19 Apr 2021

ਭਗਤ ਸਿੰਘ ਦੇ ਸ਼ਹੀਦੀ ਦਿਨ ਮੌਕੇ ਵਿਸ਼ੇਸ:- ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੀ ਜੀਵਨ ਗਾਥਾ

       ਸਾਡੇ ਸੋਹਣੇ ਦੇਸ਼ ਭਾਰਤ ਨੂੰ ਅੰਗਰੇਜ਼ਾਂ ਦੀਆਂ ਜ਼ਜੀਰਾਂ ਤੋਂ ਮੁਕਤ ਕਰਵਾਉਣ ਲਈ ਬਹੁਤ ਸਾਰੇ ਸੂਰਬੀਰਾਂ ਨੇ ਆਪਣੀਆਂ ਜਾਨਾਂ ਕਰਬਾਨ ਕਰਕੇ ਸ਼ਹੀਦੀ ਦਾ ਜਾਮ ਪੀਤਾ।ਦੇਸ਼ ਦੀ ਅਜ਼ਾਦੀ ਲਈ ਸਮੇਂ-ਸਮੇਂ ਤੇ ਬਹੁਤ ਸਾਰੇ ਦੇਸ਼ ਭਗਤਾਂ ਨੇ ਜਾਨਾਂ ਦੇਸ਼ ਦੇ ਨਾਂ ਲਾਇਆ।ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਵੀ ਇੰਨ੍ਹਾਂ ਸੂਰਬੀਰਾਂ ਚੋਂ ਹੀ ਸਨ।ਜਿੰਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹੱਸ ਕੇ ਸ਼ਹੀਦਾਂ ਦਾ ਜਾਮ ਪੀਤਾ।ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਸੁਖਦੇਵ ਥਾਪਰ ਤੇ ਸਿਵਰਾਮ ਰਾਜਗੁਰੂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ।

ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ) ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿੱਦਿਆਵਤੀ ਸੀ। ਭਗਤ ਸਿੰਘ ਦਾ ਜਨਮ ਹੀ ਕ੍ਰਾਂਤੀਕਾਰੀ ਪਰਿਵਾਰ ਵਿੱਚ ਹੋਇਆ ਸੀ, ਜਿਸ ਕਾਰਨ ਉਸਨੂੰ ਪਰਿਵਾਰ ਵਿਚੋਂ ਹੀ ਅਜ਼ਾਦੀ ਦੀ ਲੜਾਈ ਦੀ ਗੁੜਤੀ ਮਿਲੀ ਸੀ।ਸ਼ਹੀਦ ਭਗਤ ਸਿੰਘ ਦੇ ਚਾਚਾ ਸ੍ਰ. ਅਜੀਤ ਸਿੰਘ ਪਗੜੀ ਸੰਭਾਲ ਜੱਟਾਲਹਿਰ ਦੇ ਬਾਨੀ ਸਨ। ਭਗਤ ਸਿੰਘ ਨੇ ਮੁੱਢਲੀ ਪੜਾਈ ਪੂਰੀ ਕਰਨ ਤੋ ਬਾਅਦ ਲਾਹੌਰ ਦੇ ਡੀ. ਏ. ਵੀ. ਹਾਈ ਸਕੂਲ ਵਿੱਚ ਦਾਖਲਾ ਲੈ ਲਿਆ।ਇੱਥੇ ਹੀ ਭਗਤ ਸਿੰਘ ਦਾ ਸੁਖਦੇਵ ਨਾਲ ਸਪੰਰਕ ਹੋਇਆ ਅਤੇ ਉਨ੍ਹਾਂ ਇਕੱਠੇ ਹੀ ਲਾਇਲਪੁਰ ਦੇ ਸਨਾਤਮ ਧਰਮ ਸਕੂਲ ਤੋਂ 1922 ਈ. ਵਿੱਚ ਦਸਵੀਂ ਪਾਸ ਕੀਤੀ।ਇਸਤੋਂ ਬਾਅਦ 1923 ਈ. ਵਿੱਚ ਨੈਸ਼ਨਲ ਕਾਲਜ ਵਿੱਚ ਦਾਖਲ ਹੋ ਗਿਆ।

ਦਸਵੀਂ ਕਰਨ ਤੋਂ ਬਾਅਦ ਭਗਤ ਸਿੰਘ ਤੇ ਸੁਖਦੇਵ ਹਿੰਦੁਸਤਾਨ ਸ਼ੋਸਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣ ਗਏ ਸਨ। ਜਦਂੋ ਬਨਾਰਸ ਦੇ ਕ੍ਰਾਂਤੀਕਾਰੀ ਸ਼ਿਵ ਵਰਮਾ ਨੇ ਰਾਜਗੁਰੂ ਨਾਲ ਸਪੰਰਕ ਕੀਤਾ ਤੇ ਉਸਨੂੰ ਕ੍ਰਾਂਤੀਕਾਰੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ ਤਾਂ ਰਾਜਗੁਰੂ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਸ਼ਾਮਲ ਹੋ ਗਿਆ ਅਤੇ ਜਲਦੀ ਹੀ ਲਾਹੌਰ ਪੁੱਜਾ, ਇਥੇ ਉਸਦਾ ਸੰਪਰਕ ਭਗਤ ਸਿੰਘ ਨਾਲ ਹੋਇਆ ਤੇ ਉਹ ਭਗਤ ਸਿੰਘ ਦਾ ਸਾਥੀ ਅਤੇ ਪ੍ਰਸੰਸਕ ਬਣ ਗਿਆ। ਰਾਜਗੁਰੂ ਅੰਦਰ ਵੀ ਭਗਤ ਸਿੰਘ ਤੇ ਸੁਖਦੇਵ ਵਾਂਗ ਸ਼ੌਕ-ਏ-ਸ਼ਹਾਦਤ ਦਾ ਅਥਾਹ ਜਜਬਾ ਸੀ। ਉਹ ਭਗਤ ਸਿੰਘ ਦੇ ਹਮੇਸ਼ਾ ਨਾਲ ਹੀ ਰਹਿੰਦਾ, ਜਿਸ ਕਾਰਨ ਸਾਰੇ ਉਸਨੂੰ ਭਗਤ ਸਿੰਘ ਦਾ ਗੰਨਮੈਨ ਕਹਿੰਦੇ ਸਨ।

