ਅਲਵਿਦਾ ਸਰ -ਪੰਜਾਬੀ ਭਾਸ਼ਾ ਵਿਗਿਆਨੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਜੋਗਿੰਦਰ ਪੁਆਰ ਦਾ ਦੇਹਾਂਤ
-ਦੇਸ਼ ਸੇਵਕ ਦੇ ਮੈਨੇਜਿੰਗ ਐਡੀਟਰ ਵਜੋਂ ਵੀ ਲੰਮਾ ਸਮਾਂ ਸੇਵਾਵਾਂ ਨਿਭਾਈਆਂ
-ਪੰਜਾਬੀ ਭਾਸ਼ਾ ਵਿਗਿਆਨ, ਵਿਆਕਰਨ, ਸਾਹਿਤ, ਸਭਿਆਚਾਰ ਦੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਇਆ
ਚੰਡੀਗੜ੍ਹ, 15 ਅਕਤੂਬਰ (ਨਿਰਮਲ ਸਿੰਘ ਮਾਨਸ਼ਾਹੀਆ)-ਪੰਜਾਬੀ ਭਾਸ਼ਾ ਦੇ ਪਾਸਾਰ ਤੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਜੋਗਿੰਦਰ ਸਿੰਘ ਪੁਆਰ ਦਾ ਬੀਤੀ ਰਾਤ ਜਲੰਧਰ ਵਿਚ ਦੇਹਾਂਤ ਹੋ ਗਿਆ। ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਵਾਲੀ ਇਸ ਸਖਸ਼ੀਅਤ ਨੇ ਪੰਜਾਬ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਤਿਹਾਸਕ ਰੋਲ ਅਦਾ ਕੀਤਾ। ਡਾਕਟਰ ਪੁਆਰ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਉਤੇ ਰਹੇ। ਉਨ੍ਹਾਂ ਨੇ ਆਪਣੀ ਪੜ੍ਹਾਈ ਜਲੰਧਰ ਅਤੇ ਉਚ ਵਿੱਦਿਆ ਇੰਗਲੈਂਡ, ਅਮਰੀਕਾ ਸਮੇਤ ਹੋਰਨਾਂ ਕਈ ਦੇਸ਼ਾਂ ਵਿਚੋਂ ਕੀਤੀ। ਉਨ੍ਹਾਂ ਪੀਐਚਡੀ ਅੰਗਰੇਜ਼ੀ ਵਿਚ ਕੀਤੀ ਸੀ। ਇੱਕ ਸਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਡਾਕਟਰ ਪੁਆਰ ਨੇ ਜਿੱਥੇ ਵਿੱਦਿਆ ਦੇ ਖੇਤਰ ਵਿਚ ਇਤਿਹਾਸਕ ਪੈੜ੍ਹਾਂ ਪਾਈਆਂ ਉਤੇ ਹੀ ਉਨ੍ਹਾਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਅੱਜ ਵੀ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਾਬੀ ਦੇ ਵਿਦਿਆਰਥੀ ਪੜ੍ਹ ਰਹੇ ਹਨ। ਪੰਜਾਬੀ ਭਾਸ਼ਾ ਵਿਗਿਆਨ, ਵਿਆਕਰਨ ਦੇ ਖੇਤਰ ਵਿਚ ਉਨ੍ਹਾਂ ਕਾਫ਼ੀ ਖੋਜ਼ ਕੀਤੀ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਕਈ ਮੀਲ ਪੱਥਰ ਸਥਾਪਿਤ ਕੀਤੇ।
