21 Apr 2021

ਸੈਂਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਸਿਖਲਾਈ ਦਾ ਪਹਿਲਾ ਗੇੜ ਸਮਾਪਤ

– ਮਿਸ਼ਨ ਸ਼ਤ-ਪ੍ਰਤੀਸ਼ਤ, ਦਾਖਲਾ ਮੁਹਿੰਮ ਅਤੇ ਬਾਲ ਪ੍ਰਤਿਭਾ ਮੇਲਿਆਂ ਲਈ ਸਕੂਲ ਮੁਖੀ ਯੋਜਨਾਬੰਦੀ ਕਰਨ – ਸਿੱਖਿਆ ਸਕੱਤਰ

ਐੱਸ.ਏ.ਐੱਸ. ਨਗਰ 26 ਫਰਵਰੀ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਹਿੱਤ ਮੁੱਖ ਦਫ਼ਤਰ ਵੱਲੋਂ ਸੈਂਟਰ ਹੈੱਡ ਟੀਚਰਾਂ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਵਿੱਖੇ ਸੈਂਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਸਿਖਲਾਈ ਵਰਕਸ਼ਾਪ ਦੇ 9 ਗੇੜਾਂ ਵਿੱਚੋਂ ਪਹਿਲਾ ਗੇੜ 25 ਅਤੇ 26 ਫਰਵਰੀ ਨੂੰ ਆਯੋਜਿਤ ਹੋਇਆ। ਇਸ ਪਹਿਲੇ ਗੇੜ ਵਿੱਚ 100 ਦੇ ਕਰੀਬ ਸੈਂਟਰ ਹੈੱਡ ਟੀਚਰਾਂ ਨੇ ਭਾਗ ਲਿਆ।

ਇਸ ਸਿਖਲਾਈ ਵਰਕਸ਼ਾਪ ਦੇ ਪਹਿਲੇ ਗੇੜ ਵਿੱਚ ਭਾਗ ਲੈ ਰਹੇ ਸਮੂਹ ਸੈਂਟਰ ਹੈੱਡ ਟੀਚਰਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਮੂਹ ਸਕੂਲ ਮੁਖੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਬੱਚਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਸਿੱਖਿਆ ਦੇ ਮਿਆਰ ਨੂੰ ਵਧੀਆ ਬਣਾਇਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਫਲੈਗਸ਼ਿਪ ਪ੍ਰੋਗਰਾਮ ਤਹਿਤ ਬੱਚਿਆਂ ਦੇ ਸਿੱਖਣ ਪੱਧਰਾਂ ਵਿੱਚ ਮਿਆਰੀ ਸੁਧਾਰ ਹੋਇਆ ਹੈ। ਸਕੂਲਾਂ ਨੂੰ ਸਮਾਰਟ ਬਣਾਉਣ ਲਈ ਸਰਕਾਰ ਵੱਲੋਂ ਜਾਰੀ ਗ੍ਰਾਂਟਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਵਰਤ ਕੇ ਅਤੇ ਸਮੁਦਾਇ ਦਾ ਸਹਿਯੋਗ ਲੈ ਕੇ ਸਕੂਲਾਂ ਦੀ ਦਿੱਖ ਨੂੰ ਆਕਰਸ਼ਕ ਬਣਾਇਆ ਹੈ। ਸਕੂਲੀ ਅਧਿਆਪਕਾਂ ਨੇ ਜਿੱਥੇ ਪ੍ਰਾਇਮਰੀ ਦੀਆਂ ਕਿਤਾਬਾਂ ਨੂੰ ਨਵੇਂ ਸਿਰੇ ਤੋਂ ਲਿਖ ਕੇ ਸਮੇਂ ਦਾ ਹਾਣੀ ਬਣਾਇਆ ਹੈ ਉੱਥੇ ਹੀ ਮਿਹਨਤੀ ਅਧਿਆਪਕਾਂ ਨੇ ਈ-ਕੰਟੈਂਟ ਤਿਆਰ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਹੁਣ ਸਕੂਲਾਂ ਵਿੱਚ ਸਮਾਰਟ ਕਲਾਸਰੂਮਜ਼ ਦੇ ਅੰਦਰ ਪ੍ਰੋਜੈਕਟਰ ਅਤੇ ਐਲ.ਈ.ਡੀਜ਼. ਸਥਾਪਿਤ ਹਨ ਜਿਸ ਨਾਲ ਈ-ਕੰਟੇਂਟ ਦੀ ਬਾਖੂਬੀ ਵਰਤੋਂ ਕਰਨ ਲਈ ਸਕੂਲ ਮੁਖੀਆਂ ਨੂੰ ਇਹਨਾਂ ਸਿਖਲਾਈ ਵਰਕਸ਼ਾਪਾਂ ਦੌਰਾਨ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਉਹਨਾਂ ਸਮੂਹ ਸਕੂਲ ਸੈਂਟਰ ਹੈੱਡ ਟੀਚਰਾਂ ਨੂੰ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਲਈ ਵੀ ਲਾਹੇਵੰਦ ਸਾਬਤ ਹੋ ਰਿਹਾ ਹੈ। ਇਸਦੇ ਨਾਲ ਹੀ ਇਸ ਐਜੂਕੇਅਰ ਐਪ ਨੂੰ ਨਾ ਕੇਵਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ, ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਹੀ ਵਰਤ ਰਹੇ ਹਨ ਸਗੋਂ ਪ੍ਰਾਪਤ ਅੰਕੜਿਆਂ ਅਨੁਸਾਰ ਬਾਹਰੀ ਰਾਜਾਂ ਵਿੱਚ ਵੀ ਇਸਨੂੰ ਸਰਕਾਰੀ ਅਤੇ ਨਿਜੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਦੇਖਿਆ ਅਤੇ ਵਰਤਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਸਮੂਹ ਅਧਿਆਪਕ ਅਤੇ ਸਕੂਲ ਮੁਖੀ ਬੱਚਿਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਐੱਲ਼.ਈ.ਡੀਜ਼. ਜਾਂ ਪ੍ਰੋਜੈਕਟ ਰਾਹੀਂ ਕਰਨਾ ਸਿਖਾਉਣ ਤਾਂ ਜੋ ਬੱਚੇ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਲਾਹਾ ਲੈ ਸਕਣ।

