ਅਕਾਲੀ ਦਲ ਨੇ ਜਾਖੜ ਨੂੰ ਪਹਿਲਾਂ ਕਾਂਗਰਸੀਆਂ ਦੀ ਨਜਾਇਜ਼ ਸ਼ਰਾਬ ਦੀ ਵਿਕਰੀ ਬੰਦ ਕਰਵਾਉਣ ਅਤੇ ਫਿਰ ਸ਼ਰਾਬਬੰਦੀ ਦੀ ਗੱਲ ਕਰਨ ਲਈ ਆਖਿਆ

ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੀਸੀਸੀ ਮੁਖੀ ਧਿਆਨ-ਭਟਕਾਊ ਹਥਕੰਡੇ ਅਪਣਾ ਰਿਹਾ ਹੈ

ਕਿਹਾ ਕਿ ਜਾਖੜ ਨੂੰ 5600 ਕਰੋੜ ਦੇ ਸ਼ਰਾਬ ਘੁਟਾਲੇ ਦੀ ਸੀਬੀਆਈ ਜਾਂ  ਹਾਈਕੋਰਟ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ

ਚੰਡੀਗੜ੍ਹ/22 ਮਈ: ਸ਼੍ਰੋਮਣੀ ਅਕਾਲੀ ਦਲ ਦੇ ਅੱਜ æਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਕਿਹਾ ਹੈ ਕਿ ਉਹ ਪੰਜਾਬ ਵਿਚ ਸ਼ਰਾਬਬੰਦੀ ਲਾਗੂ ਕਰਨ ਦੀ ਗੱਲ ਸ਼ੁਰੂ ਕਰਕੇ  ਹਜ਼ਾਰਾਂ ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਦੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਨਾ ਕਰੇ। ਪਾਰਟੀ ਨੇ ਕਿਹਾ ਕਿ ਜਾਖੜ ਪਹਿਲਾਂ ਕਾਗਰਸੀਆਂ ਦੁਆਰਾ ਕੀਤੀ ਜਾ ਰਹੀ ਕਾਲਾਬਜ਼ਾਰੀ ਅਤੇ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਬੰਦ ਕਰਵਾਏ, ਜਿਸ ਕਾਰਣ ਸਰਕਾਰੀ ਖਜ਼ਾਨੇ ਨੂੰ 5600 ਕਰੋੜ ਰੁਪਏ ਦਾ ਘਾਟਾ ਪੈ ਚੁੱਕਿਆ ਹੈ।

ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੀਸੀਸੀ ਮੁਖੀ ਸ਼ਰਾਬਬੰਦੀ ਦੀ ਗੱਲ ਕਰਕੇ ਆਪਣੀ ਪਾਰਟੀ ਦੇ ਘਿਨੌਣੇ ਪਾਪਾਂ ਨੂੰ ਧੋਣ ਦੀ ਕੋਸ਼ਿਸ਼ ਕਰ ਰਿਹਾ ਹੈ।  ਜੇਕਰ ਸਰਕਾਰ ਦੀ ਇੱਛਾ ਹੁੰਦੀ ਤਾਂ ਇਹ ਬੜੀ ਆਸਾਨੀ ਨਾਲ ਅਜਿਹਾ ਕਰ ਸਕਦੀ ਸੀ, ਕਿਉਂਕਿ ਇਸ ਕੋਲ ਵਿਧਾਨ ਸਭਾ ਅੰਦਰ ਭਾਰੀ ਬਹੁਮੱਤ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਉੱਤੇ ਪਰਦਾ ਪਾਉਣ ਲਈ ਅਜਿਹੇ ਧਿਆਨ ਭਟਕਾਊ ਹਥਕੰਡੇ ਇਸਤੇਮਾਲ ਕਰਨ ਦੀ ਬਜਾਇ ਜਾਖੜ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਰਫਿਊ ਦੌਰਾਨ ਉਸ ਦੀ ਪਾਰਟੀ ਦੇ ਆਗੂ ਨਾਜਾਇਜ਼ ਸ਼ਰਾਬ ਦੀ ਕਾਲਾਬਜ਼ਾਰੀ ਵਿਚ ਕਿਉਂ ਲੱਗੇ ਰਹੇ ਜਦਕਿ ਉਹਨਾਂ ਨੇ ਲੋੜਵੰਦਾਂ ਨੂੰ ਬਿਲਕੁੱਲ ਵੀ ਰਾਸ਼ਨ ਨਹੀਂ ਦਿੱਤਾ।

