‘ਦਾਅਵੇ ਤੇ ਵਾਅਦੇ’ : ਨਾ ਨੌਜਵਾਨਾਂ ਨੂੰ ਘਰ-ਘਰ ਨੌਕਰੀਆਂ ਮਿਲੀਆਂ, ਨਾ ਬੇਰੁਜ਼ਗਾਰੀ ਭੱਤਾ ਤੇ ਨਾ ਸਮਾਰਟ ਫੋਨ


ਕਾਂਗਰਸ-ਆਪ ਨੇ ਮਿਲ ਕੇ ਮਾਰੀ ਪੰਜਾਬ ਦੇ ਨੌਜਵਾਨਾਂ ਨਾਲ ਠੱਗੀ : ਪਰਮਿੰਦਰ ਬਰਾੜ
-ਕਿਹਾ-ਨੌਜਵਾਨਾਂ ਤੇ ਬੇਰੁਜ਼ਗਾਰਾਂ ਦੀਆਂ ਭਾਵਨਾਵਾਂ ਨਾਲ ਹੋਇਆ ਖਿਲਵਾੜ  
”ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੱਤਾ ਹਥਿਆਉਣ ਲਈ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਬਹੁਤ ਵੱਡੀ ਠੱਗੀ ਮਾਰੀ, ਜਿਸ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਤਿੰਨ ਸਾਲ ਹੋ ਗਏ ਸੂਬੇ ‘ਚ ਕਾਂਗਰਸ ਸਰਕਾਰ ਬਣੀ ਨੂੰ ਅਤੇ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਨਾ ਨੌਜਵਾਨਾਂ ਨੂੰ ਘਰ-ਘਰ ਸਰਕਾਰੀ ਨੌਕਰੀਆਂ ਮਿਲੀਆਂ, ਨਾ ਬੇਰੁਜ਼ਗਾਰੀ ਭੱਤਾ, ਨਾ ਮੁਫਤ ਵਿੱਦਿਆ, ਨਾ ਵਜ਼ੀਫੇ ਅਤੇ ਨਾ ਹੀ ਸਮਾਰਟ ਫੋਨ ਮਿਲੇ।  ਕਾਂਗਰਸ ਦੀ ਵਾਅਦਾਖਿਲਾਫ਼ੀ  ਤੋਂ ਦੁਖ਼ੀ ਹੋ ਕੇ ਪੰਜਾਬ ਦੇ ਨੌਜਵਾਨ ਮਜ਼ਬੂਰੀਵੱਸ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ਾਂ ਵੱਲ ਜਾ ਰਹੇ ਹਨ। ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਆਮ ਆਦਮੀ ਪਾਰਟੀ ਵੀ ਕਾਂਗਰਸ ਸਰਕਾਰ ਨਾਲ ਮਿਲ ਕੇ ਫਰੈਂਡਲੀ ਮੈਚ ਖੇਡ ਰਹੀ। ”  
        ਇਹ ਦਾਅਵਾ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੀਤਾ ਹੈਬਰਾੜ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਸੂਬੇ ਦੇ ਨੌਜਵਾਨ ਅੱਕ ਚੁੱਕੇ ਹਨ। 