14 Jun 2021
Punjabi Hindi

ਇਨਸਾਨੀ ਰਿਸ਼ਤਿਆਂ ‘ਤੇ ਭਾਰੀ ਕਰੋਨਾ ਵਾਇਰਸ

ਲਕਸ਼ਮਣ ਸਿੰਘ

ਸਾਲ 2020 ਦੀ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਦੁਨੀਆਂ ਦਾ ਸਾਹਮਣਾ ਇੱਕ ਭਿਆਨਕ ਵਾਇਰਸ ਨਾ ਹੋ ਗਿਆ, ਜਿਸਨੂੰ ਕਿ ਨਾਮ ਦਿੱਤਾ ਗਿਆ ‘ਕਰੋਨਾ ਵਾਇਰਸ (ਕੋਵਿਡ-19)। ਮਨੁੱਖ ਨੇ ਸ਼ਾਇਦ ਇਹ ਪਹਿਲਾਂ ਕਦੇ ਵੀ ਸੋਚਿਆ ਨਹੀਂ ਹੋਣਾ ਕਿ ਉਸਨੂੰ ਕਿਸੇ ਅਜਿਹੇ ਦੁਸ਼ਮਣ ਦਾ ਸਾਹਮਣਾ ਵੀ ਕਰਨਾ ਪਵੇਗਾ, ਜਿਸ ਨਾਲ ਉਸਦੀ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਜਾਵੇਗਾ।

ਇਸ ਵਾਇਰਸ ਦੀ ਸ਼ੁਰੂਆਤ ਭਾਵੇਂ ਚੀਨ ਦੇ ਬੁਹਾਂਗ ਸ਼ਹਿਰ ਤੋਂ ਹੋਈ ਸੀ ਪਰ ਹੌਲੀ-ਹੋਲੀ ਇਸਨੇ ਪੂਰੀ ਦੁਨੀਂਆਂ ਵਿੱਚ ਆਪਣੇ ਪੈਰ ਪਸਾਰਦੇ ਹੋਏ, ਭਾਰਤੀ ਲੋਕਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਹੋਰ ਤਾਂ ਹੋਰ ਇਸਨੇ ਦੁਨੀਂਆਂ ਦੀ ਕਹਿੰਦੀ ਕੁਹਾਉਂਦੀ ਸੁਪਰ ਸ਼ਕਤੀ ਅਮਰੀਕਾ ਨੂੰ ਵੀ ਲਾਚਾਰ ਬਣਾ ਕੇ ਰੱਖ ਦਿੱਤਾ ਹੈ। ਕੋਵਿਡ-19 ਨੇ ਮਨੁੱਖ ਨੂੰ ਆਪਣੇ ਘਰਾਂ ਵਿੱਚ ਦੁਬਕਣ ਲਈ ਮਜਬੂਰ ਕਰ ਦਿੱਤਾ ਹੈ। ਟੈਲੀਵਿਜ਼ਨ, ਰੇਡੀਓ, ਸ਼ੌਸ਼ਲ ਮੀਡੀਆ, ਨਿਊਜ਼ ਪੇਪਰ ਰਾਹੀਂ ਖ਼ੌਫ ਵੀ ਅਜਿਹਾ ਬਣਿਆ ਕਿ ਲੋਕਾਂ ਵਿੱਚ ਹਰ ਸਮੇਂ ਉੱਠਦੇ-ਬੈਠਦੇ ਕੋਰੋਨਾ ਦਾ ਜ਼ਿਕਰ ਹੋਣ ਲੱਗਾ। ਭਾਵੇਂ ਅਸੀਂ ਸੁਰੱਖਿਆ ਦੇ ਮੱਦੇਨਜ਼ਰ ਆਪਣੇ-ਆਪਣੇ ਘਰਾਂ ਵਿੱਚ ਕੈਦ ਹਾਂ ਪਰ ਘਰ ਵਿੱਚ ਵੀ ਹਰ ਸਮੇਂ ਟੈਲੀਵਿਜ਼ਨ ਅਤੇ ਮੋਬਾਇਲਾਂ ਰਾਹੀਂ ਇਸੇ ਵਾਇਰਸ ਦੇ ਜ਼ਿਕਰ ਹੁੰਦਾ ਵੇਖਿਆ ਜਾ ਸਕਦਾ ਹੈ। ਜ਼ਮਾਨਾ ਇੰਨਾ ਫਾਸਟ ਹੋ ਗਿਆ ਹੈ ਕਿ ਸ਼ੌਸ਼ਲ ਮੀਡੀਆ ਰਾਹੀਂ ਤਾਂ ਕਈ ਵਾਰ ਫੇਕ (ਝੂਠੀ) ਖ਼ਬਰਾਂ ਨੂੰ ਚਲਨ ਵਿੱਚ ਆ ਜਾਂਦੀਆਂ ਹਨ। ਕਈ ਸ਼ਰਾਰਤੀ ਅਨੁਸਾਰ ਅਜਿਹੇ ਮਾਹੌਲ ਦਾ ਫਾਇਦਾ ਚੁੱਕ ਕੇ ਪੁਰਾਣੇ ਵੀਡੀਓ ਸ਼ੌਸ਼ਲ ਮੀਡੀਆ ‘ਤੇ ਅਪਲੋਡ ਕਰ ਦਿੰਦੇ ਹਨ, ਜਿਸ ਨਾਲ ਦੰਗੇ ਭੜਕਣ ਵਰਗੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ।

