ਆਧੁਨਿਕ ਸੰਚਾਰ ਸਾਧਨਾਂ ਦੇ ਦੌਰ ‘ਚ ਵੀ ਸੁਲੇਖ ਰਚਨਾ ਦੀ ਪੂਰੀ ਅਹਿਮੀਅਤ-ਸਿੱਖਿਆ ਸਕੱਤਰ
ਐੱਸ.ਏ.ਐੱਸ. ਨਗਰ 2 ਜਨਵਰੀ: ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ‘ਅੱਖਰਕਾਰੀ ਮੁਹਿੰਮ’ ਦੇ ਦੂਸਰੇ ਪੜਾਅ ਤਹਿਤ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਸਬੰਧੀ ਰਿਸੋਰਸ ਪਰਸਨ ਗਰੁੱਪ ਦੀ ਸਿਖਲਾਈ ਵਰਕਸ਼ਾਪ ਵੈਬੀਨਾਰ ਰਾਹੀਂ ਅੱਜ 2 ਜਨਵਰੀ ਤੋਂ ਸ਼ੁਰੂ ਹੋ ਗਈ ਹੈ, ਜੋ ਕਿ 9 ਜਨਵਰੀ ਤੱਕ ਚੱਲੇਗੀ।
ਅੱਜ ਇਸ ਸੁੰਦਰ ਲਿਖਾਈ ਸਿਖਲਾਈ ਵਰਕਸ਼ਾਪ ਵਿੱਚ ਰਿਸੋਰਸ ਪਰਸਨਜ਼ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਦੁਆਰਾ ਮੋਤੀਆਂ ਵਾਂਗ ਪਰੋਏ ਅੱਖਰਾਂ ਦਾ ਵਿਦਿਆਰਥੀਆਂ ਦੇ ਮਨ ‘ਤੇ ਜਾਦੂਮਈ ਪ੍ਰਭਾਵ ਪੈਂਦਾ ਹੈ। ਉਹ ਵੀ ਆਪਣੇ ਅਧਿਆਪਕਾਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਲਿਖਾਈ ਨੂੰ ਸੁੰਦਰ ਬਣਾਉਣ ਲਈ ਪ੍ਰੇਰਿਤ ਹੁੰਦੇ ਹਨ। ਇਸ ਲਈ ਅਧਿਆਪਕਾਂ ਦੇ ਸੁਝਾਵਾਂ ਦੇ ਮੱਦੇਨਜ਼ਰ ਅਤੇ ਪੰਜਾਬੀ ਮਾਂ-ਬੋਲੀ ਦੀ ਸੁੰਦਰ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਵੱਲੋਂ ਦਿਖਾਏ ਉਤਸ਼ਾਹ ਸਦਕਾ ਵਿਭਾਗ ਵੱਲੋਂ ਪੰਜਾਬੀ ਮਾਂ-ਬੋਲੀ ਦੇ ਨਾਲ-ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਲਿਖਾਈ ਨੂੰ ਵੀ ਸੁੰਦਰ ਬਣਾਉਣ ਲਈ ਉਕਤ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਸੰਚਾਰ ਸਾਧਨਾਂ ਕਾਰਨਾਂ ਸੁੰਦਰ ਲਿਖਾਈ ਕਰਨ ਦਾ ਰੁਝਾਨ ਘੱਟ ਰਿਹਾ ਸੀ ਪਰ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੁਲੇਖ ਰਚਨਾ ਵੱਲ ਮੋੜਨ ਲਈ ਉਕਤ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਉੱਦਮ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਇਸ ਸੰਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ‘ਅੱਖਰਕਾਰੀ ਮੁਹਿੰਮ’ ਦੇ ਦੂਜੇ ਪੜਾਅ ਤਹਿਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਜੋ ਕਿ 11 ਤੋਂ 18 ਜਨਵਰੀ ਤੱਕ ਲਗਾਈ ਜਾ ਰਹੀ ਹੈ, ਉਸ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ਇਹਨਾਂ 1894 ਰਿਸੋਰਸ ਪਰਸਨਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਇਹ ਰਿਸੋਰਸ ਪਰਸਨ ਅਧਿਆਪਕਾਂ ਦੀ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਕਲੱਸਟਰ ਪੱਧਰ ‘ਤੇ ਅਧਿਆਪਕਾਂ ਨੂੰ ਸਿਖਲਾਈ ਪ੍ਰਦਾਨ ਕਰਨਗੇ। ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਨਵੰਬਰ-ਦਸੰਬਰ ਮਹੀਨੇ ਵਿੱਚ ਸਾਰੇ ਪ੍ਰਾਇਮਰੀ ਅਧਿਆਪਕਾਂ ਦੀ ਸੁੰਦਰ ਲਿਖਾਈ (ਪੰਜਾਬੀ ਭਾਸ਼ਾ) ਵਰਕਸ਼ਾਪ ਲਗਾਕੇ ਉਹਨਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ, ਤਕਨੀਕ ਅਤੇ ਬਣਤਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਵਰਕਸ਼ਾਪ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਸੰਬੰਧੀ ਬਹੁਤ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਅਧਿਆਪਕਾਂ ਵੱਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਹੁਣ ਇਸੇ ਪੈਟਰਨ ਤੇ ਅੰਗਰੇਜ਼ੀ ਭਾਸ਼ਾ ਦੀ ਲਿਖਾਈ ਸੁਧਾਰਨ ਲਈ ਵਿਭਾਗ ਵੱਲੋਂ 11 ਤੋਂ 18 ਜਨਵਰੀ ਤੱਕ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ। ਇਸ ਸੰਬੰਧੀ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ਅਨੁਸਾਰ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਸਾਰੇ ਅੱਖਰਾਂ (ਵੱਡੇ ਅਤੇ ਛੋਟੇ) ਦੀ ਪ੍ਰਿੰਟ ਰਾਈਟਿੰਗ, ਕਰਸਿਵ ਰਾਈਟਿੰਗ ਅਤੇ ਭਾਸ਼ਾਈ ਬਣਤਰ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਹਰੇਕ ਅਧਿਆਪਕ ਦਾ ਭਾਗ ਲੈਣਾ ਜ਼ਰੂਰੀ ਹੋਵੇਗਾ। ਸਮੂਹ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਦੇਖ-ਰੇਖ ਹੇਠ ਸੁੰਦਰ ਲਿਖਾਈ ਵਰਕਸ਼ਾਪ ਲਗਾਉਣਗੇ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਭਾਗੀਦਾਰੀ ਕਰਨ ਲਈ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਸਭ ਤੋਂ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡਾਇਟ ਪ੍ਰਿੰਸੀਪਲਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।