2017 ਤੋਂ ਲੈ ਕੇ ਹੁਣ 2020 ਆ ਗਿਆ ਹੈ, ਤਿੰਨ ਸਾਲਾਂ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਸਿਵਾਏ ਝੂਠੇ ਵਾਅਦਿਆਂ ਤੋਂ ਕੁੱਝ ਨਹੀਂ ਮਿਲਿਆ। ਨੌਕਰੀਆਂ ਤੇ ਬੇਰੁਜ਼ਗਾਰੀ ਭੱਤੇ ਦੇਣਾਂ ਤਾਂ ਦੂਰ ਦੀ ਗੱਲ ਕਾਂਗਰਸ ਸਰਕਾਰ ਤਾਂ ਸਮਾਰਟ ਫੋਨ ਦੇਣ ਤੋਂ ਵੀ ਭੱਜ ਗਈ ਹੈ। ਕੈਪਟਨ ਸਾਹਿਬ ਨੇ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਆਪਣੀ ਫੇਸਬੁੱਕ, ਟਵਿੱਟਰ ਅਤੇ ਪ੍ਰੈਸ ਬਿਆਨ ਦੇ ਕੇ ਕਿਹਾ ਸੀ ਕਿ ਨੌਜਵਾਨਾਂ ਨੂੰ ਸਰਕਾਰ 26 ਜਨਵਰੀ ਦੇ ਮੌਕੇ ਉਤੇ ਸਮਾਰਟ ਫੋਨ ਵੰਡੇਗੀ ਪਰ ਵੀ ਲਾਰਾ ਹੀ ਸਾਬਤ ਹੋਇਆ। ਕਦੇ ਮਨਪ੍ਰੀਤ ਬਾਦਲ ਤੇ ਕਦੇ ਕੈਪਟਨ ਸਾਹਿਬ ਨੌਜਵਾਨਾਂ ਨੂੰ ਕਹਿੰਦੇ ਹਨ ਅੱਜ, ਕਦੇ ਕਹਿੰਦੇ ਹਨ ਕਲ੍ਹ ਵਾਅਦੇ ਪੂਰੇ ਕਰਾਂਗੇ ਪ੍ਰੰਤੂ ਹੁੰਦਾ ਕੁੱਝ ਨਹੀਂ। ਕਾਂਗਰਸ ਸਰਕਾਰ ਦੀ ਵਾਅਦਾਖਿਲਾਫੀ ਤੋਂ ਅੱਕ ਕੇ ਨੌਜਵਾਨ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਭਾਲ ਲਈ ਜਾ ਰਹੇ ਹਨ।

ਬਰਾੜ ਨੇ ਕਿਹਾ ਕਿ ਹਰੇਕ ਦੇਸ਼ ਅਤੇ ਸੂਬੇ ਦਾ ਭਵਿੱਖ ਨੌਜਵਾਨ ਵਰਗ ਦੇ ਹੱਥ ਹੁੰਦਾ ਹੈ। ਜੇਕਰ ਇਹ ਵਰਗ ਖ਼ੁਦ ਹੀ ਨਿਰਾਸ਼ਾ ਦੇ ਆਲਮ ਵਿਚ ਡੁੱਬਿਆ ਹੋਵੇ ਤਾਂ ਤਰੱਕੀ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿੱਥੇ ਝੂਠ ਦੇ ਬਲਬੂਤੇ ਉਤੇ ਸੂਬੇ ਵਿਚ ਸਰਕਾਰ ਬਣਾਈ ਉਥੇ ਹੀ ਆਮ ਆਦਮੀ ਪਾਰਟੀ ਨੇ ਵੀ ਨੌਜਵਾਨਾਂ, ਕਿਸਾਨਾਂ, ਗਰੀਬਾਂ ਨੂੰ ਆਪਣੇ ਝੂਠੇ, ਗੁੰਮਰਾਹਕੁੰਨ ਪ੍ਰਚਾਰ ਵਿਚ ਫਸਾ ਕੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ। ਦੋਵਾਂ ਦਾ ਫਰੈਂਡਲੀ ਮੈਚ ਹੁਣ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਨਾਲ ਨੰਗਾ ਹੋ ਗਿਆ ਹੈ। ਚੋਣਾਂ ਜਿੱਤਣ ਲਈ ਕਾਂਗਰਸ ਕਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਹਿਲਾਂ ਕਾਂਗਰਸ ਵਿਚ ਸ਼ਾਮਲ ਕਰ ਲੈਂਦੀ ਹੈ ਅਤੇ ਮਕਸਦ ਪੂਰਾ ਹੋਣ ਤੋਂ ਬਾਅਦ ਵਾਪਸ ਆਪ ਵਿਚ ਭੇਜ ਦਿੰਦੀ ਹੈ।
