ਜ਼ਿਲਾ ਟੀਕਾਕਰਨ ਅਫਸਰ ਵੱਲੋਂ ਮਾਈਗ੍ਰੇਟਰੀ ਪਲਸ ਪੋਲੀਓ ਪ੍ਰੋਗਰਾਮ ਦਾ ਲਿਆ ਜਾਇਜ਼ਾ

* ਮਾਈਗ੍ਰੇਟਰੀ ਵੱਸੋਂ ਵਾਲੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ: ਡਾ ਹਰਮਿੰਦਰ ਸਿੰਘ
ਸੰਗਰੂਰ, 21 ਸੰਗਰੂਰ:
ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਆਪਣੀ ਇੱਕ ਖਾਸ ਮਹੱਤਤਾ ਰੱਖਦੀ ਹੈ ਕਿਉਂਕਿ ਇਸ ਦੌਰਾਨ ਮਾਈਗ੍ਰੇਟਰੀ ਵੱਸੋਂ ਵਾਲੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ ਜਾਂਦੀਆਂ ਹਨ। ਇਨਾਂ ਸਬਦਾਂ ਦਾ ਪ੍ਰਗਟਾਵਾ ਜ਼ਿਲਾ ਟੀਕਾਕਰਨ ਅਫਸਰ ਡਾ ਹਰਮਿੰਦਰ ਸਿੰਘ ਵਲੋਂ ਇਸ ਮੁਹਿੰਮ ਦੌਰਾਨ ਵੱਖ ਵੱਖ ਥਾਵਾਂ ਤੇ ਦੌਰਾ ਕਰਨ ਦੌਰਾਨ ਕੀਤਾ।
ਉਨਾਂ ਕਿਹਾ ਕਿ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੀਆਂ ਹਦਾਇਤਾਂ ਤੇ ਜ਼ਿਲਾ ਭਰ ਵਿੱਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਬੜੇ ਹੀ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਜਿਸ ਦੌਰਾਨ ਭੱਠਿਆਂ, ਪਥੇਰਾਂ, ਝੁੱਗੀਆਂ ਝੋਪੜੀਆਂ, ਉਸਾਰੀ ਅਧੀਨ ਇਮਾਰਤਾਂ ਆਦਿ ਥਾਵਾਂ ਤੇ ਕੰਮ ਕਰ ਰਹੀ ਮਾਈਗ੍ਰੇਟਰੀ ਵੱਸੋਂ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।
ਉਨਾਂ ਕਿਹਾ ਕਿ ਜ਼ਿਲਾ ਭਰ ਵਿੱਚ ਵਿਭਾਗ ਦੀਆਂ ਵੱਖ ਵੱਖ ਟੀਮਾਂ ਵੱਲੋਂ ਇਨਾਂ ਥਾਵਾਂ ਤੇ ਜਾ ਕੇ ਬੱਚਿਆਂ ਨੂੰ ਇਹ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਕੋਵਿਡ-19 ਕਾਰਨ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਭਾਵੇਂ ਭਾਰਤ ਪੋਲੀਓ ਮੁਕਤ ਦੇਸ ਐਲਾਨਿਆ ਜਾ ਚੁੱਕਾ ਹੈ ਪਰ ਫਿਰ ਵੀ ਕੁਝ ਗੁਆਂਢੀ ਮੁਲਕਾਂ ਵਿੱਚ ਪੋਲੀਓ ਦੇ ਕੇਸ ਪਾਏ ਜਾਣ ਕਾਰਨ ਇਸ ਮੁਹਿੰਮ ਨੂੰ ਲਗਾਤਾਰ ਚਾਲੂ ਰੱਖਿਆ ਗਿਆ ਹੈ।