ਗਾਇਬ ਹੋਣ ਲੱਗੀ ਪੰਜਾਬੀ ਸੱਭਿਆਚਾਰ ਦੀ ਮਹਿਕ
—ਗੁਰਵਿੰਦਰ ਸਿੰਘ ਸਿੱਧੂ —
ਸੱਭਿਆਚਾਰ ਦਾ ਖੇਤਰ ਅਤਿ ਵਿਸ਼ਾਲ ਹੈ। ਇਸ ਵਿੱਚ ਮਨੁੱਖਈ ਜਿੰਦਗੀ ਦਾ ਹਰ ਪੱਖ ਸ਼ਾਮਿਲ ਕੀਤਾ ਗਿਆ ਹੈ। ਜਿਸ ਕਰਕੇ ਸਭਿਆਚਾਰ ਨੂੰ ਇੱਕ ਸਰਵ-ਵਿਆਪਕ ਵਰਤਾਰੇ ਵਜੋਂ ਸ਼ਾਮਿਲ ਕੀਤਾ ਜਾਂਦਾ ਹੈ।ਮਨੁੱਖੀ ਜਿੰਦਗੀ ਦਾ ਸ਼ਾਇਦ ਹੀ ਕੋਈ ਪੱਖ ਹੋਵੇ, ਜੋ ਸਭਿਆਚਾਰ ਦੇ ਘੇਰੇ ਤੋਂ ਬਾਹਰ ਹੋਵੇ।ਮਨੁੱਖੀ ਵਿਕਾਸ ਦੇ ਨਾਲ-ਨਾਲ ਸਭਿਆਚਾਰ ਵਿੱਚ ਵੀ ਵਿਕਾਸ ਆਉਣਾ ਵੀ ਸੁਭਾਵਿਕ ਹੈ। ਸਭਿਆਚਾਰ ਦਾ ਇਹ ਅਮੀਰ ਵਿਰਸਾ ਇਕ ਪੀੜੀ ਤੋਂ ਦੂਜੀ ਪੀੜੀ ਨੂੰ ਬੋਲਾਂ ਸੰਕੇਤਾਂ, ਚਿੰਨਾ, ਰਾਹੀਂ ਗ੍ਰਹਿਣ ਕਰਕੇ ਭੇਜਿਆ ਜਾਂਦਾ ਹੈ। ਜਿਸ ਕਰਕੇ ਪੀੜੀਓਂ ਪੀੜੀ ਸਭਿਆਚਾਰ ਦੇ ਵਿਕਾਸ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਜਿਸ ਵਿੱਚ ਪਰਿਵਰਤਨ ਵੀ ਲਾਜ਼ਮੀ ਹੈ।
ਮੌਜੂਦਾਂ ਸਮੇਂ ਜੇਕਰ ਆਧੁਨਿਕ ਪੰਜਾਬੀ ਸੱਭਿਆਚਾਰ ਨੂੰ ਪੁਰਾਣੇ ਸਭਿਆਚਾਰ ਦੇ ਬਰਾਬਰ ਦੇਖਿਆ ਜਾਵੇ ਤਾਂ ਇਸ ਵਿੱਚ ਬਹੁਤ ੳੁੱਚ ਪੱਧਰ ਤੇ ਪਰਿਵਰਤਨ ਦੇਖਣ ਨੂੰ ਮਿਲਦੇ ਹਨ।ਪਰਿਵਰਤਨ ਦੀ ਇਸ ਦੌੜ ‘ਚ ਪੁਰਾਤਨ ਪੰਜਾਬੀ ਸੱਭਿਆਚਾਰ ਬਹੁਤ ਪਿੱਛੇ ਰਹਿ ਗਿਆ ਹੈ।ਪੰਜਾਬੀ ਸੱਭਿਆਚਾਰ ਵਿੱਚ ਜਨਮ ਤੋ ਲੈ ਕਿ ਮੌਤ ਤੱਕ ਦੀਆ ਰਸਮਾਂ ਹੀ ਬਦਲ ਗਈਆਂ ਹਨ। ਜੇਕਰ ਜਨਮ ਦੀਆਂ ਰਸਮਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਗਰਭ ਦੇ ਤੀਜੇ ਮਹੀਨੇ ਅੱਖ ਸਲਾਈ, ਗਰਭਪਤੀ ਔਰਤ ਦਾ ਗ੍ਰਹਿਣ ਦੇ ਸਮੇ ਬਾਹਰ ਨਾ ਨਿਕਲਣਾ, ਕਰੂਪ ਚੀਜਾਂ ਨਾ ਦੇਖਣਾ, ਗਰਭਰਤੀ ਨੂੰ ਮਹਿੰਦੀ ਦੀ ਮਨਾਹੀ, ਸਿਰ ਤੇ ਤੇਲ ਲਗਾਉਣ ਦੀ ਮਨਾਹੀ ਅਤੇ ਗੜਤੀ ਦੇਣ ਦੇ ਰਿਵਾਜ ਕਿਧਰੇ ਅਲੋਪ ਹੋ ਗਏ ਹਨ। ਇਸ ਤੋਂ ਇਲਾਵਾ ਵਿਆਹ ਸਮੇਂ ਸੱਤ ਸੁਆਗਣਾ ਦੀ ਰੀਤ, ਛਟੀਆ ਖੇਡਣਾ, ਸਾਹਾ ਚਿੱਠੀ ਭੇਜਣਾ ਵੀ ਸਮੇਂ ਦੇ ਨਾਲ ਸੱਭਿਆਚਾਰ ਦਾ ਹਿੱਸਾ ਨਹੀ ਰਹੇ। ਔਰਤਾਂ ਦੇ ਦੁਆਰਾ ਗਾਏ ਜਾਣ ਵਾਲੇ ਗੀਤਾਂ ਦਾ ਸਰੂਪ ਵੀ ਬਦਲ ਗਿਆ ਹੈ ਅਤੇ ਇੰਨ੍ਹਾਂ ਗੀਤਾਂ ਨੇ ਲੇਡੀਜ ਸੰਗੀਤਾਂ ਦਾ ਰੂਪ ਧਾਰਨ ਕਰ ਲਿਆ ਹੈ।ਵਿਆਹ ਸਮੇਂ ਮੰਜਿਆਂ ਨੂੰ ਜੋੜ ਕੇ ਸਪੀਕਰ ਲਾਉਣ ਵੀ ਲੋਕ ਭੁੱਲ ਗਏ ਹਨ।
ਲੋਕ ਘਰਾਂ ਦੀ ਥਾਂ ਅਧੁਨਿਕ ਜੰ੍ਹਝ ਘਰ (ਮੈਰਿਜ ਪੈਲਸ) ਵਿੱਚ ਵਿਆਹ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਆਰਕੈਸਟਰਾਂ ਗਰੁੱਪਾਂ ਨੇ ਔਰਤਾਂ ਦੁਆਰਾ ਗਾਏ ਜਾਂਦੇ ਟੱਪੇ, ਸਿਠਣੀ ਘੌੜੀਆ ਖਤਮ ਕਰ ਦਿੱਤੇ ਹਨ। ਕੰਗਨਾਂ ਖੇਡਣ ਦੀ ਰਸਮ ਵੀ ਖ਼ਤਮ ਹੁੰਦੀ ਜਾ ਰਹੀ ਹੈ। ਜਾਗੋ ਵੀ ਇਕ ਰਸਮ ਬਣ ਕਿ ਰਹਿ ਗਈ ਹੈ। ਮਰਨ ਸੰਬੰਧੀ ਵੀ ਰਸਮਾਂ ਬਹੁਤ ਬਦਲ ਗਈਆ ਮਰਨ ਤੋਂ ਪਹਿਲਾਂ ਦਾਨ ਕਰਨਾ, ਬਜੁਰਗ ਦੀ ਮੌਤ ਨੂੰ ਵੱਡਾ ਕਰਨ ਦੀ ਰਸਮ ਮਰਨ ਵਾਲੇ ਦੇ ਮੂੰਹ ਵਿੱਚ ਤੁਲਸੀ ਅਤੇ ਗੰਗਾ ਜਲ ਪਾਉਣ ਅਤੇ ਵੱਡੇ ਮੁੰਡੇ ਦਾ ਮੰਡਨ ਕਰਨਾ ਅਜਿਹੀਆ ਰਸਮਾਂ ਵੀ ਸਾਡੇ ਸੱਭਿਆਚਾਰ ਵਿੱਚ ਅਲੋਪ ਹੋ ਗਈਆਂ ਹਨ। ਪੱਛਮੀ ਸੱਭਿਆਚਾਰ ਦਾ ਪ੍ਰਭਾਵ ਬੱਚਿਆਂ ‘ਤੇ ਬਹੁਤ ਜ਼ਿਆਦਾ ਪਿਆ ਹੈ ਬੱਚੇ ਆਪਣਾ ਲੋਕ ਖੇਡਾਂ ਜਿਵਂੇ ਗੱਲੀ ਡੰਡਾ, ਬਾਂਦਰ ਕਿੱਲਾ ਆਦਿ ਤੋਂ ਦੂਰ ਹੋ ਕੇ ਮੋਬਾਇਲ ਅਤੇ ਵੀਡਿਓ ਗੇਮਾਂ ਵਿੱਚ ਆਪਣਾ ਬਚਪਨ ਗੁਆ ਦਿੰਦੇ ਹਨ।ਇਸ ਕਾਰਨ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ‘ਤੇ ਬਹੁਤ ਪ੍ਰਭਾਵ ਪਂੈਦਾ ਹੈ।ਦਾਦੇ ਦਾਦੀ ਦੀਆਂ ਕਹਾਣੀਆਂ ਸੁਣ ਦਾ ਬੱਚਿਆਂ ਕੋਲ ਸਮਾਂ ਨਹੀਂ ਰਿਹਾ ਹੈ, ਜਿਸ ਕਾਰਨ ਬੱਚੇ ਆਪਣੇ ਦਾਦੇ ਦਾਦੀ ਤੋਂ ਦੂਰ ਹੰਦੇ ਜਾ ਰਹੇ ਹਨ।ਜੇਕਰ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਪੱਛਮੀ ਸੱਭਿਆਚਾਰ ਦੇ ਪਹਿਰਾਵੇ ਨੇ ਸਾਡੇ ਪਹਿਰਾਵੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।ਸ਼ਿੰਗਾਰ ਦੇ ਰੂਪ ਵਿੱਚ ਪਰਾਂਦੀ, ਸੰਗੀ ਫੁੱਲ, ਨੱਥ ਅਤੇ ਝਾਜਰਾਂ ਵੀ ਅਲੋਪ ਹੁੰਦੀਆਂ ਜਾ ਰਹੀਆ ਹਨ। ਔਰਤਾਂ ਘੁੰਡ ਕੱਡਣਾ ਤਾਂ ਜਿਵੇਂ ਭੁੱਲ ਹੀ ਗਈਆਂ ਹਨ। ਸਾਡਾ ਪੰਜਾਬੀ ਖੀਣ-ਪੀਣ ਵਿੱਚ ਪੱਛਮੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਗਿਆ ਹੈ।ਸ਼ਹਿਰੀ ਲੋਕਾਂ ਡਾਇਟ ਪਲੈਨ ‘ਚੋਂ ਮੱਕੀ, ਬਾਜਰੇ ਦੀ ਰੋਟੀ, ਸਰਂੋ ਦਾ ਸਾਗ ਅਤੇ ਲੱਸੀ ਬਾਹਰ ਹੁੰਦੀ ਜਾ ਰਹੀ ਹੈ ਅਤੇ ਫਾਸਟ ਫੂਡ ਜੀਵਨ ਦਾ ਹਿੱਸਾ ਬਣ ਗਏ ਹਨ।ਘਿਉ ਪੀਣਾ ਤਾਂ ਪੰਜਾਬੀ ਭੁੱਲ ਗਏ ਹਨ। ਇਹਨਾਂ ਦੀ ਜਗ੍ਹਾ ਬਰਗਰ, ਪੀਜੇ ਅਤੇ ਨਿਊਡਲ ਜਿਹੇ ਹੋਰ ਬਹੁਤ ਭੋਜਨ ਆ ਗਏ ਹਨ। ਜਿਹੜੇ ਕਿ ਕਿਤੇ ਨਾ ਕਿਤੇ ਸਾਡੀ ਸਿਹਤ ਦਾ ਨੁਕਸਾਨ ਕਰਦੇ ਹਨ।