ਲਾਕ-ਡਾਊਨ ਕਾਰਣ ਲਗਭਗ ਸਾਰੇ ਲੋਕ ਆਪੋ-ਆਪਣੇ ਘਰਾਂ ਵਿੱਚ ਬੈਠੇ ਹਨ ਅਤੇ ਘਰ ਵਿੱਚ ਬੈਠੇ ਵੀ ਟੈਲੀਵਿਜ਼ਨ ਤੇ ਸ਼ੌਸ਼ਲ ਮੀਡੀਆ ‘ਤੇ ਹਰ ਸਮੇਂ ਇੱਕੋ ਵਿਸ਼ੇ ‘ਤੇ ਵਿਚਾਰ-ਚਰਚਾ ਹੋਣ ਨਾਲ ਲੋਕਾਂ ਦੇ ਮਨਾਂ ਵਿੱਚ ਇੰਨਾਂ ਡਰ ਬੈਠ ਗਿਆ ਹੈ ਕਿ ਉਹ ਕਈ ਵਾਰ ਆਪਣੇ ਗੁਆਂਢੀ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਜਾਂਦੇ ਹਨ। ਲੋਕਾਂ ਦੇ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਜੀ ਕੋਰੋਨਾ ਬਿਮਾਰੀ ਕਾਰਨ ਹਸਪਤਾਲ ਵਿੱਚ ਜ਼ੇਰੇ ਇਲਾਜ਼ ਦੌਰਾਨ ਉਨ੍ਹਾਂ ਦੀ ਟੈਲੀਫੋਨ ‘ਤੇ ਆਪਣੇ ਬੇਟੇ ਨਾਲ ਹੋਈ ਗੱਲਬਾਤ ਦੀ ਇੱਕ ਆਡੀਓ ਕਾਫ਼ੀ ਵਾਇਰਲ ਹੋਈ ਸੀ, ਜਿਸ ਵਿੱਚ ਉਨ੍ਹਾਂ ਦੀ ਗੱਲਬਾਤ ਵਿੱਚ ਇਸ ਬਿਮਾਰੀ ਪ੍ਰਤੀ ਡਰ ਸਾਫ਼ ਤੌਰ ‘ਤੇ ਮਹਿਸੂਸ ਕੀਤਾ ਜਾ ਸਕਦਾ ਹੈ (ਵਾਇਰਲ ਆਡੀਓ ਦੇ ਸੱਚ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਨਹੀਂ) ਅਤੇ ਉਸ ਉਪਰੰਤ ਉਨ੍ਹਾਂ ਦੇ ਦਿਹਾਂਤ ਮਗਰੋਂ, ਲੋਕਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਵੀ ਆਪਣੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਨਹੀਂ ਹੋਣ ਦਿੱਤਾ। ਹੋਰ ਤਾਂ ਹੋਰ ਮਿਤੀ 1 ਅਪ੍ਰੈਲ 2020 ਨੂੰ ਚੰਡੀਗੜ੍ਹ ਦੇ ਇੱਕ ਨਿਊਜ਼ ਪੇਪਰ ਵਿੱਚ ਛਪੀ ਖ਼ਬਰ ਨੇ ਵੀ ਲੋਕਾਂ ਦਾ ਦਿਲ ਦਹਿਲਾਉਣ ਵਾਲਾ ਕੰਮ ਕੀਤਾ, ਜਿਸ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਚੰਡੀਗੜ੍ਹ ਵਿੱਚ ਇੱਕ ਕੋਰੋਨਾ ਦੇ ਮਰੀਜ਼ ਦੀ ਮੌਤ ਮਰਗੋਂ ਮੋਹਾਲੀ ਸ਼ਮਸ਼ਾਨਘਾਟ ਦੌਰਾਨ ਉਸਦੀ ਮ੍ਰਿਤਕ ਦੇਹ ਨੂੰ ਚਾਰ ਵਿਅਕਤੀ ਵੀ ਮੋਢਾ ਦੇਣ ਲਈ ਅੱਗੇ ਨਾ ਆਏ। ਅਸੀਂ ਜਿਸ ਸਮਾਜ ਵਿੱਚ ਵਿਚਰ ਰਹੇ ਹਾਂ ਅਤੇ ਸਾਡੇ ਆਲੇ-ਦੁਆਲੇ ਜੋ ਘਟਨਾਕ੍ਰਮ ਵਾਪਰ ਰਿਹਾ ਹੈ, ਉਹ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਵਿੱਚ ਖੌਫ ਪੈਦਾ ਕਰ ਰਿਹਾ ਹੈ, ਜਿਸ ਨਾਲ ਮਨੁੱਖ ਦੀ ਮਾਨਸਿਕਤਾ ਅਜਿਹੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ ਕਿ ਅਸੀਂ ਇਨਸਾਨੀ ਰਿਸ਼ਤਿਆਂ ਨੂੰ ਨਿਭਾਉਣਾ ਵੀ ਭੁੱਲਦੇ ਜਾ ਰਹੇ ਹਾਂ। ਇਸ ਲਾਕ-ਡਾਊਨ ਨਾਲ ਜਿੱਥੇ ਦੇਸ਼ ਦੀ ਅਰਥ-ਵਿਵਸਥਾ ਨੂੰ ਨੁਕਸਾਨ ਹੋਣ ਦਾ ਵੀ ਅਨੁਮਾਨ ਹੈ, ਉੱਥੇ ਹੀ ਇਸ ਨਾਲ ਭਵਿੱਖ ਵਿੱਚ ਮਨੁੱਖ ਦੇ ਸਮਾਜਿਕ ਰਿਸ਼ਤਿਆਂ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ਵਿੱਚ ਵੀ ਕਈ ਤਰ੍ਹਾਂ ਦੇ ਬਦਲਾਓ ਵਾਲੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਭਾਵੇਂ ਕਿ ਅਜੇ ਤੱਕ ਇਸ ਵਾਇਰਸ ਨਾਲ ਲੜਨ ਲਈ ਕਿਸੇ ਤਰ੍ਹਾਂ ਦੀ ਦਵਾਈ ਵਿਸ਼ਵ ਪੱਧਰ ਦੇ ਬਾਜ਼ਾਰ ਵਿੱਚ ਨਹੀਂ ਆਈ ਹੈ ਅਤੇ ਸਾਰੀ ਦੀ ਸਾਰੀ ਦੁਨੀਆਂ ਦੇ ਵਿਗਿਆਨਕ ਅਤੇ ਡਾਕਟਰ ਇਸ ਦਵਾਈ ਨੂੰ ਬਨਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਪਰ ਇਹ ਵੀ ਸੱਚ ਹੈ ਕਿ ਦਵਾਈ ਬਣਾਉਣਾ ਵੀ ਕੋਈ ‘ਖ਼ਾਲਾ ਜੀ ਦਾ ਵਾੜਾ ਨਹੀਂ। ਵਿਗਿਆਨੀਆਂ ਨੂੰ ਵੀ ਦਵਾਈ ਇਜ਼ਾਦ ਕਰਨ ਲਈ ਕਈ ਤਰ੍ਹਾਂ ਦੇ ਤਜ਼ਰਬੇ ਕਰਨੇ ਪੈਂਦੇ ਹਨ, ਉਨ੍ਹਾਂ ਤਜ਼ਰਬਿਆਂ ਦੇ ਕਾਮਯਾਬ ਹੋਣ ਉਪਰੰਤ ਪੂਰੀ ਤਸੱਲੀ ਨਾਲ ਦਵਾਈ ਨੂੰ ਮਾਰਕੀਟ ਵਿੱਚ ਲਿਆਇਆ ਜਾਂਦਾ ਹੈ। ਇਸ ਵਿੱਚ ਵੀ ਕਾਫ਼ੀ ਸਮਾਂ ਲੱਗਦਾ ਹੈ। ਪਰ ਕਿਉਂਕਿ ਹੁਣ ਕੋਵਿਡ-19 ਨੇ ਪੂਰੀ ਦੁਨੀਂਆਂ ‘ਤੇ ਹਮਲਾ ਕੀਤਾ ਹੈ, ਇਸ ਲਈ ਮਾਹਿਰ ਵੀ ਇਸ ਦੀ ਦਵਾਈ ਜਲਦ ਤੋਂ ਜਲਦ ਇਜ਼ਾਦ ਕਰਨ ਲਈ ਪੂਰਾ ਜ਼ੋਰ ਲਾ ਰਹੇ ਹਨ।

