12 Jun 2021
Punjabi Hindi

ਛੱਲਾ – ਮਾਂ ਦੀ ਅਸੀਸ ਏ (ਮਿੰਨੀ ਕਹਾਣੀ)

-ਅਜੀਤ ਹਮਦਰਦ

         ਗੱਲ ਸ਼ਾਇਦ ਤੀਹ ਕੂ ਸਾਲ ਪੁਰਾਣੀ ਹੈ, ਮੇਰੇ ਮਾਤਾ ਜੀ ਪਰਿਵਾਰਕ ਪ੍ਰਸਥਿਤੀਆਂ ਦੇ ਚੱਲਦੇ ਕਿਸੇ ਗੱਲੋਂ ਮੇਰੇ ਨਾਲ ਬਹੁਤ ਨਰਾਜ਼ ਹੋ ਗਏ ਅਤੇ ਉਨ੍ਹਾਂ ਦੀ ਤਬੀਅਤ ਵੀ ਕਾਫ਼ੀ ਖ਼ਰਾਬ ਹੋ ਗਈ। ਗੱਲ ਮੇਰੇ ਤੱਕ ਪੁੱਜੀ ਤਾਂ ਮੈਂ ਮਿਲ ਕੇ ਨਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ। ਮੈਨੂੰ ਬਹੁਤ ਤਕਲੀਫ਼ ਹੋਈ। ਅਕਸਰ ਜਦੋਂ ਵਿਅਕਤੀ ਰੋਜ਼ਗਾਰ ਕਾਰਣ ਘਰੋਂ ਦੂਰ ਰਹਿੰਦਾ ਹੈ ਤਾਂ ਅਜਿਹੇ ਹਾਲਾਤ ਬਣ ਹੀ ਜਾਂਦੇ ਹਨ। 

           ਮੇਰੀ ਅੰਦਰੂਨੀ ਪੀੜ ਨੂੰ ਜਾਨਣ ਵਾਲਾ ਮੇਰਾ ਇੱਕ ਜਿਗਰੀ ਮੈਨੂੰ ਜਬਰਦਸਤੀ ਕਿਸੇ ਪੰਡਤ ਪਾਸ ਲੈ ਗਿਆ। ਪੱਤਰੀ ਘੋਖਣ ਮਗਰੋਂ ਪੰਡਤ ਜੀ ਨੇ ਮੈਨੂੰ ਘੋੜੇ ਦੀ ਖੁਰੀ ਦਾ ਛੱਲਾ ਸੱਜੇ ਹੱਥ ਦੀ ਵਿਚਲੀ ਉੰਗਲ਼ ‘ਚ ਪਾਉਣ ਦੀ ਸਲਾਹ ਦਿੰਦੇ ਹੋਏ ਦਾਅਵਾ ਕੀਤਾ ਕਿ ‘ਅਜਿਹਾ ਕਰਨ ਨਾਲ ਤੇਰੀ ਮਾਤਾ ਦਾ ਤੇਰੇ ਪ੍ਰਤੀ ਅਥਾਹ ਲਗਾਓ ਪਹਿਲਾਂ ਦੀ ਤਰਾਂ ਮੁੜ ਆਵੇਗਾ ਅਤੇ ਉਸ ਦੀ ਸਿਹਤ ਵੀ ਠੀਕ ਹੋ ਜਾਵੇਗੀ। ਗੱਲ’ਚ ਵਿਸ਼ਵਾਸ ਕਰਦੇ, ਮੈਂ ਦੱਸੇ ਅਨੁਸਾਰ ਛੱਲਾ ਪਾ ਲਿਆ। ਰੱਬ ਦੀ ਕਰਨੀ ਐਸੀ ਹੋਈ ਕਿ ਕੁੱਝ ਹੀ ਦਿਨਾਂ ‘ਚ ਮੇਰੇ ਪ੍ਰਤੀ ਮਾਂਤਾ ਜੀ ਦੀ ਮਨ ’ਚ ਪੈਦਾ ਹੋਈ ਗਲਤ-ਫਹਿਮੀ ਦੂਰ ਹੋ ਗਈ ਤੇ ਉਨ੍ਹਾਂ ਦੀ ਸਿਹਤ ਵੀ ਠੀਕ ਹੋਣ ਲੱਗੀ। ਘਰ ਦੇ ਹਾਲਾਤ ਪਹਿਲਾਂ ਵਰਗੇ ਸਾਂਵੇ ਹੋ ਗਏ ਅਤੇ ਜ਼ਿੰਦਗੀ ਪਹਿਲਾਂ ਦੀ ਤਰਾਂ ਗੁਜ਼ਰਣ ਲੱਗੀ। 