ਸੰਨ 1928 ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ, ਪਰ ਇਸ ਵਿੱਚ ਕਿਸੇ ਵੀ ਭਾਰਤੀ ਮੈਂਬਰ ਨੂੰ ਸ਼ਾਮਿਲ ਨਾ ਕੀਤਾ ਗਿਆ ਤਾਂ ਭਾਰਤੀਆਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਜਦੋਂ ਬ੍ਰਿਟਿਸ਼ ਸਰਕਾਰ ਦਾ ਕਮਿਸ਼ਨ 30 ਅਕਤੁਬਰ 1928 ਨੂੰ ਲਾਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਲੋਕਾਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਪੁਲਿਸ ਭੀੜ ਨੂੰ ਭਜਾਉਣ ਦੀ ਕੋਸ਼ਿਸ਼ ਕਰਦੀ ਰਹੀ,ਪਰ ਇਸ ਦੌਰਾਨ ਭੀੜ ਵਧੇਰੇ ਹਿੰਸਕ ਹੋ ਗਈ।ਅੰਗਰੇਜ ਸੁਪਰਡੈਂਟ ਅਫਸਰ ਸਕਾਟ ਨੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿੱਤਾ। ਇਸ ਲਾਠੀਚਾਰਜ ਵਿਚ ਲਾਲਾ ਜੀ ਜਖ਼ਮੀ ਹੋ ਗਏ ਤੇ ਕੁਝ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਗਈ।ਹਿੰਦੋਸਤਾਨ ਸੋਸਲਿਸ਼ਟ ਰਿਪਬਲੀਕਨ ਐਸੋਸੀਏਸ਼ਨ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਸਹੂੰ ਖਾਧੀ।ਭਗਤ ਸਿੰਘ ਨੇ ਸਕਾਟ ਨੂੰ ਮਾਰਨ ਲਈ ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ ਅਤੇ ਚੰਦਰ ਸੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਯੋਜਨਾ ਉਲੀਕੀ।ਰਾਜਗੁਰੂ ਤੇ ਭਗਤ ਸਿੰਘ ਨੂੰ ਸਕਾਟ ਨੂੰ ਮਾਰਨ ਦੀ ਜ਼ਿੰਮੇਵਾਰੀ ਸੋਂਪੀ ਗਈ ਤੇ ਆਜ਼ਾਦ ਨੂੰ ਉਹਨਾਂ ਦੀ ਰੱਖਿਆ ਕਰਨ ਲਈ ਕਿਹਾ ਗਿਆ।17 ਦਸੰਬਰ 1928 ਪੁਲਿਸ ਹੈੱਡਕੁਆਟਰ ਤੇ ਸਕਾਟ ਦੀ ਥਾਂ ਸਾਂਡਰਸ ਮੋਟਰਸਾਈਕਲ ਤੇ ਆ ਰਿਹਾ ਸੀ।ਰਾਜਗੁਰੂ ਨੇ ਇਸ਼ਾਰਾ ਮਿਲਦੇ ਹੀ ਗੋਲੀ ਚਲਾ ਦਿੱਤੀ,ਪ੍ਰੰਤੂ ਸਕਾਟ ਦੀ ਥਾਂ ਸਾਂਡਰਸ ਮਾਰਿਆ ਗਿਆ, ਜੋ ਉਸ ਸਮੇਂ ਦਾ ਡੀ.ਐਸ.ਪੀ. ਸੀ ਭਗਤ ਸਿੰਘ ਨੇ ਜਖ਼ਮੀ ਹੋਏ ਸਾਂਡਰਸ ਤੇ ਗੋਲੀਆਂ ਚਲਾ ਕੇ ਮਾਰ ਦਿੱਤਾ।

ਭਗਤ ਸਿੰਘ, ਰਾਜਗੁਰੂ, ਆਜ਼ਾਦ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ।ਇਸ ਦੌਰਾਨ ਪੁਲਿਸ ਨੇ ਕ੍ਰਾਂਤੀਕਾਰੀਆਂ ਦੀ ਭਾਲ ਸੁਰੂ ਕਰ ਦਿੱਤੀ।19 ਦਸੰਬਰ 1928 ਨੂੰ ਸੁਖਦੇਵ ਨੇ ਦੁਰਗਾਵੰਤੀ ਨਾਲ ਗੱਲਬਾਤ ਕੀਤੀ, ਜੋ ਕਿ ਭਗਵਤੀ ਚਰਨ ਵੋਹਰਾ ਦੀ ਪਤਨੀ ਸੀ(ਜਿਸਨੂੰ ਭਗਤ ਸਿੰਘ ਦੁਰਗਾ ਭਾਬੀ ਕਹਿੰਦਾ ਸੀ), ਨੂੰ ਭਗਤ ਸਿੰਘ ਦੀ ਪਤਨੀ ਦਾ ਰੋਲ ਬਾਰੇ ਕਿਹਾ ਗਿਆ।ਭਗਤ ਸਿੰਘ ਨੇ ਆਪਣਾ ਭੇਸ ਬਦਲਣ ਲਈ ਕੇਸ ਕੱਟ ਕੇ ਪਛੱਮੀ ਕੱਪੜੇ ਪਹਿਨ ਲਏ ਅਤੇ ਦਰਗਾ ਭਾਬੀ ਦੇ ਸੁੱਤੇ ਬੱਚੇ ਨੂੰ ਚੁੱਕ ਕੇ ਇੱਕ ਨੌਜਵਾਨ ਜੋੜੇ ਦੇ ਰੂਪ ਧਾਰਨ ਕਰ ਲਿਆ।ਜਿਸ ਕਾਰਨ ਉਹ ਅੱਗੇ ਲੰਘ ਗਏ।ਰਾਜਗੁਰੂ ਵੀ ਉਨ੍ਹਾਂ ਦੇ ਨੌਕਰ ਦੇ ਰੂਪ ਵਿਚ ਧਾਰਨ ਕਰ ਲਿਆ, ਜਿਸ ਕਾਰਨ ਉਹ ਵਿੱਚ ਅੱਗੇ ਜਾਣ ਵਿੱਚ ਕਾਮਯਾਬ ਹੋ ਗਿਆ।ਅਖਿਰ ਉਹ ਤਿੰਨਂੋ ਕਾਨਪੁਰ ਪਹੁੰਚ ਗਏ।

ਕੁਝ ਸਮੇਂ ਤੋਂ ਬਰਤਾਨਵੀ ਸਰਕਾਰ ਖ਼ਿਲਾਫ ਬਗਾਵਤ ਨੂੰ ਭੜਕਾਉਣ ਲਈ ਭਗਤ ਸਿੰਘ ਡਰਾਮੇ ਦੀ ਤਾਕਤ ਦਾ ਇਸਤੇਮਾਲ ਕਰ ਰਿਹਾ ਸੀ।ਭਗਤ ਸਿੰਘ ਕਹਿੰਦਾ ਸੀ ਕਿ ਬੋਲੀ ਹੋ ਚੁੱਕੀ ਸਰਕਾਰ ਦੇ ਕੰਨ ਖੋਲ੍ਹਣ ਲਈ ਧਮਾਕਾ ਕਰਨਾ ਜ਼ਰੂਰੀ ਹੈ ।ਜਿਸਤੋਂ ਬਾਅਦ ਪਾਰਟੀ ਨੇ ਐਂਸਬਲੀ ਵਿੱਚ ਧਮਾਕਾ ਕਰਨ ਦੀ ਯੋਜਨਾ ਬਣਾਈ। ਰਾਜਗੁਰੂ ਕਹਿ ਰਿਹਾ ਸੀ ਕਿ ਉਸਨੂੰ ਭਗਤ ਸਿੰਘ ਨਾਲ ਇਹ ਕਾਰਜ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇ।ਪ੍ਰੰਤੂ ਪਾਰਟੀ ਦੇ ਮੈਂਬਰਾਂ ਨੇ ਸਰਬਸਮੰਤੀ ਨਾਲ ਇਸ ਕਾਰਜ ਨੂੰ ਸਿਰੇ ਲਾਉਣ ਲਈ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ। ਅਪ੍ਰੈਲ 1929 ਨੂੰ ਕੇਂਦਰੀ ਐਸਬਲੀ ਵਿਚ ਇਨ੍ਹਾਂ ਦੋਵੇਂ ਕਾਂਤੀਕਾਰੀ ਨੇ ਇਕ ਖਾਲੀ ਥਾਂ ਤੇ ਬੰਬ ਸੁੱਟ ਕੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।ਦੋਵੇਂ ਕਾਂਤੀਕਾਰੀ ਉੱਚੀ-ਉੱਚੀ ਕਹਿ ਰਹੇ ਸਨ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ, ਸਿਰਫ ਡਰਾਉਣਾ ਸੀ।ਦੋਵਾਂ ਕਾਂਤੀਕਾਰੀਆਂ ਨੇ ਐਸਬਲੀ ਹਾਲ ਚ ਖੜ੍ਹ ਕੇ ਇੰਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।ਜਿਸਤੋਂ ਬਾਅਦ ਦੋਵਾਂ ਕਾਂਤੀਕਾਰੀ ਨੇ ਐਸਬਲੀ ਹਾਲ ਚੋਂ ਭੱਜਣ ਦੀ ਬਜਾਏ ਖੁਦ ਆਪਣੀ ਗ੍ਰਿਫਤਾਰੀ ਦਿੱਤੀ।ਦੋਵਾਂ ਕਾਂਤਕਾਰੀਆਂ ਉਪਰ ਬਰਤਾਨਵੀ ਸਰਕਾਰ ਵੱਲੋਂ ਕੇਸ ਚਲਾਇਆ ਗਿਆ ਅਤੇ ਆਖਿਰ ਇਹਨਾਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ।