ਸਰਕਾਰ ਵੱਲੋਂ ਦੇਸ਼ ਅੰਦਰ ਲਾਕ-ਡਾਊਨ ਖੋਲੱਣ ਲਈ ਮੱਥਾਕਸ਼ੀ ਵੀ ਅਰੰਭ ਕਰ ਦਿੱਤੀ ਹੈ ਪਰ ਲਾਕ-ਡਾਊਨ ਖੁੱਲਣ ਮਗਰੋਂ ਇਹ ਕਹਿ ਦੇਣਾ ਕਿ ਕੋਰੋਨਾ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਗਿਆ ਹੈ, ਬਿਲਕੁਲ ਗ਼ਲਤ ਹੋਵੇਗਾ। ਸਰਕਾਰ ਨੂੰ ਵੀ ਲੋਕਾਂ ਅੰਦਰ ਪੌਜ਼ਿਟੀਵਿਟੀ ਸੁਨੇਹਿਆਂ ਰਾਹੀਂ ਉਨ੍ਹਾਂ ਦੀ ਮਾਨਸਿਕਤਾ ਮਜਬੂਤ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਇੱਕ ਅਜਿਹੇ ਦੁਸ਼ਮਣ ਨਾਲ ਲੜ ਰਹੇ ਹਾਂ ਜਿਸਨੂੰ ਕਿ ਅਸੀਂ ਸਾਹਮਣੇ ਤੋਂ ਨਹੀਂ ਵੇਖ ਸਕਦੇ। ਇਸ ਲਈ ਲੋਕਾਂ ਨੂੰ  ਆਪਣੀ ਮਜਬੂਤ ਮਾਨਸਿਕਤਾ ਤੇ ਬੁਲੰਦ ਹੌਂਸਲੇ ਨਾਲ ਇਸ ਦੁਸ਼ਮਣ ਦਾ ਮੁਕਾਬਲਾ ਕਰਨਾ ਹੋਵੇਗਾ। ਜੇਕਰ ਮਨੁੱਖ ਦਾ ਮਾਨਸਿਕਤਾ ਮਜਬੂਤ ਹੋਵੇਗੀ ਤਾਂ ਉਹ ਇਸ ਵਾਇਰਸ ਨਾਲ ਮਜਬੂਤੀ ਨਾਲ ਲੜ੍ਹਨ ਯੋਗ ਹੋਵੇਗਾ।