            ਕੁੱਝ ਸਮਾਂ ਪਾ ਕੇ ਮੈਂ ਸ਼ਾਇਦ ਚਾ-ਪੰਜ ਦਿਨਾਂ ਲਈ ਛੱਲਾ ਉਤਾਰਿਆ ਸੀ ਪਰ ਮਾਤਾ ਜੀ ਦੀ ਤਬੀਅਤ ਮੁੜ ਖ਼ਰਾਬ ਹੁੰਦੀ ਵੇਖ ਫ਼ਿਰ ਪਾ ਲਿਆ, ਮਾਂ ਮੁੜ ਠੀਕ ਹੋ ਗਈ। ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਮਾਂ ਦੇ ਮੇਰੇ ਪ੍ਰਤੀ ਪਿਆਰ ਤੇ ਉਸ ਦੀ ਜ਼ਿੰਦਗੀ ਲਈ ਇਹ ਛੱਲਾ ਇੱਕ ਯੰਤਰ ਵਾਂਗ ਹੈ, ਜਿਸ ਤੋਂ ਬਾਅਦ ਮੈਂ ਛੱਲਾ ਉੰਗਲ਼ੀ’ਚੋਂ ਕਦੇ ਵੀ ਵੱਖ ਨਾ ਕਰਨ ਦਾ ਤਹਈਆ ਕਰ ਲਿਆ। 

           ਜੀਵਨ ਵਿੱਚ ਕਈ ਉਤਰਾ-ਚੜ੍ਹਾ ਵਾਲੇ ਹਾਲਾਤ ਬਣੇਂ ਪਰ ਇਹ ‘ਛੱਲਾ’ ਮੇਰੇ ਲਈ ਮਾਂ ਦੇ ਪਿਆਰ ਦਾ ਅਥਾਹ ਸਾਗਰ ਅਤੇ ਅਸੀਸ ਬਣ ਮੇਰੀ ਉੰਗਲ਼ੀ’ਚ ਮੇਰੇ ਸ਼ਰੀਰ ਦੇ ਕਿਸੇ ਹਿੱਸੇ ਵਾਂਗ ਹਮੇਸ਼ਾ ਪਿਆ ਰਿਹਾ। ਜੇ ਮੈਂ ਦੂਰ-ਦੁਰਡੇ ਕਦੇ ਵੀ ਉਦਾਸ ਹੁੰਦਾ ਤਾਂ ਛੱਲੇ ਵੱਲ ਵੇਖ਼ਦਾ ਤੇ ਛੱਲੇ ਨੂੰ ਮੱਥੇ ਤੇ ਸਪਰਸ਼ ਕਰਦਾ, ਜਾਪਦਾ ਜਿਵੇਂ ਮਾਂ ਨੇ ਮੱਥਾ ਚੁੱਮ ਕੇ ਅਸੀਸ ਦਿੱਤੀ ਹੋਵੇ ਕਿ “ਜੁੱਗ-ਜੁੱਗ ਜੀਵੇ ਮੇਰਾ ਲਾਲ”।

