ਬਲਾਕ ਦੇ ਸਾਰੇ ਸਕੂਲਾਂ ਵਿੱਚ ਐੱਲ ਸੀ ਡੀ ਲਗਾ ਕੇ ਸਮਾਰਟ ਸਕੂਲਾਂ ਵਾਲੇ ਬਲਾਕ ਸਿੱਖਿਆ ਅਫ਼ਸਰਾਂ ਨੂੰ ਸਕੱਤਰ ਸਕੂਲ ਸਿੱਖਿਆ ਨੇ ਦਿੱਤੀ ਸ਼ਾਬਾਸ਼

 ਐੱਸ.ਏ.ਐੱਸ ਨਗਰ 10 ਨਵੰਬਰ :  ਸਮਾਰਟ ਸਕੂਲ ਮੁਹਿੰਮ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੋਹਣੇ  ਬਣਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।

ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਸ਼ਨ ਕੁਮਾਰ ਨੇ ਕਿਹਾ ਕਿ   ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਮਿਹਨਤੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਅਧਿਆਪਕਾਂ ਦੇ ਮਨਾਂ ਵਿੱਚ ਅਜਿਹੀ ਚਿਣਗ ਜਗੀ ਹੈ ਕਿ ਸਰਕਾਰੀ ਸਕੂਲ ਸੋਹਣੀ ਇਮਾਰਤ, ਅਤਿ ਆਧੁਨਿਕ ਤਕਨਾਲੋਜੀ ਨਾਲ਼ ਲੈੱਸ ਹੋਕੇ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਵਿੱਚ ਮੋਹਰੀ ਬਣ ਰਹੇ ਹਨ।  ਹਜ਼ਾਰਾਂ ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ ਅਤੇ ਇਸੇ ਲੜੀ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦਾ ਬਲਾਕ ਅੰਮ੍ਰਿਤਸਰ-2, ਜਿਲ੍ਹਾ ਤਰਨਤਾਰਨ ਦੇ ਚੋਹਲਾ ਸਾਹਿਬ , ਗੰਡੀਵਿੰਡ ਦੇ ਸਾਰੇ ਹੀ ਸਕੂਲਾਂ ਵਿੱਚ ਐਲ ਸੀ ਡੀਜ਼ ਜਾਂ ਪ੍ਰੋਜੈਕਟਰ ਲੱਗ ਚੁੱਕੇ ਹਨ।

ਜਿਸ ਬਾਰੇ ਕ੍ਰਿਸ਼ਨ ਕੁਮਾਰ  ਨੇ ਇਸ ਮਹੱਤਵਪੂਰਨ ਕਾਰਜ ਨੂੰ ਨੇਪਰੇ ਚੜ੍ਹਾਉਣ ਦਾ ਸਿਹਰਾ ਸਬੰਧਿਤ ਜਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਉਹਨਾਂ ਦੇ ਮਿਹਨਤੀ ਅਧਿਆਪਕਾਂ ਦੇ ਸਿਰ ਬੱਝਦਿਅਾਂ ਉਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਹੈ।

ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅੰਮ੍ਰਿਤਸਰ-2 ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਜਦੋਂ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਸਬੰਧੀ ਲਹਿਰ ਸ਼ੁਰੂ ਹੋਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਸਬੰਧੀ ਮੀਟਿੰਗ ਕੀਤੀ ਤਾਂ ਸਕੱਤਰ ਸਾਹਿਬ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਆਪਣੇ ਬਲਾਕ ਦੇ ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਅਹਿਦ ਲੈ ਲਿਆ ਸੀ ਕਿ ਮੈਂ ਸਿਰਫ਼ ਜ਼ਿਲ੍ਹੇ ਵਿਚੋਂ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚੋਂ ਆਪਣੇ ਬਲਾਕ ਨੂੰ ਪਹਿਲੇ ਸਥਾਨ ‘ਤੇ ਲੈ ਕੇ ਆਵਾਂਗਾ, ਭਾਵੇਂ ਇਹ ਕੰਮ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ ਕਿਉਂ ਕਿ ਉਹਨਾਂ ਦੇ ਬਲਾਕ ਦੇ ਕਈ ਸਕੂਲਾਂ ਦੀ ਹਾਲਤ ਬੜੀ ਹੀ ਤਰਸਯੋਗ ਸੀ ਪਰ ਉਹਨਾਂ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਨਪ੍ਰੀਤ ਕੌਰ ਅਤੇ ਸਹਾਇਕ ਕੋਆਰਡੀਨੇਟਰ ਅਮਨ ਪ੍ਰਭਾਕਰ ਅਤੇ ਆਪਣੇ ਮਿਹਨਤੀ ਅਧਿਆਪਕਾਂ ਦੀ ਟੀਮ ਨੂੰ ਨਾਲ਼ ਲੈ ਕੇ ਸਮਾਜ ਦੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਜਿਲ੍ਹਾ ਸਿੱਖਿਆ ਅਫਸਰ ਅੈਲੀਮੈਂਟਰੀ ਸਿੱਖਿਆ ਅੰਮਿ੍ਤਸਰ ਦੀ ਅਗਵਾਈ ਵਿੱਚ ਪਹਿਲਾਂ ਇੱਕ ਫਿਰ ਹੌਲੀ-ਹੌਲੀ ਸਾਰੇ ਹੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਅਤੇ ਉਸਦੇ ਬਲਾਕ ਦੇ 52 ਸਕੂਲਾਂ ‘ਚ ਪ੍ਰੋਜੈਕਟਰ ਅਤੇ ਐੱਲ ਈ ਡੀਜ਼ ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਸੁਪਨੇ ਨੂੰ ਪੂਰੇ ਕਰਨ ਵਿੱਚ ਅਧਿਆਪਕਾਂ ਅਵਤਾਰ ਸਿੰਘ, ਸਤਨਾਮ ਸਿੰਘ, ਮਨਵੀਰ ਕੌਰ, ਦਿਲਬਾਗ ਸਿੰਘ, ਰਣਜੀਤ ਸਿੰਘ, ਜਤਿੰਦਰ ਸਿੰਘ ਅਤੇ ਸੁਧੀਰ ਢੰਡ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। 

ਬੁਲਾਰੇ ਦੱਸਿਆ ਕਿ ਸਿੱਖਿਆ ਵਿਭਾਗ ਇਹਨਾਂ ਮਿਹਨਤੀ ਅਫ਼ਸਰਾਂ ਅਤੇ ਅਧਿਆਪਕਾਂ ‘ਤੇ ਮਾਣ ਮਹਿਸੂਸ ਕਰਦਾ ਹੈ ਜੋ ਦੂਜਿਆਂ ਲਈ ਵੀ ਪ੍ਰੇਰਨਸ੍ਰੋਤ ਬਣ ਜਾਂਦੇ ਹਨ ਅਤੇ ਜੇਕਰ ਕੋਈ ਇਨਸਾਨ ਹਿੰਮਤ, ਦ੍ਰਿੜ-ਇਰਾਦੇ, ਮਿਹਨਤ ਅਤੇ ਲਗਨ ਨਾਲ਼ ਆਪਣੇ ਮਨ ਵਿੱਚ ਕਿਸੇ ਕੰਮ ਨੂੰ ਕਰਨ ਦੀ ਠਾਣ ਲਵੇ ਤਾਂ ਉਸਦੇ ਰਸਤੇ ਵਿੱਚ ਆਉਂਦੀ ਹਰ ਮੁਸ਼ਕਿਲ ਵੀ ਉਸਦੀ ਮਦਦਗਾਰ ਬਣ ਜਾਂਦੀ ਹੈ ਅਤੇ ਉਹ ਆਪਣੀ ਮੰਜ਼ਿਲ ਜ਼ਰੂਰ ਪ੍ਰਾਪਤ ਕਰਦਾ ਹੈ।

Read more