ਦੁੱਧ ਪੁੱਤ ਨਾ ਵੇਚਣ ਦੀ ਕਹਾਵਤ ਇੱਕ ਕਹਾਵਤ ਬਣ ਕਿ ਹੀ ਰਹਿ ਗਈ ਹੈ। ਲੋਕ ਅਰਥਿਕਤਾ ਦੇ ਲਈ ਦੁੱਧ ਵੇਚਦੇ ਹਨ। ਜੋ ਕਿ ਪਹਿਲਾਂ ਅਪਸ਼ਗਨ ਸਮਝਿਆ ਜਾਂਦਾ ਸੀ। ਰਸ਼ਤਿਆਂ ‘ਚ ਮਿਠਾਸ ਦੀ ਥਾਂ ਕੁੱੜਤਣ ਵਧਦੀ ਜਾ ਰਹੀ ਹੈ। ਜਿਸ ਕਾਰਨ ਰਿਸਤੇ ਅਤੇ ਪਰਿਵਾਰ ਦੀਆਂ ਮਜ਼ਬੂਤ ਤੰਦਾਂ ਟੁੱਟਣ ਲੱਗੀਆਂ ਹਨ। ਸੰਯੂਕਤ ਪਰਿਵਾਰ ਅੱਜ ਇਕਹਿਰੇ ਪਰਿਵਾਰ ਬਣ ਕਿ ਰਹਿ ਗਏ ਹਨ। ਵਧੇਰੇ ਪਿੰਡਾਂ ਵਿੱਚੋਂ ਛੱਪੜ ਅਤੇ ਸੱਥਾਂ ਕਿਧਰੇ ਗਾਇਬ ਹੀ ਹੋ ਗਈਆ ਹਨ।ਜਿਸ ਕਾਰਨ ਲੋਕਾਂ ‘ਚੋਂ ਆਪਸੀ ਭਾਈਚਾਰਿਕ ਸਾਂਝ ਗੁਵਾਚਣ ਲੱਗੀ ਹੈ। ਪੱਛਮੀ ਸੱਭਅਤਾ ਦੇ ਪ੍ਰਭਾਵ ਹੇਠ ਆ ਕੇ ਲੋਕਾਂ ਕੱਚਾ ਘਰਾਂ ਨੂੰ ਕੋਠੀਆ ਦੇ ਵਿੱਚ ਬਦਲ ਦਿੱਤਾ ਹੈ। ਚਾਟੀ, ਹੱਥ ਮਧਾਨੀ ਅਤੇ ਹਾਰੇ ਵੀ ਘਰਾਂ ਦਾ ਸਿੰਗਾਰ ਨਹੀ ਬਣ ਸਕੇ ਅਤੇ ਅਲੋਪ ਹੋਣ ਕਿਨਾਰੇ ਪਹੁੰਚ ਚੁੱਕੇ ਹਨ।ਮਸ਼ੀਨੀਕਰਨ ਦੇ ਕਾਰਨ ਖੇਤੀਬਾੜੀ ਕਰਨ ਦੇ ਢੰਗ ਤਰੀਕੇ ਹੀ ਬਦਲ ਗਏ ਹਨ।
ਵੱਡੇ-ਵੱਡੇ ਹਮਲਾਵਰਾਂ ਦੇ ਦੰਦ ਖੱਟੇ ਕਰਨ ਵਾਲੇ ਜ਼ਿਆਦਾਤਰ ਦਲੇਰ ਪੰਜਾਬੀ ਨੌਜਵਾਨ ਮਿਹਨਤ ਕਰਨ ਦੀ ਬਜਾਏ ਨਸ਼ਿਆਂ ਦੇ ਸੁਮੰਦਰ ‘ਚ ਤਾਰੀਆਂ ਲਾ ਰਹੇ ਹਨ।ਜਿਸ ਕਾਰਨ ਗੁਰੂ ਨਾਨਕ ਦੇਵ ਜੀ ਵਲੋਂ “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ” ਨਾਮ ਉਪਦੇਸ਼ ਨੌਜਵਾਨਾਂ ਦੇ ਦਿਲਾਂ ‘ਚੋਂ ਵਿਸਰਦਾ ਜਾ ਰਿਹਾ ਹੈ।ਜੇਕਰ ਪੰਜਾਬ ਦੇ ਮੌਜੂਦਾਂ ਹਲਾਤਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਰੱਜ ਕਿ ਖਾਹ ਦੱਬ ਕਿ ਵਾਹ ਜਿਹੀ ਕਹਾਵਤ ਵੀ ਕਿਧਰੇ ਗਾਇਬ ਹੋ ਗਈਆ ਹਨ। ਵਿਗਿਆਨਕ ਕਾਢਾਂ ਸਾਡੇ ਜੀਵਨ ਨੂੰ ਇਸ ਕਦਰ ਤੱਕ ਪ੍ਰਭਾਵਿਤ ਕੀਤਾ ਹੈ ਕਿ ਸਵਾਣੀਆਂ ਚਰਖਾਂ ਕੱਤਣਾ, ਦਰੀਆਂ ਖੇਸ ਬਣਾਉਣਾ ਲੋਕ ਭੁਲ ਗਈਆਂ ਹਨ।
ਮੰਨਿਆਂ ਜਾਂਦਾ ਹੈ ਕਿ ਸਮੇਂ ਦੇ ਅਨੁਸਾਰ ਬਦਲਾਅ ਆਉਣਾ ਤਾਂ ਕੁਦਰਤੀ ਹੈ ਪਰ ਇਹ ਬਦਲਾਅ ਕਈ ਵਾਰ ਨੇ ਵੱਡੇ ਪੱਧਰ ਤੇ ਆ ਜਾਂਦਾ ਹੈ ਜਿੱਥੋਂ ਪੁਰਾਤਨਤਾ ਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਹੋ ਹੀ ਅੱਜ ਸਾਡੇ ਪੰਜਾਬੀ ਸਭਿਆਚਾਰ ਨਾਲ ਹੋ ਰਿਹਾ ਹੈ।ਪੱਛਮੀ ਸੱਭਿਆਚਾਰ ਦਾ ਪ੍ਰਭਾਵ ਸਾਡੇ ਸੱਭਿਆਚਾਰ ‘ਤੇ ਇਸ ਕਦਰ ਪੈ ਰਿਹਾ ਹੈ ਲੋਕ ਆਪਣੀਆਂ ਜੜ੍ਹਾਂ ਤੋਂ ਹੀ ਦੂਰ ਹੁੰਦੇ ਜਾ ਰਹੇ ਹਨ।ਜਰੂਰੀ ਨਹੀ ਕਿ ਨਵੇਂ ਨੂੰ ਆਪਣਾ ਕੇ ਪੁਰਾਣਾ ਨੂੰ ਭੁੱਲਿਆ ਜਾਵੇ। ਸਮੇਂ ਦੀ ਨਜਾਕਤ ਸਮਝਦੇ ਹੋਏ ਪੱਛਮੀ ਸਭਿਆਚਾਰ ਦੇ ਪ੍ਰਭਾਵ ‘ਚੋਂ ਬਾਹਰ ਆ ਕਿ ਪੰਜਾਬੀ ਸਭਿਆਚਾਰ ਦੀਆਂ ਜੜਾਂ ਨਾਲ ਜੁੜ ਕੇ ਹੀ ਇਕ ਚੰਗੇ ਸਭਿਆਚਾਰ ਦੀ ਨੀਂਹ ਰੱਖੀ ਜਾ ਸਕਦੀ ਹੈ। ਤਾਂ ਕਿ ਆਪਣੀ ਵਾਲੀ ਪੀੜ੍ਹੀ ਅਲੋਪ ਹੋ ਰਹੇ ਸਭਿਆਚਾਰ ਦੀ ਖੁਸਬੂ ਦਾ ਅਨੰਦ ਮਾਣ ਸਕੇ ਅਤੇ ਸਾਡੇ ਅਮੀਰ ਵਿਰਸੇ ਨੂੰ ਜੀਉਂਦਾ ਰੱਖਿਆ ਜਾ ਸਕੇ।
ਗੁਰਵਿੰਦਰ ਸਿੰਘ ਸਿੱਧੂ
ਮੋਬਾਈਲ 94658-26040