ਇੱਕ ਸਵਾਲ ਦੇ ਜਵਾਬ ਵਿਚ ਬਰਾੜ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਵਜ਼ੀਫੇ ਅਤੇ ਸਮਾਰਟ ਫੋਨ ਤਾਂ ਕੀ ਦੇਣੇ ਸੀ ਸਗੋਂ ਉਨ੍ਹਾਂ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਬਹਾਨੇ ਕਾਲਜਾਂ ‘ਚ ਪ੍ਰਾਈਵੇਟ ਕੰਪਨੀਆਂ ਦੇ ਹਵਾਈ ਨੌਕਰੀ ਮੇਲੇ ਲਾ ਕੇ ਨੌਜਵਾਨਾਂ ਦੇ ਜ਼ਖਮਾਂ ਉਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਸੂਬੇ ਦੇ ਨੌਜਵਾਨ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਾਂਝੀਆਂ ਸਾਜਿਸ਼ਾਂ ਤੋਂ ਜਾਗਰੂਕ ਹੋ ਰਹੇ ਹਨ ਅਤੇ ਹੁਣ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਦਮ ਲੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਝੂਠ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਬਲਬੂਤੇ ਉਤੇ ਹੀ ਸਰਕਾਰ ਬਣਾਈ ਸੀ, ਜਿਹੜੀ ਹੀ ਡਾਵਾਂਡੋਲ ਹੋਈ ਪਈ ਹੈ। ਸੈਂਟਰਲ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਦੀ ਇੱਕ ਰਿਪੋਰਟ ਮੁਤਾਬਕ ਸੂਬੇ ਦੇ 22 ਲੱਖ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਬੇਰੁਜ਼ਗਾਰ ਨੌਜਵਾਨਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਤਾਂ ਲੈ ਲਈਆਂ ਪ੍ਰੰਤੂ ਵਾਅਦੇ ਪੂਰੇ ਕਰਨ ਵੇਲੇ ਖਜ਼ਾਨਾ ਖਾਲੀ ਹੋਣ ਦਾ ਲਾਰਾ ਲਾ ਕੇ ਭੱਜ ਰਹੀ ਹੈ।  
