Thursday 29 October 2020

ਵਿਦਿਆਰਥੀਆਂ ਨੂੰ 450 ਕਿੱਤਿਆਂ ਨਾਲ ਜੋੜੇਗਾ ਸਕੂਲ ਸਿੱਖਿਆ ਵਿਭਾਗ ਪੰਜਾਬ

- Posted on 08 September 2020

ਐੱਸ.ਏ.ਐੱਸ. ਨਗਰ 8 ਸਤੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸਮੇਂ ਦੀ ਮੰਗ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨ ਅਤੇ ਇਸ ਖੇਤਰ ‘ਚ ਅਗਵਾਈ ਦੇਣ ਲਈ ਨਿਵੇਕਲਾ ਉਪਰਾਲਾ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ| ਸਿੱਖਿਆ ਵਿਭਾਗ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਸ਼ਵੀਕਰਨ ਦੇ ਯੁੱਗ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਲਈ ਇੱਕ ‘ਕੈਰੀਅਰ ਗਾਈਡੈਂਸ ਪੋਰਟਲ’ ਆਰੰਭ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ| ਇਸ ਪੋਰਟਲ ਰਾਹੀਂ ਵਿਦਿਆਰਥੀਆਂ ਨੂੰ ਉਹਨਾਂ ਦੇ ਕਿੱਤੇ ਦੀ ਚੋਣ ਕਰਨ, ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ, ਕਿੱਤਾ-ਮੁਖੀ ਸੰਸਥਾਵਾਂ ਵਿੱਚ ਦਾਖ਼ਲਾ ਪ੍ਰੀਖਿਆਵਾਂ ਅਤੇ ਵਜ਼ੀਫਾ ਸਕੀਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ| ਇਸ ਦੇ ਨਾਲ ਹੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਵੀ ਇਸ ਪੋਰਟਲ ਰਾਹੀਂ ਵੱਖ-ਵੱਖ ਦੇਸ਼ਾਂ ਦੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਲਈ ਯੋਗਤਾ, ਵਜੀਫਾ ਅਤੇ ਫੈਲੋਸ਼ਿਪ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ|

ਇਸ ਪੋਰਟਲ ਰਾਹੀਂ ਘੱਟੋ-ਘੱਟ 450 ਕਿੱਤਿਆਂ ਬਾਰੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 21000 ਕਾਲਜਾਂ ਅਤੇ ਕਿੱਤਾ-ਮੁਖੀ ਸੰਸਥਾਵਾਂ, 1150 ਦਾਖ਼ਲਾ ਪ੍ਰੀਖਿਆਵਾਂ ਅਤੇ 1200 ਵਜ਼ੀਫਾ ਸਕੀਮਾਂ ਦੇ ਬਾਰੇ ਵਿਸਥਾਰ ‘ਚ ਜਾਣਕਾਰੀ ਪ੍ਰਾਪਤ ਹੋਵੇਗੀ| ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਪਾਠਕ੍ਰਮ ਨੂੰ ਜੀਵਨ ਹੁਨਰਾਂ ਨਾਲ ਜੋੜਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਖੇਤਰ ‘ਚ ਹੋਰ ਵਾਧਾ ਕਰਨ ਹਿੱਤ ਉਕਤ ਪੋਰਟਲ ਤਿਆਰ ਕੀਤੀ ਜਾ ਰਹੀ ਹੈ|

ਵਿਦਿਆਰਥੀਆਂ ਨੂੰ ਪੋਰਟਲ ਤੱਕ ਪਹੁੰਚਣ ਵਿਚ ਸਹਾਇਤਾ ਕਰਨ ਲਈ ਆਨ-ਲਾਈਨ ਅਤੇ ਰੂਬੁਰੂ ਪ੍ਰੋਗਰਾਮਾਂ ਰਾਹੀਂ ਅਧਿਆਪਕਾਂ ਦੀ ਸਮਰੱਥਾ ਦਾ ਨਿਰਮਾਣ ਕੀਤਾ ਜਾਵੇਗਾ| ਹਰੇਕ ਵਿਦਿਆਰਥੀ ਨੂੰ ਵੈੱਬਸਾਈਟ ਤੇ ਵੱਖ ਵੱਖ ਭਾਸ਼ਾਵਾਂ ਵਿੱਚ ਉਪਲੱਬਧ ਸਮੱਗਰੀ ਤੱਕ ਪਹੁੰਚਣ ਲਈ ਇੱਕ ਵਿਲੱਖਣ ਆਈਡੀ ਪ੍ਰਦਾਨ ਕੀਤੀ ਜਾਵੇਗੀ| ਇਸ ਪ੍ਰਾਜੈਕਟ ਨੂੰ ਯੂਨੀਸੈਫ, ਸਵੈਸੇਵੀ ਸੰਸਥਾ ਆਸਮਾਨ ਫਾਉਂਡੇਸ਼ਨ ਅਤੇ ਟਾਟਾ ਪਾਵਰ ਦੁਆਰਾ ਸਮਰਥਨ ਦਿੱਤਾ ਜਾ ਰਿਹਾ ਹੈ|

ਇਹ ਉੱਦਮ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਵਿਚ ਪੜ੍ਹ ਰਹੇ 815558 ਵਿਦਿਆਰਥੀਆਂ ਨੂੰ ਕਿੱਤਾਮੁਖੀ ਸੇਧ ਦੇਣ ਲਈ ਤਿਆਰ ਕੀਤਾ ਜਾ ਰਿਹਾ ਹੈ|

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਸਹੀ ਕਿੱਤੇ ਦੀ ਚੋਣ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਰੂਪ ਰੇਖਾ ਤਿਆਰ ਕਰ ਰਿਹਾ ਹੈ| ਇਹ ਪੋਰਟਲ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਮਦਦਗਾਰ ਸਾਬਤ ਹੋਏਗੀ| ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਹ ਕਦਮ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਲਈ ਚੁੱਕੇ ਗਏ ਕਦਮਾਂ ਦਾ ਇਕ ਹਿੱਸਾ ਹੈ| ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਜਿੱਥੇ ਰਾਜ ਦੇ ਸਕੂਲਾਂ ‘ਚ ਸਿੱਖਿਆ ਸੁਧਾਰ ਮੁਹਿੰਮ ਤਹਿਤ ਵਿਦਿਆ ਦੇ ਪੱਧਰ ‘ਚ ਗੁਣਵੱਤਾ ਆਈ ਹੈ, ਉੱਥੇ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਵੀ ਸੁਚੱਜੀ ਸੇਧ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ|

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com