ਕਾਂਗਰਸ ਵਰਕਿੰਗ ਕਮੇਟੀ ਮੀਟਿੰਗ : ਸੁਨੀਲ ਜਾਖੜ ਰਾਹੁਲ ਗਾਂਧੀ ਦੇ ਹੱਕ ਵਿਚ ਗਰਜੇ-ਬਾਜਵਾ ਨੇ ਵੀ ਕੀਤਾ ਸਮਰੱਥਨ


-ਕਾਂਗਰਸ ਦੀ ਬੇੜੀ ਨੂੰ ਪਾਰ ਰਾਹੁਲ ਗਾਂਧੀ ਹੀ ਲਾ ਸਕਦੇ ਹਨ : ਜਾਖੜ

–ਸੁਖਜਿੰਦਰ ਸਿੰਘ ਧਾਲੀਵਾਲ—
ਨਵੀਂ ਦਿੱਲੀ, 10 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਨਵੀਂ ਦਿੱਲੀ ਵਿਖੇ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਅੱਜ ਇੱਕ ਵਾਰ ਫੇਰ ਰਾਹੁਲ ਗਾਂਧੀ ਦੇ ਹੱਥ ਹੀ ਕਾਂਗਰਸ ਦੀ ਵਾਂਗਡੋਰ ਸੌਂਪੇ ਜਾਣ ਦੀ ਵਕਾਲਤ ਕੀਤੀ। ਕਾਂਗਰਸ ਹਾਈਕਮਾਂਡ ਦੇ ਇੱਕ ਸੀਨੀਅਰ ਆਗੂ ਨੇ ਪੰਜਾਬਅੱਪਡੇਟ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਅਹਿਮ ਮੀਟਿੰਗ ਵਿਚ ਜਾਖੜ ਨੇ ਰਾਹੁਲ ਗਾਂਧੀ ਦੇ ਹੱਕ ਵਿਚ ਬੋਲਦਿਆਂ ਕਿਹਾ ਕਿ ਰਾਹੁਲ ਹੀ ਪਾਰਟੀ ਦੇ ਅਜਿਹੇ ਆਗੂ ਹਨ ਜਿਹੜੇ ਕਾਂਗਰਸ ਦੀ ਬੇੜੀ ਨੂੰ ਪਾਰ ਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੌਜਵਾਨਾਂ ਦੀ ਆਵਾਜ਼ ਬਣ ਕੇ ਦੇਸ਼ ਦੀ ਅਗਵਾਈ ਕਰਨ ਦੇ ਸਮਰੱਥ ਹਨ। ਇਸ ਲਈ ਕਿਸੇ ਹੋਰ ਆਗੂ ਨੂੰ ਨਵਾਂ ਪ੍ਰਧਾਨ ਬਣਾਉਣ ਦੀ ਕੋਈ ਲੋੜ ਨਹੀਂ ਹੈ ਬਲਕਿ ਰਾਹੁਲ ਗਾਂਧੀ ਨੂੰ ਮਨਾ ਕੇ ਕਮਾਨ ਸੌਂਪਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਇਸ ਸਮੇਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਹੁਲ ਗਾਂਧੀ ਨੂੰ ਹੀ ਅੱਗੇ ਲਿਆਂਦਾ ਜਾਣਾ ਚਾਹੀਦਾ ਹੈ। ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਵਿਚ ਜਾਖੜ ਦੇ ਸਟੈਂਡ ਦੀ ਹਮਾਇਤ ਕਰਦਿਆਂ ਪ੍ਰਤਾਪ ਬਾਜਵਾ ਨੇ ਵੀ ਰਾਹੁਲ ਗਾਂਧੀ ਨੂੰ ਹੀ ਮੁੜ ਕਮਾਨ ਸੌਂਪੇ ਜਾਣ ਦੀ ਮੰਗ ਰੱਖੀ। ਬਾਜਵਾ ਨੇ ਕਿਹਾ ਕਿ ਦੇਸ਼ ਨੂੰ ਇਸ ਸਮੇਂ ਮਜ਼ਬੂਤ ਵਿਰੋਧੀ ਧਿਰ ਕਾਂਗਰਸ ਦੇ ਲੀਡਰ ਦੀ ਲੋੜ ਹੈ, ਜੋ ਸੱਤਾਧਿਰ ਭਾਜਪਾ ਦੀਆਂ ਦੇਸ਼ ਵਿਰੋਧੀ ਤੇ ਗਲਤ ਨੀਤੀਆਂ ਖਿਲਾਫ਼ ਲੋਕਾਂ ਦੀ ਆਵਾਜ਼ ਬਣ ਸਕੇ। ਬਾਜਵਾ ਨੇ ਕਿਹਾ ਕਿ ਰਾਹੁਲ ਗਾਂਧੀ ਤੋਂ ਵਧੀਆ ਲੀਡਰ ਹੋਰ ਕੋਈ ਹੋ ਨਹੀਂ ਸਕਦਾ।
ਮੀਟਿੰਗ ਵਿਚ ਜਾਖੜ ਅਤੇ ਬਾਜਵਾ ਵਲੋਂ ਰਾਹੁਲ ਗਾਂਧੀ ਦੇ ਹੱਕ ਵਿਚ ਡੱਟਣ ਤੋਂ ਬਾਅਦ ਹੋਰਨਾਂ ਮੈਂਬਰਾਂ ਨੇ ਵੀ ਰਾਹੁਲ ਗਾਂਧੀ ਨੂੰ ਹੀ ਮੁੜ ਕਮਾਨ ਸੌਂਪੇ ਜਾਣ ਦੀ ਗੱਲ ਕੀਤੀ। 
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਕਾਰ 36 ਦਾ ਅੰਕੜਾ ਹੈ। ਜਾਖੜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜ੍ਹੇ ਵਿਚੋਂ ਹਨ ਜਦੋਂ ਕਿ ਪ੍ਰਤਾਪ ਬਾਜਵਾ ਦੀ ਕੈਪਟਨ ਨਾਲ ਨਹੀਂ ਬਣਦੀ। 
ਜਿਸ ਸਮੇਂ ਪੰਜਾਬ ਦੇ ਉਕਤ ਦੋਵੇਂ ਆਗੂ ਸੁਨੀਲ ਜਾਖੜ ਅਤੇ ਪ੍ਰਤਾਪ ਬਾਜਵਾ ਰਾਹੁਲ ਗਾਂਧੀ ਨੂੰ ਹੀ ਪਾਰਟੀ ਦੀ ਕਮਾਨ ਸੌਂਪੇ ਜਾਣ ਦੀ ਵਕਾਲਤ ਕਰ ਰਹੇ ਸਨ ਉਸ ਸਮੇਂ ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਵੀ ਮੀਟਿੰਗ ਵਿਚ ਮੌਜ਼ੂਦ ਸਨ। ਜਾਖੜ ਤੇ ਬਾਜਵਾ ਨੇ ਕਿਹਾ ਰਾਹੁਲ ਗਾਂਧੀ ਤੋਂ ਬਿਨ੍ਹਾਂ ਉਨ੍ਹਾਂ ਨੂੰ ਕੋਈ ਹੋਰ ਲੀਡਰ ਪ੍ਰਧਾਨ ਮਨਜ਼ੂਰ ਨਹੀਂ ਹੈ ਅਤੇ ਇਹ ਆਵਾਜ਼ ਪੰਜਾਬ ਕਾਂਗਰਸ ਦੀ ਲੀਡਰਸ਼ਿਪ, ਨੇਤਾਵਾਂ ਅਤੇ ਕਾਂਗਰਸੀ ਵਰਕਰਾਂ ਦੀ ਹੈ। 

 

Read more