ਬਰਾੜ ਨੇ ਦਾਅਵਾ ਕੀਤਾ ਕਿ ਐਸਓਆਈ ਨੌਜਵਾਨਾਂ ਨੂੰ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਅਤੇ ਕਿਸਾਨਾਂ ਦੇ ਕਰਜ਼ਿਆਂ ਉਤੇ ਮੁਕੰਮਲ ਲਕੀਰ ਫੇਰਨ ਦੇ ਕੀਤੇ ਵਾਅਦਿਆਂ ਤੋਂ ਕਾਂਗਰਸ ਸਰਕਾਰ ਨੂੰ ਭੱਜਣ ਨਹੀਂ ਦੇਵੇਗੀ ਅਤੇ ਯੂਥ ਦੀ ਕਚਹਿਰੀ ਵਿਚ ਹੀ ਨੰਗਾ ਕਰੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਨਿੱਤ ਨਵੇਂ ਬਹਾਨੇ ਘੜ ਰਹੀ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿਚ ਪਰਮਿੰਦਰ ਬਰਾੜ ਨੇ ਕਿਹਾ ਕੈਪਟਨ ਜਿਨ੍ਹਾਂ ਸੈਂਕੜੇ ਚੋਣ ਵਾਆਦਿਆਂ ਤੋਂ ਮੁਕਰਿਆ ਹੈ ਉਨ੍ਹਾਂ ‘ਚ ਵਿਦਿਆਰਥੀਆਂ ਨਾਲ ਕੀਤੇ 41 ਅਤੇ ਬੇਰੁਜ਼ਗਾਰਾਂ ਨਾਲ ਕੀਤੇ ਹੋਏ 50 ਤੋਂ ਵੱਧ ਵਾਅਦੇ ਵੀ ਸ਼ਾਮਿਲ ਹਨ। ਇਹ ਸਾਰੇ ਵਾਅਦੇ 2017 ਦੀ ਵਿਧਾਨ ਸਭਾ ਚੋਣ ਮੌਕੇ ਜਾਰੀ ਕੀਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਪੰਨਾ ਨੰਬਰ 51 ਤੋਂ 58 ਤੱਕ ਅਤੇ 86 ਤੋਂ 91 ਤੱਕ ਕੁੱਲ 14 ਪੰਨਿਆਂ ਉੱਤੇ ਅੰਕਿਤ ਹਨ। ਇਨ੍ਹਾਂ ਵਾਆਦਿਆਂ ਚ ਘਰ ਘਰ ਨੌਕਰੀ ਦੇਣਾ, ਸ਼ਹੀਦ ਭਗਤ ਸਿੰਘ ਰੁਜ਼ਗਾਰ ਯੋਜਨਾ, ਆਪਣੀ ਗੱਡੀ ਆਪਣਾ ਰੁਜ਼ਗਾਰ ਯੋਜਨਾ, ਹਰਾ ਟਰੈਕਟਰ ਯੋਜਨਾ, ਬੇਰੁਜ਼ਗਾਰਾਂ ਨੂੰ 2500 ਰੂਪੈ ਮਹੀਨਾ ਭੱਤਾ,ਜੀਡੀਪੀ ਦਾ 6% ਸਿਖਿਆ ਉੱਤੇ ਖਰਚ ਕਰਨਾ, ਡਿਜ਼ੀਟਲ ਸਿਖਿਆ, ਪਹਿਲੇ 100 ਦਿਨਾਂ ਚ 50 ਨਵੇਂ ਡਿਗਰੀ ਕਾਲਜ ਖੋਲਣੇ,ਵਿਦਿਆਰਥੀਆਂ ਨੂੰ ਮੁਫਤ ਟਰਾਂਸਪੋਰਟ ਸਹੂਲਤ, ਪ੍ਰਤਾਪ ਸਿੰਘ ਕੈਰੋਂ ਸਕਾਲਰਸ਼ਿਪ ਯੋਜਨਾ,ਆਦਿ ਸ਼ਾਮਿਲ ਹਨ ਜਿਨ੍ਹਾਂ ਤੋਂ ਕੈਪਟਨ ਮੁਕਰਿਆ ਹੈ ਅਤੇ ਇੱਕ ਵੀ ਵਾਆਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕੈਪਟਨ ਸਰਕਾਰ ਨੇ ਰੁਜ਼ਗਾਰ ਤਾਂ ਕੀ ਦੇਣਾ ਸੀ ਬਲਕਿ 45000 ਹਜਾਰ ਤਨਖਾਹ ਲੈਣ ਵਾਲੇ ਅਧਿਆਪਕਾਂ ਦੀਆਂ ਤਨਖਾਹਾਂ ਉੱਤੇ ਕੱਟ ਲਾਕੇ 15000 ਤਨਖਾਹ ਕਰ ਦਿੱਤੀ ਹੈ, ਮੁਲਜ਼ਮਾਂ ਨੂੰ ਡੀਏ ਦੀਆਂ  ਕਿਸ਼ਤਾਂ ਨਹੀਂ ਦਿੱਤੀਆਂ, ਸੈਂਕੜੇ ਠੇਕਾ ਅਧਾਰਿਤ ਕਾਮਿਆਂ ਨੂੰ ਨੌਕਰੀਆਂ ਤੋਂ ਹਟਾਇਆ ਗਿਆ, ਹੱਕ ਮੰਗਣ ਵਾਲਿਆਂ ਨੂੰ ਲਾਠੀਆਂ,ਜੇਲ੍ਹਾਂ ਅਤੇ ਨੌਕਰੀਆਂ ਤੋਂ ਬਰਖਾਸਤਗੀ ਦੇ ਹੁਕਮ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ  ਪੰਜਾਬ ਚ ਸਰਕਾਰ ਨਾਂਅ ਦੀ ਕੋਈ ਸ਼ੈਅ ਨਹੀਂ ਹਰ ਪਾਸੇ ਹਾਹਾਕਾਰ ਮੱਚੀ ਪਈ ਹੈ। ਇੱਥੋਂ ਤੱਕ ਕਿ ਕਿਸੇ ਕਾਂਗਰਸੀ ਵਿਧਾਇਕ ਦੀ ਸੁਣਵਾਈ ਨਹੀਂ ਹੋ ਰਹੀ ਆਮ ਲੋਕਾਂ ਦੀਆਂ ਤਕਲੀਫਾਂ ਕੌਣ ਸੁਣੇਗਾ ਕੈਪਟਨ ਸਾਹਿਬ ਵਿਦੇਸ਼ ਵਿਚ ਛੁੱਟੀਆਂ ਮਨ੍ਹਾ ਰਹੇ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿਚ ਬਰਾੜ ਨੇ ਦੋਸ਼ ਲਾਇਆ ਕਿ ਕੈਪਟਨ ਨੇ ਘਰ-ਘਰ ਰੁਜਗਾਰ ਦੇਣ ਦਾ ਵਾਆਦਾ ਬੇਰੁਜ਼ਗਾਰਾਂ ਨਾਲ ਨਹੀਂ ਨਿਭਾਇਆ ਬਲਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਤਾਮਿਲਨਾਡੂ ਤੋਂ ਲਿਆਂਦੀ ਗਈ ਬੀਏ ਦੀ ਡਿਗਰੀ ਦੇ ਆਧਾਰ ਉੱਤੇ ਡੀਐਸਪੀ ਭਰਤੀ ਕਰਕੇ ਆਪਣਾ ਧੜਾ ਮਜ਼ਬੂਤ ਕੀਤਾ ਹੈ,ਬੀਬੀ ਰਾਜਿੰਦਰ ਕੌਰ ਭੱਠਲ ਦਾ 40 ਲੱਖ ਦਾ ਬਕਾਇਆ ਮੁਆਫ ਕਰ ਦਿੱਤਾ ਅਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਰੇਤ ਦੀਆਂ ਖੱਡਾਂ ਦੇ ਮਾਲਕ ਬਣਾ ਕੇ ਲੁੱਟ ਰੂਪੀ ਰੁਜ਼ਗਾਰ ਦਿੱਤਾ ਹੋਇਆ ਹੈ।ਕੈਪਟਨ ਸਰਕਾਰ ਰੁਜ਼ਗਾਰ ਮੇਲਿਆਂ ਦੇ ਨਾਂਅ ਉੱਤੇ ਬੇਰੁਜ਼ਗਾਰਾਂ ਨੂੰ ਪ੍ਰਾਈਵੇਟ ਕੰਪਨੀਆਂ ਕੋਲੋਂ ਖੱਜਲ ਖੁਆਰ ਕਰਵਾ ਰਹੀਂ ਹੈ ਜਿਸ ਕਰਕੇ ਬੇਰੁਜ਼ਗਾਰਾਂ ਨੇ ਡਰਾਮਾ ਰੂਪੀ ਇਨ੍ਹਾਂ ਮੇਲਿਆਂ ਚ ਜਾਣਾ ਬੰਦ ਕਰ ਦਿੱਤਾ ਹੈ।
ਵਿਦਿਆਰਥੀ ਨੇਤਾ ਬਰਾੜ ਨੇ ਵਿਦਿਆਰਥੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਪੰਜਾਬ ਚ 60 ਫੀਸਦੀ ਵੋਟਾਂ ਨੌਜਵਾਨਾਂ ਦੀਆਂ ਹਨ,ਆਪਾਂ ਇੱਕਠੇ ਹੋਈਏ ਅਤੇ ਆਪਣੀ ਸਰਕਾਰ ਬਣਾਈਏ।

Read more