ਸੰਨ 1929 ਵਿੱਚ ਹਿੰਦੁਸਤਾਨ ਸੋਸਲਿਸ਼ਟ ਰਿਪਬਲਿਕ ਐਸੋਸੀਏਸ਼ਨ(ਐਚ.ਐਮ.ਆਰ.ਏ.) ਨੇ ਲਾਹੌਰ ਤੇ ਸਹਾਰਨਪੁਰ ਵਿਚ ਬੰਬ ਫੈਕਟਰੀਆਂ ਸਥਾਪਿਤ ਕੀਤੀਆਂ।25 ਅਪ੍ਰੈਲ 1929 ਨੂੰ ਲਾਹੌਰ ਬੰਬ ਫੈਕਟਰੀ ਦੀ ਤਲਾਸੀ ਲਈ ਗਈ ਅਤੇ ਪੁਲਿਸ ਨੇ ਸੁਖਦੇਵ, ਕਿਸ਼ੋਰੀ ਲਾਲ ਅਤੇ ਜੈ ਗੋਪਾਲ ਸਮੇਤ ਹੋਰਨਾਂ ਕਾਂਤਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ।ਥੋੜੀ ਦੇਰ ਬਾਅਦ ਸਹਾਰਨਪੁਰ ਦੀ ਫੈਕਟਰੀ ਤੇ ਛਾਪਾ ਮਾਰਿਆ ਗਿਆ, ਇੱਥੇ ਵੀ ਕੁਝ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬੰਬ ਸੁੱਟਣ ਦੇ ਨਾਲ ਹੀ ਲਾਹੌਰ ਸਾਜਿਸ਼ ਕੇਸ ਅਧੀਨ ਸੁਖਦੇਵ, ਭਗਤ ਸਿੰਘ , ਰਾਜਗੁਰੂ, ਬੁਕੇਸਵਰ ਦੱਤ , ਕਮਲ ਨਾਥ, ਜਤਿੰਦਰ ਨਾਥ ਸਨਿਆਲ ਅਜੈ ਘੋਸ਼, ਮਹਾਂਵੀਰ ਸਿੰਘ,, ਸੁਰੇਂਦਰ ਪਾਂਡੇ ਭਗਵਾਨ ਦਾਸ ਲਾਹੌਰ, ਆਸ਼ਾ ਰਾਮ, ਪ੍ਰੇਮ ਦੱਤ , ਦੇਸ ਰਾਜਾ ਖ਼ਿਲਾਫ ਮੁੱਕਦਮਾ ਚੱਲਿਆ ।