            ਵੈਸੇ ਤਾਂ ਮੇਰੇ ਪਿਤਾ ਦੀ ਵੀਹ ਕੂ ਸਾਲ ਪਹਿਲਾਂ ਇੱਕ ਮੇਜਰ ਸਰਜ਼ਰੀ ਹੋਈ ਸੀ 13-14 ਸਾਲ ਤੱਕ ਉਹ ਆਪਣੇ ਆਪ ਨੂੰ ਸੰਭਾਲ਼ਦੇ ਰਹੇ ਪਰ ਪੰਜ ਸਾਲ ਪਹਿਲਾਂ ਉਨ੍ਹਾਂ ਦੀ ਸਿਹਤ ਮੁੜ ਖ਼ਰਾਬ ਹੋ ਗਈ ਤੇ ਛੇ ਮਹੀਨੇ ਤੱਕ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ‘ਚ ਇਲਾਜ ਮਗਰੋਂ ਉਹ ਠੀਕ ਹੋਏ, ਉਨ੍ਹਾਂ ਨੂੰ ਹੁਣ ਇਕੱਲਿਆਂ ਜਲੰਧਰ ਛੱਡੇ ਜਾਣਾਂ ਠੀਕ ਨਹੀਂ ਸੀ, ਇਸ ਲਈ ਮੈਂ ਮਾਤਾ ਜੀ ਤੇ ਪਿਤਾ ਜੀ ਨੂੰ ਆਪਣੇ ਪਾਸ ਚੰਡੀਗੜ੍ਹ ਲੈ ਆਇਆ। ਹੁਣ ਉਨ੍ਹਾਂ ਦਾ ਸਾਰ ਸਮਾਂ ਇੱਥੇ ਸਰਕਾਰੀ ਘਰ ਵਿੱਚ ਹੀ ਗੁਜ਼ਰਨ ਲੱਗਾ, ਹਲਾਂਕਿ ਉਨ੍ਹਾਂ ਦਾ ਮਨ ਜਲੰਧਰ ਲਈ ਝੂਰਦਾ ਜ਼ਰੂਰ ਸੀ ਪਰ ਮੈਂ ਉਨ੍ਹਾਂ ਨੂੰ ਜਲੰਧਰ ਇਕੱਲਿਆਂ ਨਹੀਂ ਸੀ ਛੱਡ ਸਕਦਾ।

            ਫ਼ਿਰ ਕੋਰੋਨਾ ਦਾ ਸਮਾਂ ਆਇਆ, ਸਰਕਾਰ ਵੱਲੋਂ ਇੱਕ ਸਟੇਟ ਕੋਵਿਡ ਕੰਟ੍ਰੋਲ ਰੂਮ ਦੀ ਸਥਾਪਨਾ ਕੀਤੀ ਗਈ ਤੇ ਮੇਰੀ ਡਿਊਟੀ ਰੋਜ਼ਾਨਾ ਜਾਰੀ ਹੋਣ ਵਾਲੇ ਕੋਵਿਡ ਵੀਡੀਓ ਬੁਲਿਟਨ ਦੀ ਰਿਕਾਰਡਿੰਗ ਕਰਵਾਉਣ ਤੇ ਮੀਡੀਆ ਨੂੰ ਜਾਰੀ ਕਰਨ ਦੀ ਦੇਖ਼-ਰੇਖ ਲਈ ਲਗਾ ਦਿੱਤੀ ਗਈ। ਲਾਕ-ਡਾਉਨ ਦੌਰਾਨ, ਮੈਂ ਤੇ ਮੇਰੀ ਟੀਮ ਲਗਾਤਾਰ 210 ਦਿਨ ਰੋਜ਼ਾਨਾ ਡਿਊਟੀ ਨਿਭਾਓਦੇ ਰਹੇ।

           ਸੰਨ 2020 ਦੇ ਨਵੰਬਰ ਮਹੀਨੇ ਦੇ ਮਗਰਲੇ ਅੱਧ ’ਚ  ਮੈਂ ਤੇ ਮੇਰੀ ਪਤਨੀ ਕੋਵਿਡ ਤੋਂ ਗ੍ਰਸਤ ਹੋ ਗਏ। ਮੇਰੀ ਹਾਲਤ ਕਾਫ਼ੀ ਖ਼ਰਾਬ ਹੋ ਗਈ, ਸ਼ਰੀਰਕ ਵੀ ਤੇ ਮਾਨਸਿਕ ਵੀ। ਮੇਰੇ ਫੇਫੜਿਆਂ ‘ਤੇ ਅਸਰ ਹੋਇਆ ਸੀ। ਮੇਰੀ ਪਤਨੀ ਨੇ ਬਹੁਤ ਹਿੰਮਤ ਵਿਖਾਈ, ਉਹ ਆਪਣੀ ਬਿਮਾਰੀ ਦੀ ਹਾਲਤ ਵਿੱਚ ਵੀ ਮੇਰੀ ਹੀ ਦੇਖ ਭਾਲ ਕਰਦੀ ਰਹੀ। ਮੈਨੂੰ ਮੇਰੇ ਮਾਂ-ਬਾਪ ਦੀ ਚਿੰਤਾ ਸੀ ਕਿ ਕਿਤੇ ਉਨ੍ਹਾਂ ਨੂੰ ਇਨਫ਼ੈਕਸ਼ਨ ਨਾ ਹੋ ਜਾਏ! ਇਸ ਲਈ ਮੈਂ ਆਪਣੀ ਭੈਣ ਨਾਲ ਮਾਤਾ-ਪਿਤਾ ਨੂੰ ਜਲੰਧਰ ਭੇਜ ਦਿੱਤਾ ਪਰ  ਉੱਥੇ ਪੁੱਜਣ ’ਤੇ ਅਗਲੇ ਹੀ ਦਿਨ ਮਾਤਾ ਜੀ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਉਨ੍ਹਾਂ ਦੇ ਬੀ.ਪੀ. ਵਧਣ ਕਾਰਨ ਦਿਮਾਗ ਵਿੱਚ ਖ਼ੂਨ ਦੀ ਕਲੌਟਿੰਗ ਹੋ ਗਈ ਸੀ ਜਿਸ ਨਾਲ ਉਨ੍ਹਾਂ ਨੂੰ ਉਸੇ ਰਾਤ ਫ਼ਿਟਜ਼ ਆਉਣ ਲੱਗੇ ਸਨ। 

