ਚੋਣ ਵਾਅਦੇ ਭੁਲਾਉਣ ਲਈ ਬਾਦਲਾਂ ਨੂੰ ਰਗੜੇ ਲਾਏਗੀ ਕੈਪਟਨ ਸਰਕਾਰ–ਸੀਬੀਆਈ ਤੇ ਐਸਆਈਟੀ ਦੀਆਂ ਰਿਪੋਰਟਾਂ ਉਤੇ ਸਿਆਸਤ ਰਹੇਗੀ ਭਾਰੂ

 
-ਘਰ-ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਕਰਜ਼ਾ ਮੁਆਫ਼ੀ, ਸਮਾਰਟ ਫੋਨ, ਨਸ਼ਿਆਂ ਦੇ ਮੁੱਦੇ ਗਾਇਬ
PunjabUpdate.Com
ਚੰਡੀਗੜ੍ਹ, 5 ਅਗਸਤ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿੱਥੇ ਲੋਕਾਂ ਦੇ ਭੱਖਦੇ ਮੁੱਦੇ ਨਜ਼ਰਅੰਦਾਜ਼ ਰਹਿਣਗੇ ਉਥੇ ਹੀ ਧਾਰਮਿਕ ਮੁੱਦਿਆਂ ਉਤੇ ਸਿਆਸਤ ਭਾਰੂ ਰਹੇਗੀ। ਸੱਤਾਧਿਰ ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਧਾਰਮਿਕ ਮੁੱਦਿਆਂ ਉਤੇ ਤੀਜੀ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ ਭਾਸ਼ਣਾਂ ਦੀ ਮਧਾਣੀ ਵਿਚ ਪਾ ਕੇ ਰਿੜਕਣਗੀਆਂ। ਘਰ-ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਕਰਜ਼ਾ-ਕੁਰਕੀ ਖ਼ਤਮ ਕਰਨ, ਸੂਬੇ ਵਿਚ ਮਹਿੰਗੀ ਬਿਜਲੀ, ਮੁਫਤ ਸਮਾਰਟ ਫੋਨ, ਸਮੇਤ ਨਸ਼ਿਆਂ ਦੇ ਭੱਖਦੇ ਮੁੱਦਿਆਂ ਨੂੰ ਖੂੰਜੇ ਲਾਉਣ ਲਈ ਸੱਤਾਧਿਰ ਕਾਂਗਰਸ ਨੇ ਬੇਅਦਬੀ ਮਾਮਲਿਆਂ ਵਿਚ ਸੀਬੀਆਈ ਵਲੋਂ ਅਦਾਲਤ ਵਿਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਉਤੇ ਸੈਸ਼ਨ ਵਿਚ ਬਾਦਲਾਂ ਨੂੰ ਸਿਆਸੀ ਰਗੜੇ ਲਾਉਣ ਦੀ ਰਣਨੀਤੀ ਉਲੀਕੀ ਹੈ।  ਅੱਜ ਸੋਮਵਾਰ ਨੂੰ ਸੈਸ਼ਨ ਦੇ ਦੂਜੇ ਦਿਨ ਹੰਗਾਮੇ ਭਰਪੂਰ ਰਹਿਣ ਦੇ ਪੂਰੇ ਆਸਾਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਸਰਕਾਰ ਵਿਧਾਨ ਸਭਾ ਵਿਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਨਵੇਂ ਸਿਰ੍ਹੇ ਤੋਂ ਜਾਂਚ ਕਰਾਉਣ ਦਾ ਐਲਾਨ ਵੀ ਸੈਸ਼ਨ ਕਰਨ ਸਬੰਧੀ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਸੈਸ਼ਨ ਵਿਚ ਬੇਅਦਬੀ ਦੇ ਮੁੱਦੇ ਉਤੇ ਕੇਂਦਰੀ ਜਾਂਚ ਏਜੰਸੀ ਸੀਬੀਆਈ ਵਲੋਂ ਅਦਾਲਤ ਵਿਚ ਪੇਸ਼ ਕੀਤੀ ਗਈ ਕਲੋਜ਼ਰ ਰਿਪੋਰਟ ਦਾ ਮੁੱਦਾ ਜ਼ੋਰਸ਼ੋਰ ਨਾਲ ਉਠਾਉਣ ਅਤੇ ਅਕਾਲੀ-ਭਾਜਪਾ ਤੇ ਬਾਦਲਾਂ ਨੂੰ ਘੇਰਨ। ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਕੋਟਕਪੂਰਾ ਫਾਇਰਿੰਗ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਵਲੋਂ ਫਰੀਦਕੋਟ ਦੀ ਅਦਾਲਤ ਵਿਚ ਕੋਟਕਪੂਰਾ ਗੋਲੀਕਾਂਡ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ਵੀ ਵਿਧਾਨ ਸਭਾ ਵਿਚ ਪੇਸ਼ ਕੀਤੀ ਜਾਵੇ। ਪਿਛਲੇ ਦਿਨੀਂ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਵੀ ਜੇਲ੍ਹ ਮੰਤਰੀ ਰੰਧਾਵਾ, ਪੇਂਡੂ ਵਿਕਾਸ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਅਰੁਣਾ ਚੌਧਰੀ, ਵਿਧਾਇਕ ਫਤਿਹ ਬਾਜਵਾ, ਕੁਸ਼ਲਦੀਪ ਢਿੱਲੋਂ, ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜ਼ੀਰਾ ਸਮੇਤ ਕਈ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਤਰਕ ਰੱਖਿਆ ਸੀ ਕਿ ਬੇਅਦਬੀ ਦਾ ਮੁੱਦਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਣ ਕਰਕੇ ਇਸ ਨੂੰ ਸੈਸ਼ਨ ਵਿਚ ਮੁੜ ਚੁੱਕਿਆ ਜਾਣਾ ਚਾਹੀਦਾ ਹੈ ਤੇ ਬਾਦਲਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਘਰ-ਘਰ ਰੁਜ਼ਗਾਰ, ਬੇਰੁਜ਼ਗਾਰੀ ਭੱਤਾ, ਕਿਸਾਨਾਂ ਦੀ ਕਰਜ਼ਾ ਕੁਰਕੀ ਖ਼ਤਮ ਕਰਨ, ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਦੇਣ ਅਤੇ ਨਸ਼ਿਆਂ ਦਾ ਖ਼ਾਤਮਾ ਕਰਨ ਵਿਚ ਅਸਫ਼ਲ ਰਹੀ ਹੈ ਜਿਸ ਕਰਕੇ ਲੋਕਾਂ ਦਾ ਧਿਆਨ ਇਨ੍ਹਾਂ ਵਾਅਦਿਆਂ ਤੋਂ ਲਾਂਭੇ ਕਰਨ ਲਈ ਬਾਦਲਾਂ ਦੀ ਘੇਰਾਬੰਦੀ ਕੀਤੀ ਚਾਹੀਦੀ ਹੈ। ਰੰਧਾਵਾ, ਬਾਜਵਾ ਅਤੇ ਸਿੱਧੂ ਧੜ੍ਹੇ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਸੀਬੀਆਈ ਦੀ ਕਲੋਜ਼ਰ ਰਿਪੋਰਟ ਅਤੇ ਐਸਆਈਟੀ ਦੀ ਰਿਪੋਰਟ ਦੇ ਮੁੱਦੇ ਉਤੇ ਸੈਸ਼ਨ ਵਿਚ ਅਕਾਲੀਆਂ-ਭਾਜਪਾਈਆਂ ਨੂੰ ਚਿੱਤ ਕੀਤਾ ਜਾ ਸਕਦਾ ਹੈ। ਇਨ੍ਹਾਂ ਆਗੂਆਂ ਨੇ ਕੈਪਟਨ ਨੂੰ ਇਹ ਵੀ ਕਿਹਾ ਕਿ ਬਾਦਲਾਂ ਖਿਲਾਫ਼ ਸਰਕਾਰ ਕੋਈ ਵੱਡੀ ਕਾਰਵਾਈ ਕਰੇ ਕਿਉਂਕਿ ਸੂਬੇ ਵਿਚ ਟਰਾਂਸਪੋਰਟ ਅਤੇ ਕੇਬਲ ਮਾਫੀਆ ਉਤੇ ਬਾਦਲਾਂ ਦਾ ਦਬਦਬਾ ਹੈ।
ਉਧਰ ਦੂਜੇ ਪਾਸੇ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ 2017 ਦੀਆਂ ਚੋਣਾਂ ਮੌਕੇ ਸੱਤਾ ਹਾਸਲ ਕਰਨ ਲਈ ਕਾਂਗਰਸ ਨੇ ਨੌਜਵਾਨਾਂ, ਕਿਸਾਨਾਂ, ਗਰੀਬਾਂ ਦਲਿਤਾਂ ਸਮੇਤ ਸਾਰੇ ਵਰਗਾਂ ਨੂੰ ਵੱਡੇ-ਵੱਡੇ ਝੂਠੇ ਵਾਅਦੇ ਕੀਤੇ ਸਨ। ਕਿਸਾਨੀ ਕਰਜ਼ਾ-ਕੁਰਕੀ ਖ਼ਤਮ ਕਰਨ, ਨੌਜਵਾਨਾਂ ਨੂੰ ਘਰ-ਘਰ ਨੌਕਰੀਆਂ ਦੇਣ, ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਦੇਣ, ਬੇਰੁਜ਼ਗਾਰੀ ਭੱਤਾ ਦੇਣ, ਸੂਬੇ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਅਨੇਕਾਂ ਹੀ ਵਾਅਦੇ ਸਨ, ਜਿਨ੍ਹਾਂ ਨੂੰ ਪੂਰੇ ਕਰਨ ਤੋਂ ਕੈਪਟਨ ਸਰਕਾਰ ਹੁਣ ਭੱਜ ਰਹੀ ਹੈ। ਢੀਂਡਸਾ ਨੇ ਕਿਹਾ ਕਿ ਲੋਕਾਂ ਦਾ ਧਿਆਨ ਭਟਕਾਉਣ ਲਈ ਪਿਛਲੇ ਲਗਭਗ ਪੌਣੇ ਤਿੰਨ ਸਾਲਾਂ ਤੋਂ ਕੈਪਟਨ ਸਰਕਾਰ ਧਰਮ ਦੇ ਨਾਮ ਉਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਕੈਪਟਨ ਸਰਕਾਰ ਦੇ ਰਾਜ ਵਿਚ 800 ਦੇ ਕਰੀਬ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਨਸ਼ਿਆਂ ਨਾਲ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਮਹਿੰਗੀ ਬਿਜਲੀ ਦਾ ਮੁੱਦਾ ਅਤੇ ਸੂਬੇ ਵਿਚ ਅਮਨ ਕਾਨੂੰਨ ਦੀ ਖਸਤਾ ਹਾਲਤ ਦੇ ਚੱਲਦੇ ਜੇਲ੍ਹਾਂ ਵਿਚ ਕਤਲ ਹੋ ਰਹੇ ਹਨ। ਸਰਕਾਰ ਕੁੰਭਕਰਨੀ ਦੀ ਨੀਂਦ ਸੁੱਤੀ ਪਈ ਹੈ। ਢੀਂਡਸਾ ਨੇ ਕਿਹਾ ਕਿ ਸੱਤਾਧਿਰ ਕਾਂਗਰਸ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੀ ਰਲ ਕੇ ਲੋਕਾਂ ਦੇ ਅੱਖਾਂ ਵਿਚ ਘੱਟਾਂ ਪਾ ਰਹੀਆਂ ਹਨ। ਆਮ ਆਦਮੀ ਪਾਰਟੀ ਮੁੱਖ
ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦੀ ਬਜਾਏ ਅਤੇ ਸਰਕਾਰ ਨੂੰ ਘੇਰਨ ਦੀ ਬਜਾਏ ਸੱਤਾ ਦਾ ਆਨੰਦ ਮਾਣ ਰਹੀ ਹੈ। ਇਹੀ ਕਾਰਨ ਹੀ ਕਿ 5 ਆਪ ਵਿਧਾਇਕਾਂ ਦਾ ਸਰਕਾਰ ਦੀ ਮਿਹਰਬਾਨੀ ਦੇ ਚੱਲਦੇ ਅਸਤੀਫਾ ਇੱਕ ਸਾਲ ਤੋਂ ਮਨਜ਼ੂਰ ਤੱਕ ਨਹੀਂ ਕੀਤਾ ਜਾ ਰਿਹਾ। ਅਸੀਂ ਸੈਸ਼ਨ ਵਿਚ ਕਾਂਗਰਸ ਸਰਕਾਰ ਨੂੰ ਧਰਮ ਦੇ ਨਾਮ ਉਤੇ ਸੌੜੀ ਸਿਆਸਤ ਨਹੀਂ ਕਰਨ ਦਿਆਂਗੇ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਉਤੇ ਜਵਾਬਦੇਹੀ ਬਣਾਵਾਂਗੇ।
ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਮਹਿੰਗੀ ਬਿਜਲੀ, ਬੇਰੁਜ਼ਗਾਰੀ, ਜੇਲ੍ਹਾਂ ਵਿਚ ਹੋ ਰਹੀਆਂ ਹੱਤਿਆਵਾਂ, ਅਮਨ-ਕਾਨੂੰਨ ਦੀ ਹਾਲਤ, ਕਿਸਾਨ ਖੁਦਕੁਸ਼ੀਆਂ ਅਤੇ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੇ ਮੁੱਦਿਆਂ ਉਤੇ ਕੈਪਟਨ ਸਰਕਾਰ ਨੂੰ ਘੇਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਦਾ ਮੁੱਦਾ ਵੀ ਸੈਸ਼ਨ ਵਿਚ ਚੁੱਕਿਆ ਜਾਵੇਗਾ। ਫਰੈਂਡਲੀ ਮੈਚ ਦੇ ਦੋਸ਼ਾਂ ਸਬੰਧੀ ਚੀਮਾ ਨੇ ਕਿਹਾ ਕਿ ਫਰੈਂਡਲੀ ਮੈਚ ਤਾਂ ਕੈਪਟਨ ਅਤੇ ਬਾਦਲਾਂ ਵਿਚਕਾਰ ਚੱਲ ਰਿਹਾ ਹੈ ਜਿਸ ਕਾਰਨ ਬਾਦਲਾਂ ਦੇ ਟਰਾਂਸਪੋਰਟ ਅਤੇ ਕੇਬਲ ਮਾਫੀਆ ਖਿਲਾਫ਼ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ।

Read more