ਸਿਖਲਾਈ ਵਰਕਸ਼ਾਪ ਦੌਰਾਨ ਡੀਪੀਆਈ ਐਲੀਮੈਂਟਰੀ ਸਿੱਖਿਆ ਲਲਿਤ ਕਿਸ਼ੋਰ ਘਈ ਅਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਜਗਤਾਰ ਸਿੰਘ ਕੂਲੜੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਲਗਨ ਅਤੇ ਮਿਹਨਤ ਕਾਰਜ ਕਰਕੇ ਸਕੂਲਾਂ ਦੇ ਵਿਕਾਸ ਅਤੇ ਗੁਣਾਤਮਿਕ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ।

ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਇਸ ਸਿਖਲਾਈ ਵਰਕਸ਼ਾਪ ਦੇ ਦੋ ਦਿਨਾਂ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ, ਮਾਪੇ ਅਧਿਆਪਕ ਮਿਲਣੀਆਂ ਵਿੱਚ ਦਿੱਤੀ ਜਾਣ ਵਾਲੀਆਂ ਜਾਣਕਾਰੀਆਂ ਬਾਰੇ ਚਰਚਾ, ਸਕੂਲਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਈ-ਮੈਗਜ਼ੀਨ ਜਾਂ ਹੱਥ ਲਿਖਤ ਮੈਗਜ਼ੀਨਾਂ ਦੇ ਤਿਆਰ ਕਰਨ ਬਾਰੇ ਜਾਣਕਾਰੀ, ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਮਾਡਲ ਕਮਰਿਆਂ ਦੀ ਦਿੱਖ ਅਤੇ ਵਿਦਿਆਰਥੀਆਂ ਨੂੰ ਕਰਵਾਏ ਜਾਣ ਵਾਲੇ ਪਾਠਕ੍ਰਮ ਅਤੇ ਸਿੱਖਣ-ਸਿਖਾਉਣ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਖਲਾਈ ਦੌਰਾਨ ਸਮਾਰਟ ਸਕੂਲਾਂ ਦੀ ਪ੍ਰਗਤੀ, ਅਧਿਆਪਕਾਂ ਦੀ ਸਮਰੱਥਾ ਉਸਾਰੀ, ਪੰਜਾਬ ਪ੍ਰਾਪਤੀ ਸਰਵੇਖਣ ਦੇ ਤਜ਼ਰਬਿਆਂ ਤੋਂ ਨੈਸ਼ਨਲ ਅਚੀਵਮੈਂਟ ਸਰਵੇ ਲਈ ਤਿਆਰੀ ਦੀ ਵਿਉਂਤਬੰਦੀ ਕਰਨੀ, ਆਰਥਿਕ ਸਰਵੇਖਣ ਦੌਰਾਨ ਪੰਜਾਬ ਦੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਹਾਜ਼ਰੀ ਦੇਸ਼ ਵਿੱਚ ਸਭ ਤੋਂ ਵੱਧ ਰਹਿਣਾ, ਕੋਵਿਡ ਦੌਰਾਨ ਵਿਦਿਆਰਥੀਆਂ ਨਾਲ ਸੰਪਰਕ ਬਣਾ ਕੇ ਰੱਖਣ ਅਤੇ ਸਿੱਖਣ ਸਮੱਗਰੀ ਉਪਲਬਧ ਕਰਵਾਉਣ ਵਿੱਚ ਪੰਜਾਬ ਦੇ ਅਧਿਆਪਕਾਂ ਵੱਲੋਂ ਕੀਤੀਆਂ ਪਹਿਲਕਦਮੀਆਂ ਬਾਰੇ ਚਰਚਾ ਵੀ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 26 ਤੋਂ 31 ਮਾਰਚ ਤੱਕ ਬਾਲ ਪ੍ਰਤਿਭਾ ਮੇਲੇ ਲਗਾਏ ਜਾਣੇ ਹਨ। ਇਹਨਾਂ ਮੇਲਿਆਂ ਦੌਰਾਨ ਵਿਦਿਆਰਥੀਆਂ ਦੇ ਹੁਨਰ ਅਤੇ ਬੌਧਿਕ ਵਿਕਾਸ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣ ਲਈ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਇਸ ਲਈ ਸੋਸ਼ਲ਼ ਅਤੇ ਹੋਰ ਮੀਡੀਆ ਦੀ ਬਾਖੂਬੀ ਵਰਤੋਂ ਕੀਤੀ ਜਾਵੇ।

Read more