ਇੰਨ੍ਹਾਂ ਕਾਂਤਕਾਰੀਆਂ ਦੇ ਸਾਥੀ ਹੰਸ ਰਾਜ ਵੋਹਰਾ ਅਤੇ ਜੈ ਗੋਪਾਲ (ਜੋ ਸਰਕਾਰੀ ਗਵਾਹ ਬਣ ਗਏ ਸਨ) ਦੇ ਬਿਆਨਾਂ ਦੇ ਆਧਾਰ ਤੇ ਲਾਹੌਰ ਸਾਜ਼ਿਸ ਕੇਸ ਦਾ ਮੁੱਕਦਮਾ ਚੱਲਿਆ।ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜ਼ਿਸ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਗਈ।ਅਖਿਰ ਤਿੰਨਾਂ ਇਨਕਲਾਬੀਆਂ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦੀ ਤਰੀਕ ਤੈਅ ਗਈ।ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ਵਿੱਚ ਭਾਰੀ ਰੋਸ ਆ ਗਿਆ, ਲਾਹੌਰ ਸ਼ਹਿਰ ਪੂਰੀ ਤਰ੍ਹਾਂ ਨਾਲ ਵਿਦਰੋਹ ਦੇ ਪੰਜੇ ਵਿਚ ਆ ਗਿਆ ਸੀ।ਲੋਕਾਂ ਦੇ ਭਾਰੀ ਰੋਸ ਨੂੰ ਦੇਖਦਿਆਂ ਅੰਗਰੇਜ਼ ਸਰਕਾਰ ਨੇ ਤਿੰਨਾਂ ਇਨਕਲਾਬੀਆਂ ਨੂੰ ਤੈਅ ਤਰੀਕ ਤੋਂ ਇਕ ਦਿਨ ਪਹਿਲਾਂ ਫਾਂਸੀ ਦੇਣ ਦਾ ਫੈਸਲਾ ਕੀਤਾ ਅਤੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਨੂੰ ਨਿਸ਼ਚਿਤ ਦਿਨ ਤੋਂ ਪਹਿਲਾ ਹੀ 23 ਮਾਰਚ 1931 ਨੂੰ ਸਾਮ 7.35 ਤੇ ਫਾਂਸੀ ਦੇ ਦਿੱਤੀ ਗਈ।ਇਸ ਦਾ ਪਤਾ ਲੱਗਣ ਤੇ ਲੋਕ ਵੱਡੀ ਗਿਣਤੀ ਵਿੱਚ ਜੇਲ੍ਹ ਦੇ ਗੇਟ ਅੱਗੇ ਆ ਗਏ।ਜਿਸਤੋਂ ਬਾਅਦ ਅੰਗਰੇਜ਼ ਸਰਕਾਰ ਨੇ ਤਿੰਨਾਂ ਇਨਕਲਾਬੀਆਂ ਦੀਆਂ ਲਾਸ਼ਾਂ ਨੂੰ ਜੇਲ ਦੇ ਵੱਡੇ ਦਰਵਾਜ਼ੇ ਦੀ ਬਜਾਏ ਜੇਲ ਦੀ ਪਿਛਲੀ ਦੀਵਾਰ ਤੋੜ ਕੇ ਹੁਸੈਨੀਵਾਲਾ ਵਿਖੇ ਸਤਲੁਜ ਦੇ ਕੰਢੇ ਬਿਨਾਂ ਕਿਸੇ ਰਸਮਾਂ ਦੇ ਸੰਸਕਾਰ ਕਰ ਦਿੱਤਾ।ਹੁਸੈਨੀਵਾਲਾ ਬਾਰਡਰ ਫਿਰੋਜਪੁਰ ਵਿਖੇ ਤਿੰਨਾਂ ਰਾਸ਼ਟਰੀ ਸ਼ਹੀਦਾਂ ਦੀ ਯਾਦਗਾਰੀ ਬਣੀ ਹੋਈ ਹੈ।

ਇਹ ਲੇਖਕ ਦੇ ਨਿੱਜੀ ਵਿਚਾਰ ਹਨ।  

ਹਰਸ਼ਦੀਪ ਸਿੰਘ ਬਰਾੜ

ਪਿੰਡ ਭਲਾਈਆਣਾ, ਜਿਲ੍ਹਾ ਸ਼੍ਰੀ ਮੁਕਤਸਰ ਸਹਿਬ

ਮੋਬਾਈਲ 88470-79671

Read more