ ਮਿਲ ਕੇ ਨਿੱਜੀ ਤੌਰ ਉਤੇ ਫੀਡਬੈਕ ਨਹੀਂ ਦੇ ਸਕਿਆ।

ਅੱਜ ਉਨ੍ਹਾਂ ਦੇ ਤੁਰ ਜਾਣ ਉਤੇ ਬੜੀ ਸਾਹਿਬ ਨਾਲ ਜੁੜੀਆਂ ਅਨੇਕਾਂ ਯਾਦਾਂ ਆਪ ਮੁਹਾਰੇ ਅੱਖਾਂ ਅੱਗੇ ਆ ਰਹੀਆਂ ਹਨ। ਪਾਰਟੀ ਦੇ ਹੁਕਮ ਉਤੇ ਜਦੋਂ ਬੜੀ ਸਾਹਿਬ ਨੇ 2004 ਵਿੱਚ ਸੰਗਰੂਰ ਪਾਰਲੀਮੈਂਟ ਹਲਕੇ ਤੋਂ ਚੋਣ ਲੜੀ ਤਾਂ ਮੈਨੂੰ ਉਨ੍ਹਾਂ ਦਾ ਪੋਲਿੰਗ ਏਜੰਟ ਬਣਨ ਦਾ ਸੁਭਾਗ ਹਾਸਲ ਹੋਇਆ। ਉਹ ਅਕਸਰ ਹੀ ਕੋਈ ਨਾ ਕੋਈ ਸੰਵੇਦਨਸ਼ੀਲ ਵੀਡਿਓਜ਼ ਜਾਂ ਮੈਸੇਜ ਭੇਜਦੇ ਤਾਂ ਲੱਗਦਾ ਜਿਵੇਂ ਬੜੀ ਸਾਹਿਬ ਦੀ ਸੰਗਤ ਵਿੱਚ ਬੈਠੇ ਹੋਈਏ। ਹੁਣ ਵੱਟਸਐਪ ਉਪਰ ਇਹ ਮੈਸੇਜ ਕਦੇ ਨਹੀਂ ਆਉਣਗੇ। ਗੱਲਾਂ ਤਾਂ ਬਹੁਤ ਹਨ, ਪਰ ਉਂਗਲਾਂ ਕੀ-ਬੋਰਡ ਉਪਰ ਨਹੀਂ ਚੱਲ ਰਹੀਆਂ। ਬੜੀ ਸਾਹਿਬ ਨਾਲ ਪਰਿਵਾਰਕ ਸਮਾਗਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ।ਲੋਕ ਘੋਲਾਂ ਦੇ ਜੇਤੂ ਨਾਇਕ ਨੂੰ ਆਖਰੀ ਸਲਾਮ।

ਅਲਵਿਦਾ ਬੜੀ ਅੰਕਲ

ਨਵਦੀਪ ਸਿੰਘ ਗਿੱਲ

Spread the love

Read more

© Copyright 2021, Punjabupdate.com