            ਆਈ.ਸੀ.ਯੂ. ਦੇ ਬਾਹਰ ਬੈਠੀ ਮੇਰੀ ਭੈਣ ਮੇਰੀ ਪਤਨੀ ਨਾਲ ਫ਼ੋਨ ’ਤੇ ਗੱਲ ਕਰਦੀ। ਘਰ’ਚ ਚੱਲ ਰਹੀ ਘੁਸਰ-ਮੁਸਰ ਤੋਂ ਮੈਨੂੰ ਮਾਂ ਦੇ ਸੀਰੀਅਸ ਹੋਣ ਦਾ ਅੰਦਾਜ਼ ਤਾਂ ਹੋ ਰਿਹਾ ਸੀ। ਪੁੱਛਣ ‘ਤੇ ਪਤਨੀ ਆਖ਼ ਦਿੰਦੀ ਕਿ ਡਾਕਟਰ ਕਹਿ ਰਹੇ ਹਨ ਕਿ ਮੰਮੀ ਇਲਾਜ ਨੂੰ ਰਿਸਪੌਂਡ ਕਰ ਰਹੇ ਹਨ। ਪਰ ਮਾਂ ਕੌਮਾਂ ’ਚ ਸੀ ਅਤੇ ਮੈਂ ਇਸ ਸੱਚ ਤੋਂ ਅਣਜਾਣ। ਮੈਂ ਸੌਂ ਨਾ ਸਕਦਾ, ਸਾਰੀ ਰਾਤ ਬੇਚੈਨੀ ਰਹਿੰਦੀ। ਮੈਂ ਸਮਝ ਗਿਆ ਕਿ ਮਾਂ ਦਾ  ਆਖ਼ਰੀ ਸਮਾਂ ਆ ਗਿਆ, ਸ਼ਾਇਦ ਮੇਰੀ ਆਈ ਮੇਰੀ ਮਾਂ ਨੇ ਲੈ ਲਈ ਸੀ ਪਰ ਸ਼ਰੀਰ ’ਚੋਂ ਮੇਰੇ ਮੋਹ ਕਾਰਣ ਮਾਂ ਦੇ ਪ੍ਰਾਣ ਨਹੀਂ ਸਨ ਨਿੱਕਲ ਰਹੇ। ਉਸ ਰਾਤ ਮੈਂ ਅੱਖਾਂ’ਚ ਹੰਝੂ ਭਰੀ ਆਪਣੀ ਉਂਗਲ ਦਾ ਛੱਲਾ ਗੁਰੂ ਚਰਨਾਂ ’ਚ ਇਹ ਆਖ ਕੇ ਰੱਖ ਦਿੱਤਾ ਕਿ ‘ਜੋ ਵੀ ਤੇਰੀ ਰਜ਼ਾ ਉਵੇਂ ਹੀ ਕਰ ਦਾਤਾ’। ਫ਼ੇਰ ਵੀ ਮੇਰੀ ਮਾਂ ਨੂੰ ਮੇਰੇ ਨਾਲ ਮੋਹ ਤੋੜਦੇ ਤੋੜਦੇ ਦੋ ਦਿਨ ਹੋਰ ਲੱਗ ਗਏ। ਹਾਂ, ਮਾਂ ਨੇ ਬੇਹੋਸ਼ੀ ਦੇ ਆਲਮ ’ਚ ਜਦ ਆਖ਼ਰੀ ਸੁਆਸ ਲਿਆ ਤਾਂ ਮੈਨੂੰ ਉਸ ਪਾਸ ਪੁੱਜੇ ਨੂੰ ਵੀਹ ਕੂ ਮਿੰਟ ਹੋਏ ਸਨ। ਅਗਲੇ ਦਿਨੀ ਮੈਂ ਉਹ ਛੱਲਾ ਵੀ ਮਾਂ ਦੀਆਂ ਅਸਥੀਆਂ ਵਾਂਗ ਜੱਲ ਪ੍ਰਵਾਹ ਕਰ ਦਿੱਤਾ, ਮੈਨੂੰ ਲੱਗਾ ਮੈਂ ਜਿਵੇਂ ਮਾਂ ਦੀ ਅਸੀਸ ਤੋਂ ਹਮੇਸ਼ਾ ਹਮੇਸ਼ਾ ਲਈ ਵਾਂਝਾ ਹੋ ਗਿਆ ਹੋਵਾਂ।

