ਡਿਪਟੀ ਕਮਿਸ਼ਨਰ ਵੱਲੋਂ ਹਫਤਾਵਾਰੀ ਫੇਸਬੁੱਕ ਪ੍ਰੋੋਗਰਾਮ ਦੌਰਾਨ ਲੋਕਾਂ ਲਈ ਅਹਿਮ ਜਾਣਕਾਰੀ ਪੇਸ਼
3759 ਲੋਕ ਕੋਰੋਨਾ ਵਾਇਰਸ ਨੂੰ ਹਰਾ ਕੇ ਹੋਏ ਸਿਹਤਯਾਬ
ਫਾਜ਼ਿਲਕਾ, 6 ਜਨਵਰੀ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋੋਗਰਾਮ ਦੌਰਾਨ ਜ਼ਿਲਾ ਵਾਸੀਆਂ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ।ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਫਾਜ਼ਿਲਕਾ ਦੇ 3759 ਕਰੋੋਨਾ ਮਰੀਜ ਕਰੋੋਨਾ ਖਿਲਾਫ ਜੰਗ ਜਿੱਤ ਦੇ ਤੰਦਰੁਸਤ ਹੋੋ ਚੁੱਕੇ ਹਨ। ਹੁਣ ਤੱਕ ਪੂਰੇ ਜਿਲੇ ਵਿੱਚ 3861 ਕਰੋੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ।ਜ਼ਿਲੇ ਅੰਦਰ ਹੁਣ ਐਕਟਿਵ ਕੇਸਾਂ ਦੀ ਗਿਣਤੀ 34 ਰਹਿ ਗਈ ਹੈ ਅਤੇ 68 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲੇ ਅੰਦਰ 4 ਜਣਿਆਂ ਨੇ ਕਰੋਨਾ ਨੂੰ ਮਾਤ ਦਿੱਤੀ ਹੈ ਅਤੇ 5 ਜਣਿਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਉਨਾਂ ਕਿਹਾ ਕਿ ਅਜੇ ਤੱਕ ਕਰੋਨਾ ਦੀ ਵੈਕਸਿਨ ਨਾ ਆਉਣ ਕਰਕੇ ਸਾਵਧਾਨੀਆਂ ਹੀ ਬਚਾਅ ਦਾ ਸਾਧਨ ਹਨ। ਉਨਾਂ ਕਿਹਾ ਕਿ ਬਾਹਰ ਜਾਣ ਸਮੇਂ ਹਰੇਕ ਵਿਅਕਤੀ ਵੱਲੋਂ ਮਾਸਕ ਜ਼ਰੂਰ ਲਗਾਇਆ ਜਾਵੇ, ਵਾਰ-ਵਾਰ ਹੱਥ ਧੋਤੇ ਜਾਣ ਅਤੇ ਸਮਾਜਿਕ ਦੂਰੀ ਵੀ ਬਣਾ ਕੇ ਰੱਖੀ ਜਾਵੇ।
ਉਨਾਂ ਲੋਕਾਂ ਨੂੰ ਕੋਵਿਡ ਦੇ ਨਾਲ ਸਰਦੀ ਦੇ ਮੌਸਮ ਵਿਚ ਠੰਡੀਆਂ ਹਵਾਵਾਂ ਤੋਂ ਬਚਣ ਲਈ ਵੀ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸ਼ਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖਣ ਵਾਲੇ ਕਪੜੇ ਪਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਠੰਡੀਆਂ ਹਵਾਵਾਂ ਸਿਹਤ ਲਈ ਖਤਰਨਾਕ ਸਾਬਿਤ ਹੋ ਸਕਦੀਆਂ ਹਨ।ਉਨ੍ਹਾਂ ਕਿਹਾ ਲੋੜ ਪੈਣ `ਤੇ ਹੀ ਬਾਹਰ ਜਾਇਆ ਜਾਵੇ ਅਤੇ ਬਜੁਰਗ, ਗਰਭਵਤੀ ਔਰਤਾਂ ਤੇ ਬੱਚੇ ਠੰਡੀਆਂ ਹਵਾਵਾਂ ਤੋਂ ਬਚਣ ਲਈ ਖਾਸ ਪਰਹੇਜ਼ ਰੱਖਣ।