ਜੇਕਰ ਆਪਾਂ ਇਸ ਸਮੇਂ ਮਨੁੱਖ ਤੋਂ ਬਿਨਾਂ ਕੁਦਰਤ ਦੀ ਗੱਲ ਕਰੀਏ ਤਾਂ ਆਪਾਂ ਸਾਰਿਆਂ ਨੇ ਵੇਖਿਆ ਹੈ ਕਿ ਇਸ ਲਾਕ-ਡਾਊਨ ਨਾਲ ਜਿੱਥੇ ਆਸਮਾਨੀ ਅਤੇ ਸੜਕੀ ਆਵਾਜਾਈ ਨਾ ਹੋਣ ਕਾਰਨ, ਨਾ ਕੇਵਲ ਵਾਤਾਵਰਣ ਸਾਫ਼ ਹੋਇਆ ਹੈ, ਸਗੋਂ ਕੁਦਰਤ ਨੇ ਆਪਣੀ ਰੰਗਤ ਵਿੱਚ ਇਨਸਾਨ ਵੱਲੋਂ ਕੀਤੀ ਜਾ ਰਹੀ ਦਖ਼ਲਅੰਦਾਜ਼ੀ ਦਾ ਸ਼ੀਸ਼ਾ ਵੀ ਵਿਖਾਇਆ ਹੈ। ਕਈ ਵਾਰ ਇਹ ਵੀ ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਜੇਕਰ ਇਸ ਧਰਤੀ ‘ਤੇ ਮਨੁੱਖ ਦੀ ਕੁਦਰਤ ਦੇ ਬਣਾਏ ਚੱਕਰ ਵਿੱਚ ਲੋੜ ਤੋਂ ਵੱਧ ਦਖ਼ਲਅੰਦਾਜੀ ਨਾ ਹੋਵੇ ਤੇ ਮਨੁੱਖ ਅਕਾਲ ਪੁਰਖ਼ ਦੇ ਦਿਖਾਏ ਰਸਤੇ ‘ਤੇ ਚੱਲੇ ਤਾਂ ਸ਼ਾਇਦ ਇਹ ਧਰਤੀ ਸਵਰਗ ਤੋਂ ਘੱਟ ਨਹੀਂ ਹੈ।

ਸਾਥਿਓ! ਅਖ਼ੀਰ ਵਿੱਚ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਸਭ ਨੇ ਮਿਲ ਕੇ ਹਾਂ-ਪੱਖੀ ਸੋਚ ਨਾਲ ਇਸ ਵਾਇਰਸ ਨੂੰ ਮਾਤ ਦੇਣੀ ਹੈ। ਇਸ ਲਈ ਆਓ ਸਾਰੇ ਮਿਲ ਕੇ ਸਰਕਾਰ ਅਤੇ ਮਾਹਿਰਾਂ ਵੱਲੋਂ ਦੱਸੇ ਗਏ ਸੁਝਾਵਾਂ ਦੀ ਇਮਾਨਦਾਰੀ ਨਾਲ ਪਾਲਣਾਂ ਕਰੀਏ ਅਤੇ ਆਪ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਇਏ।

————- ਲਕਸ਼ਮਣ ਸਿੰਘ________

Laxman Singh 
Mobile: 99880-45830

Spread the love

Read more

© Copyright 2021, Punjabupdate.com