ਰੰਧਾਵਾ ਵੱਲੋਂ ਵਿਵਾਦਤ ਵੀਡਿਓ ਮਾਮਲੇ ਬਾਰੇ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਦਾ ਐਲਾਨ

– “ਮੇਰੇ ਅਕਸ ਨੂੰ ਢਾਹ ਲਾਉਣ ਲਈ ਕਿਸੇ ਪੰਥ ਦੋਖੀ ਵੱਲੋਂ ਹੀ ਕੀਤੀ ਗਈ ਹੈ ਸ਼ਰਾਰਤ”: ਰੰਧਾਵਾ

ਚੰਡੀਗੜ੍ਹ, 28 ਦਸੰਬਰ : ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਉਨ੍ਹਾਂ ਬਾਰੇ ਇਕ ਨਿਊਜ਼ ਚੈਨਲ ਉਤੇ ਚਲਾਈ ਵਿਵਾਦਤ ਵੀਡਿਓ ਸੰਬੰਧੀ ਬੋਲਦਿਆਂ ਕਿਹਾ ਗਿਆ ਕਿ ਇਹ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਲਈ ਕਿਸੇ ਪੰਥ ਦੋਖੀ ਵੱਲੋਂ ਕੋਝੀ ਸ਼ਰਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਪੁਰਾਣੀ ਵੀਡਿਓ ਨਾਲ ਛੇੜਛਾੜ ਕਰਦਿਆਂ ਆਵਾਜ ਨੂੰ ਐਡਿਟ ਕੀਤਾ ਗਿਆ ਹੈ ਜਿਸ ਸੰਬੰਧੀ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹੈ।

 ਰੰਧਾਵਾ ਨੇ ਕਿਹਾ ਕਿ ਉਹ ਖੁਦ ਸਾਈਬਰ ਕਰਾਈਮ ਨੂੰ ਸ਼ਿਕਾਇਤ ਕਰ ਕੇ ਇਸ ਮਾਮਲੇ ਦੀ ਪੂਰੀ ਡੂੰਘਾਈ ਤੱਕ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਇਕ ਅੰਮ੍ਰਿਤਧਾਰੀ ਸਿੰਘ ਹਨ ਜਿਸ ਕਰਕੇ ਉਹ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਅਜਿਹਾ ਕਹਿਣ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਉਨ੍ਹਾਂ ਗੁਰੂ ਸਾਹਿਬ ਦੀ ਕਿਸੇ ਨਾਲ ਤੁਲਨਾ ਬਿਲਕੁਲ ਵੀ ਨਹੀਂ ਕੀਤੀ ਪਰ ਫੇਰ ਵੀ ਇਸ ਦੀ ਜਾਂਚ ਵਿੱਚ ਜੇ ਉਨ੍ਹਾਂ ਖਿਲਾਫ ਜ਼ਰਾ ਵੀ ਦੋਸ਼ ਸਿੱਧ ਹੋਇਆਂ ਤਾਂ ਉਹ ਖੁਦ ਅਸਤੀਫਾ ਦੇ ਦੇਣਗੇ।

 ਰੰਧਾਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਲਈ ਸ਼ਰਾਰਤ ਨਾਲ ਛੇੜਛਾੜ ਤੇ ਐਡਿਟ ਕੀਤੀ ਵੀਡਿਓ ਨੂੰ ਬਿਨਾਂ ਤਸਦੀਕ ਕੀਤਿਆਂ ਚਲਾਉਣ ਲਈ ਉਹ ਨਿਊਜ਼ ਚੈਨਲ ਨੂੰ ਵੀ ਕਾਨੂੰਨੀ ਨੋਟਿਸ ਭੇਜਣਗੇ। ਉਨ੍ਹਾਂ ਕਿਹਾ ਕਿ ਇਹ ਵੀਡਿਓ ਉਂਝ ਵੀ ਪੁਰਾਣੀ ਹੈ ਜਿਸ ਵਿੱਚ ਗਰਮੀ ਰੁੱਤ ਦੇ ਕੱਪੜੇ ਸਾਫ ਦਿਸਦੇ ਹਨ। ਇਸ ਤੋਂ ਇਲਾਵਾ ਜੋ ਸਖਸ਼ ਵੀਡਿਓ ਵਿੱਚ ਨਾਲ ਖੜ੍ਹਾ ਹੈ, ਉਹ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਨੂੰ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਵੀਡਿਓ ਵੀ ਜਰਾ ਜਿੰਨੀ ਵੀ ਸੱਚਾਈ ਹੁੰਦੀ ਤਾਂ ਇਹ ਕਦੋਂ ਦੀ ਵਾਇਰਲ ਹੋ ਜਾਂਦੀ। ਇਸ ਨੂੰ ਦੇਰੀ ਨਾਲ ਵਾਇਰਲ ਤੋਂ ਵੀ ਸਿੱਧ ਹੁੰਦਾ ਹੈ ਕਿ ਛੇੜਛਾੜ ਕੀਤੀ ਗਈ ਹੈ।

Read more