ਕੈਪਟਨ ਸਰਕਾਰ ਨੂੰ ਝਟਕਾ : ਪੁਲਿਸ ਮੁਖੀ ਦਿਨਕਰ ਗੁਪਤਾ ਦੀ ਕੁਰਸੀ ਉਤੇ ਲਟਕੀ ਤਲਵਾਰ

– ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਕੈਟ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਦੱਸਿਆ ਗਲਤ

– ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਨਵਾਂ ਪੈਨਲ ਭੇਜਣ ਦਾ ਦਿੱਤਾ ਹੁਕਮ

ਪੰਜਾਬਅੱਪਡੇਟ ਬਿਊਰੋ

ਚੰਡੀਗੜ੍ਹ, 17 ਜਨਵਰੀ: ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਕੈਟ ਨੇ ਕੈਪਟਨ ਸਰਕਾਰ ਨੂੰ ਝਟਕਾ ਦਿੰਦਿਆਂ ਸੂਬੇ ਦੇ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਗਲਤ ਠਹਿਰਾਉਂਦਿਆਂ ਯੂਪੀਐਸਸੀ ਨੂੰ ਵੀ ਝਾੜ ਪਾਈ ਹੈ। ਕੈਟ ਨੇ ਯੂਪੀਐਸਸੀ ਨੂੰ ਨਵਾਂ ਡੀਜੀਪੀ ਲਾਉਣ ਲਈ ਤਿੰਨ ਅਧਿਕਾਰੀਆਂ ਦਾ ਪੈਨਲ ਮੰਗਣ ਲਈ ਕਿਹਾ ਹੈ। 

ਸ਼ੁੱਕਰਵਾਰ ਨੂੰ ਪੰਜਾਬ ਦੇ ਡੀਜੀਪੀ ਦੇ ਅਹੁਦੇ ਉਤੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਦਿਨਕਰ ਗੁਪਤਾ ਦੀ ਨਿਯੁਕਤੀ ਨਾਲ ਪਹਿਲਾਂ ਬਣਾਏ ਗਏ ਤਿੰਨ ਪੁਲਿਸ ਅਧਿਕਾਰੀਆਂ ਦੇ ਪੈਨਲ ਨੂੰ ਸੁਪਰੀਮ ਕੋਰਟ ਵਲੋਂ ਪ੍ਰਕਾਸ਼ ਸਿੰਘ ਮਾਮਲੇ ਵਿਚ ਦਿੱਤੇ ਗਏ ਫੈਸਲੇ ਦੇ ਉਲਟ ਦੱਸਿਆ ਹੈ। ਕੈਟ ਨੇ ਆਪਣੇ ਹੁਕਮਾਂ ਵਿਚ ਡੀਜੀਪੀ ਦੀ ਨਿਯੁਕਤੀ ਦੇ ਲਈ ਗਠਿਤ ਕੀਤੀ ਜਾਣ ਵਾਲੀ ਕਮੇਟੀ ਅਤੇ ਯੁਪੀਐਸਸੀ ਨੂੰ ਹੁਕਮ ਦਿੱਤੇ ਹਨ ਕਿ 4 ਹਫ਼ਤਿਆਂ ਦੇ ਅੰਦਰ ਦੁਬਾਰਾ ਤਿੰਨ ਸੀਨੀਅਰ ਅਧਿਕਾਰੀਆਂ ਦਾ ਪੈਨਲ ਬਣਾ ਕੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਭੇਜਿਆ ਜਾਵੇ। ਡੀਜੀਪੀ ਮੁਹੰਮਦ ਮੁਸਤਫਾ ਅਤੇ ਪਾਵਰਕਾਮ ਦੇ ਡੀਜੀਪੀ (1986 ਬੈਚ ਦੇ ਅਧਿਕਾਰੀ) ਸਿਧਾਰਥ ਚਟੋਪਾਧਿਆ ਨੇ ਸੂਬੇ ਦੇ ਡੀਜੀਪੀ ਦੇ ਅਹੁਦੇ ਲਈ ਨਿਯੁਕਤ ਕੀਤੇ ਗਏ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਪੰਜਾਬ ਸਰਕਾਰ ਅਤੇ ਯੂਪੀਐਸਸੀ ਦੇ ਫੈਸਲੇ ਖਿਲਾਫ਼ ਚੁਣੌਤੀ ਦਿੱਤੀ ਸੀ। ਇਨ੍ਹਾਂ ਦੋਵੇਂ ਅਧਿਕਾਰੀਆਂ ਨੇ ਦਾਇਰ ਪਟੀਸ਼ਨ ਵਿਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹ ਦਿਨਕਰ ਗੁਪਤਾ ਤੋਂ ਸੀਨੀਅਰ ਹਨ ਅਤੇ ਮੈਰਿਟ ਬੇਸ ਵਿਚ ਵੀ ਉਨ੍ਹਾਂ ਤੋਂ ਅੱਗੇ ਹਨ। ਇਸ ਲਈ ਦਿਨਕਰ ਤੋਂ ਪਹਿਲਾਂ ਉਨ੍ਹਾਂ ਨੂੰ ਡੀਜੀਪੀ ਬਣਨ ਦਾ ਅਧਿਕਾਰ ਮਿਲਣਾ ਚਾਹੀਦਾ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਸਾਡਾ ਪੁਲਿਸ ਰਿਕਾਰਡ ਵੀ ਚੰਗਾ ਰਿਹਾ ਹੈ। ਸਿਧਾਰਥ ਚਟੋਪਾਧਿਆ ਨੇ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੂੰ ਯੁਪੀਐਸਸੀ ਨੂੰ ਨਵੇਂ ਪੈਨਲ ਬਣਾਉਣ ਦੇ ਲਈ ਦਿਸ਼ਾ ਨਿਰਦੇਸ਼ ਦੇਣ ਦੀ ਅਪੀਲ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪੰਜਾਬ ਵਿਚ ਅੱਤਵਾਦ ਦੇ ਦੌਰ ਤੋਂ ਲੈ ਕੇ ਹੁਣ ਤੱਕ ਕਈ ਅਹਿਮ ਵਿਭਾਗਾਂ ਵਿਚ ਕੰਮ ਕੀਤਾ ਹੈ। 