-ਅਜੀਤ ਕੰਵਲ ਸਿੰਘ ਹਮਦਰਦ-

Spread the love

Read more

12 Jun 2021
ਬਰਨਾਲਾ ਜ਼ਿਲ੍ਹਾ 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਲੇਖ ਮੁਕਾਬਲੇ ‘ਚ ਭਾਗੀਦਾਰੀ ਪੱਖੋਂ ਸੂਬੇ ਭਰ ‘ਚੋਂ ਅੱਵਲ ਬਰਨਾਲਾ,12 ਜੂਨ ਸਕੂਲ ਸਿੱਖਿਆ ਵਿਭਾਗ ਵੱਲੋਂ ਦੇਸ਼ ਦੇ 75 ਸਾਲਾ ਆਜ਼ਾਦੀ ਦਿਵਸ ਨੂੰ ਕਰਵਾਏ ਗਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲਿਆਂ ‘ਚ ਪ੍ਰਤੀ ਬਲਾਕ ਭਾਗੀਦਾਰੀ ਪੱਖੋਂ ਜ਼ਿਲ੍ਹਾ ਬਰਨਾਲਾ ਸੈਕੰਡਰੀ ਵਰਗ ਵਿੱਚੋਂ ਸੂਬੇ ਭਰ ‘ਚੋਂ ਪਹਿਲੇ ਸਥਾਨ ‘ਤੇ ਰਿਹਾ ਜਦਕਿ ਪ੍ਰਾਇਮਰੀ ਵਰਗ ਵਿੱਚੋਂ ਤੀਜੇ ਸਥਾਨ ‘ਤੇ ਰਿਹਾ। ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਆਗਾਮੀ ਵਰ੍ਹੇ ਮਨਾਏ ਜਾ ਰਹੇ ਦੇਸ਼ ਦੇ 75 ਸਾਲਾ ਆਜ਼ਾਦੀ ਸਮਾਗਮ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਆਨਲਾਈਨ ਲੇਖ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ 1 ਜੂਨ ਤੋਂ 10 ਜੂਨ ਤੱਕ ਕਰਵਾਏ ਇਨ੍ਹਾਂ ਮੁਕਾਬਲਿਆਂ ‘ਚ ਜਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਭਾਗੀਦਾਰੀ ਪੱਖੋਂ ਸ਼ਾਨਦਾਰ ਪੁਜੀਸ਼ਨਾਂ ਦੀ ਪ੍ਰਾਪਤੀ ਨਾਲ ਜਿਲ੍ਹੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਪਹਿਲੀ ਤੋਂ ਬਾਰਵੀਂ ਜਮਾਤਾਂ ਲਈ ਤਿੰਨ ਵਰਗਾਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਵਿੱਚ ਕਰਵਾਏ ਗਏ। ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹਾ ਪ੍ਰਤੀ ਬਲਾਕ 659 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸੂਬੇ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਪ੍ਰਾਇਮਰੀ ਵਰਗ ‘ਚ ਪ੍ਰਤੀ ਬਲਾਕ 164 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਤੀਜੇ ਸਥਾਨ ‘ਤੇ ਰਿਹਾ। ਮੁਕਾਬਲਿਆਂ ਦੇ ਸਹਾਇਕ ਨੋਡਲ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹੇ ਦੇ ਕੁੱਲ 1976 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪ੍ਰਾਇਮਰੀ ਵਰਗ ਵਿੱਚ 492 ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।
© Copyright 2021, Punjabupdate.com