ਸਕੂਲ ਸਿੱਖਿਆ ਵਿਭਾਗ ਵੱਲੋਂ ਵਿਲੱਖਣ ਸਟੇਟ ਪੱਧਰੀ ਫਿੱਟਨੈੱਸ ਟ੍ਰੇਨਿੰਗ ਪ੍ਰੋਗਰਾਮ ਨੂੰ ਮਿਲ਼ ਰਿਹਾ ਹੈ ਭਰਵਾਂ ਹੁੰਗਾਰਾ

 ਐੱਸ.ਏ.ਐੱਸ. ਨਗਰ, 5 ਮਾਰਚ : ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ‘ਫਿੱਟ ਗੁਰੂ’ ਮੁਹਿੰਮ ਤਹਿਤ ਨਵੇਂ ਚੁਣੇ ਗਏ ਸਰੀਰਕ ਸਿੱਖਿਆ ਅਧਿਆਪਕਾਂ ਦਾ 15 ਰੋਜ਼ਾ ਰੈਜ਼ੀਡੈਂਸ਼ਲ ਟ੍ਰੇਨਿੰਗ ਪ੍ਰੋਗਰਾਮ ਜੋ ਇਹਨੀ ਦਿਨੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਚੱਲ ਰਿਹਾ ਹੈ, ਵਿਸ਼ੇਸ਼ ਧਿਆਨ ਖਿੱਚ  ਰਿਹਾ ਹੈ। ‘ਪੜ੍ਹੋ ਪੰਜਾਬ, ਖੇਡੋ ਪੰਜਾਬ’ ਦੇ ਇਸ ਨਿਵੇਕਲ਼ੇ ਪ੍ਰੋਗਰਾਮ ਦਾ ਮਕਸਦ ਨਵੇਂ ਚੁਣੇ ਗਏ ਫਿਜ਼ੀਕਲ ਐਜੂਕੇਸ਼ਨ ਅਧਿਆਪਕਾਂ ਨੂੰ ਨਵੀਆਂ ਚੁਣੌਤੀਆਂ ਨਾਲ਼ ਨਜਿੱਠਣ ਦੇ ਕਾਬਲ ਬਨਾਉਣਾ, ਮਿਆਰੀ ਸਿੱਖਿਆ ਦੇ ਟੀਚਿਆਂ ਨੂੰ ਹਾਸਲ ਕਰਨਾ, ਨਵੇਂ ਅਧਿਆਪਕਾਂ ਨੂੰ ਵਿਭਾਗੀ ਨਿਯਮਾਂ ਤੋਂ ਜਾਣੂ ਕਰਾਉਣਾ, ਪੰਜਾਬ ਵਿੱਚ ਖੇਡ ਸੱਭਿਆਚਾਰ ਦਾ ਵਿਕਾਸ ਕਰਨਾ ਤੇ ਮਿਸ਼ਨ ਤੰਦਰੁਸਤ ਪੰਜਾਬ ਵੱਲ ਤੇਜ਼ ਤੇ ਅਸਰਦਾਰ ਪੁਲਾਂਘਾ ਪੁੱਟਣਾ ਹੈ।

ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ( ਐੱਸ.ਏ.ਐੱਸ. ਨਗਰ ) ਉਚੇਚੇ ਤੌਰ ਤੇ ਲਗਾਤਾਰ ਇਸ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੇ ਹਨ। ਉਹ ਖੁਦ ਸਵੇਰੇ ਸਖਤ ਸਰੀਰਕ ਕਸਰਤਾਂ ਤੇ ਡ੍ਰਿਲ ਵਿੱਚ ਹਿੱਸਾ ਲੈਕੇ ਫਰੰਟ ਤੋਂ ਲੀਡ ਕਰਦੇ ਹਨ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਕੋਆਰਡੀਨੇਟਰ ਸ੍ਰੀਮਤੀ ਜੋਤੀ ਸੋਨੀ ਅਤੇ ਸਿੱਖਿਆ ਵਿਭਾਗ ਦੀ ਪੂਰੀ ਟੀਮ ਇਸ ਨੂੰ ਸਫਲ ਬਨਾਉਣ ਵਿੱਚ ਦਿਨ ਰਾਤ ਕੰਮ ਕਰ ਰਹੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸਵੇਰ ਦੀਆਂ ਹਾਰਡ ਗਰਾਉਂਡ ਟ੍ਰੇਨਿੰਗਜ਼ ਤੋਂ ਮਗਰੋਂ ਅਕਾਦਮਿਕ ਸ਼ੈਸ਼ਨ ਲਗਾਏ ਜਾਂਦੇ ਹਨ। ਜਿਨ੍ਹਾਂ ਵਿੱਚ ਜ਼ਿੰਦਗੀ ਦੇ ਵੱਖ ਵੱਖ ਖੇਤਰਾਂ ਤੋਂ ਮਾਹਿਰ ਆ ਕੇ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਮੁਹੱਈਆ ਕਰਦੇ ਹਨ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨਵੇਂ ਚੁਣੇ ਗਏ ਫਿਜ਼ੀਕਲ ਐਜੂਕੇਸ਼ਨ ਅਧਿਆਪਕਾਂ ਨੇ ਕਿਹਾ ਕਿ ਇਹ ਰੈਜ਼ੀਡੈਂਸ਼ਲ ਟ੍ਰੇਨਿੰਗ ਉਹਨਾਂ ਲਈ ਬਹੁਤ ਲਾਹੇਵੰਦ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਵਿੱਚ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇਹ ਸਿਖਲਾਈ ਬਹੁਤ ਉਪਯੋਗੀ ਸਾਬਿਤ ਹੋਵੇਗੀ।

Read more