>>>> ਕੈਟ order ਦੀ ਕਾਪੀ ਪੜਨ ਲਈ ਇੱਥੇ ਕਲਿੱਕ ਕਰੋ ਜੀ

ਇੱਥੇ ਇਹ ਦੱਸਣਯੋਗ ਹੈ ਕਿ ਕੈਪਟਨ ਸਰਕਾਰ ਨੇ ਪਿਛਲੇ ਸਾਲ ਹੀ ਸੂਬੇ ਦੇ ਪੁਲਿਸ ਮੁਖੀ ਦੇ ਅਹੁਦੇ ਉਤੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਨਿਯੁਕਤ ਕੀਤਾ ਸੀ। ਮੁਸਤਫਾ ਦਾ ਨਾਮ ਵੀ ਉਸ ਸੂਚੀ ਵਿਚ ਸੀ ਜੋ ਪੰਜਾਬ ਸਰਕਾਰ ਵਲੋਂ ਯੁਪੀਐਸਸੀ ਨੂੰ ਭੇਜੀ ਗਈ ਸੀ। ਪ੍ਰੰਤੂ ਯੁਪੀਐਸਸੀ ਵਲੋਂ ਜਿਹੜੇ ਤਿੰਨ ਅਧਿਕਾਰੀਆਂ ਦਾ ਨਾਮ ਸ਼ਾਰਟ ਲਿਸਟ ਕੀਤਾ ਗਿਆ ਉਨ੍ਹਾਂ ਵਿਚ ਮੁਸਤਫਾ ਦਾ ਨਾਮ ਨਹੀਂ ਸੀ। ਇਸ ਤੋਂ ਬਾਅਦ ਯੂਪੀਐਸਸੀ ਵਲੋਂ ਜੋ ਪੈਨਲ ਫਾਈਨਲ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ ਉਸ ਵਿਚ ਦਿਨਕਰ ਗੁਪਤਾ, ਐਮ ਕੇ ਤਿਵਾਰੀ ਅਤੇ ਵੀਕੇ ਭਾਵਰਾ ਦੇ ਨਾਮ ਸਨ, ਜਿਨ੍ਹਾਂ ਵਿਚੋਂ ਗੁਪਤਾ ਦੀ ਚੋਣ ਕੈਪਟਨ ਸਰਕਾਰ ਵਲੋਂ ਡੀਜੀਪੀ ਲਗਾਉਣ ਲਈ ਕੀਤੀ ਗਈ ਸੀ।

Read more