ਡਾਕਟਰ ਚੀਮਾ ਨੇ ਕਿਹਾ ਕਿ ਪੀਸੀਸੀ ਮੁਖੀ ਇੱਕ ਅਜਿਹੀ ਪਾਰਟੀ ਦੀ ਨੁੰਮਾਇਦਗੀ ਕਰਦਾ ਹੈ , ਜਿਸਦਾ ਮੁੱਖ ਮੰਤਰੀ ਕਰਫਿਊ ਦੌਰਾਨ ਕਿਸਾਨਾਂ, ਦਿਹਾੜੀਦਾਰਾਂ, ਖੇਤ ਮਜ਼ਦੂਰਾਂ  ਤੋਂ ਇਲਾਵਾ ਆਮ ਆਦਮੀ ਅਤੇ ਸਨਅਤਾਂ ਲਈ ਕੋਈ ਵਿੱਤੀ ਮੱਦਦ ਮੰਗਣ ਦੀ ਬਜਾਇ ਲਗਾਤਾਰ ਸ਼ਰਾਬ ਦੇ ਠੇਕੇ ਖੁੱਲਵਾਉਣ ਦੀ ਮੰਗ ਹੀ ਕਰਦਾ ਰਿਹਾ। ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਨੇ ਤਾਂ ਇਹ ਹੁਕਮ ਵੀ ਪਾਸ ਕਰ ਦਿੱਤਾ ਸੀ ਕਿ ਧਾਰਮਿਕ ਅਸਥਾਨ ਸ਼ਰਾਬ ਦੀ ਹੋਮ ਡਿਲੀਵਰੀ ਦਾ ਐਲਾਨ ਕਰਨ। ਇਸ ਤੋਂ ਇਲਾਵਾ ਤੁਸੀਂ ਅਧਿਆਪਕਾਂ ਨੂੰ ਵੀ ਸ਼ਰਾਬ ਦੀਆਂ ਫੈਕਟਰੀਆਂ ਦੀ ਨਿਗਰਾਨੀ ਉੱਤੇ ਲਾ ਦਿੱਤਾ ਸੀ।

ਅਕਾਲੀ ਆਗੂ ਨੇ ਕਿਹਾ ਕਿ ਜੇਕਰ ਪੀਸੀਸੀ ਮੁਖੀ ਨੂੰ ਸੂਬੇ ਦੀ ਆਰਥਿਕਤਾ ਦੀ ਸੱਚਮੁੱਚ ਚਿੰਤਾ ਸੀ ਤਾਂ ਇਸ ਨੂੰ 5600 ਕਰੋੜ ਰੁਪਏ ਸ਼ਰਾਬ ਘੁਟਾਲੇ ਦੀ ਸੀਬੀਆਈ ਜਾਂ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨੀ ਚਾਹੀਦੀ ਸੀ। ਉਹਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ  ਅਜਿਹਾ ਕਰਨ ਦੀ ਬਜਾਇ ਉਹ ਕਾਂਗਰਸ ਦੇ ਪੁਰਾਣੇ ਤਰੀਕੇ ਨਾਲ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋæਿਸ਼ਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਾਖੜ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਦੀਆਂ ਉਹਨਾਂ ਕਾਲੀਆਂ ਭੇਡਾਂ ਦਾ ਖੁਲਾਸਾ ਕਰਨ ਤੋਂ ਟਾਲਾ ਵੱਟ ਰਿਹਾ ਹੈ, ਜਿਹਨਾਂ ਨੇ ਮਹਾਂਮਾਰੀ ਦੇ ਸਮੇਂ ਦੌਰਾਨ ਸਰਕਾਰੀ ਖਜ਼ਾਨੇ ਨੂੰ ਪੂਰੀ ਰੀਝ ਨਾਲ ਲੁੱਟਿਆ ਹੈ। 

Read more