ਵਾਈਸ ਚਾਂਸਲਰ ਦਾ ਅਹੁਦਾ ਛੱਡਣ ਤੋਂ ਬਾਅਦ ਡਾ ਜੋਗਿੰਦਰ ਪੁਆਰ ਨੂੰ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ ਸੀਪੀਆਈ (ਐਮ) ਦੇ ਅਖ਼ਬਾਰ ਰੋਜ਼ਾਨਾ ਦੇਸ਼ ਸੇਵਕ ਦੇ ਮੈਨੇਜਿੰਗ ਐਡੀਟਰ ਵਜੋਂ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇਣ ਦੀ ਸੇਵਾ ਸੌਂਪੀ। ਜਿਸ ਤੋਂ ਬਾਅਦ ਡਾਕਟਰ ਪੁਆਰ ਨੇ ਚੰਡੀਗੜ੍ਹ ਵਿਚ ਦੇਸ਼ ਸੇਵਕ ਅਖ਼ਬਾਰ ਵਿਚ ਲੰਬਾ ਸਮਾਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਾਸਾਰ ਲਈ ਕੰਮ ਕੀਤਾ। ਉਨ੍ਹਾਂ ਦੇ ਸੰਪਾਦਕੀ ਲੇਖ ਪਹਿਲੇ ਪੰਨੇ ਉਤੇ ਪ੍ਰਕਾਸ਼ਤ ਹੁੰਦੇ ਸਨ ਅਤੇ ਜਿਸ ਨੂੰ ਪੜ੍ਹ ਕੇ ਜਿੱਥੇ ਸੁੱਤੀਆਂ ਸਰਕਾਰਾਂ ਦੇ ਕੰਨ੍ਹ ਖੁੱਲ ਜਾਂਦੇ ਸਨ ਅਤੇ ਚਾਰੇ ਪਾਸੇ ਚਰਚਾ ਹੁੰਦੀ ਸੀ। ਪੰਜਾਬੀ ਭਾਸ਼ਾ ਨਾਲ ਉਨ੍ਹਾਂ ਨੂੰ ਇੰਨਾ ਗੂੜ੍ਹਾ ਪਿਆਰ ਸੀ ਕਿ ਉਹ ਅਖ਼ਬਾਰ ਵਿਚ ਪੰਜਾਬੀ ਦੇ ਇੱਕ-ਇੱਕ ਸ਼ਬਦ ਉਤੇ ਧਿਆਨ ਦਿੰਦੇ ਸਨ ਅਤੇ ਡੈਸਕ ਤੇ ਪੱਤਰਕਾਰਾਂ ਨੂੰ ਸਖ਼ਤ ਹਦਾਇਤ ਹੁੰਦੀ ਸੀ ਕਿ ਪਰੂਫ਼ ਰੀਡਿੰਗ ਵਿਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਉਹ ਸ਼ੁੱਧ ਪੰਜਾਬੀ ਲਿਖਣੀ ਤੇ ਬੋਲਣੀ ਉਤੇ ਜ਼ੋਰ ਦਿੰਦੇ ਸਨ।
ਕਈ ਸਾਲ ਦੇਸ਼ ਸੇਵਕ ਅਖ਼ਬਾਰ ਵਿਚ ਸੇਵਾ ਕਰਨ ਤੋਂ ਬਾਅਦ ਢਿੱਲੀ ਸਿਹਤ ਦੇ ਚੱਲਦਿਆਂ ਉਹ ਮੈਨੇਜਿੰਗ ਐਡੀਟਰ ਦੀ ਜ਼ਿੰਮੇਵਾਰੀ ਛੱਡ ਕੇ ਜਲੰਧਰ ਆਪਣੇ ਜ਼ੱਦੀ ਪਿੰਡ ਲੱਡੇਵਾਲੀ (ਨੇੜੇ ਜਲੰਧਰ) ਵਿਖੇ ਰਹਿਣ ਲੱਗ ਪਏ। ਜਲੰਧਰ ਵਿਚ ਰਹਿੰਦਿਆਂ ਉਨ੍ਹਾਂ ਖੇਤੀਬਾੜੀ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਕਾਦਮੀ ਵਿਚ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਸਨ। ਉਨ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਾਸਾਰ ਲਈ ਦੇਸ਼-ਵਿਦੇਸ਼ਾਂ ਤੋਂ ਵਿਦਵਾਨਾਂ ਨੂੰ ਜਲੰਧਰ ਤੇ ਪਟਿਆਲਾ ਬੁਲਾ ਕੇ ਵੱਡੇ-ਵੱਡੇ ਸੈਮੀਨਾਰ ਵੀ ਕਰਵਾਏ।
ਡਾਕਟਰ ਜੋਗਿੰਦਰ ਪੁਆਰ ਹੋਰਾਂ ਨਾਲ ਮੈਨੂੰ ਲੰਬਾ ਸਮਾਂ ਕਈ ਸਾਲ ਰੋਜ਼ਾਨਾ ਦੇਸ਼ ਸੇਵਕ ਅਖ਼ਬਾਰ ਵਿਚ ਕੰਮ ਕਰਨ ਦਾ ਮੌਕਾ ਮਿਲਿਆ, ਇਹ ਮੌਕਾ ਬਹੁਤ ਹੀ ਕੁੱਝ ਸਿੱਖਣ ਦਾ ਸੀ ਜਦੋਂ ਉਨ੍ਹਾਂ ਤੋਂ ਪੰਜਾਬੀ ਪੱਤਰਕਾਰੀ ਤੇ ਪੰਜਾਬੀ ਭਾਸ਼ਾ ਵਿਚ ਡੂੰਘਾ ਗਿਆਨ ਹਾਸਲ ਕੀਤਾ। ਉਹ ਸਮੇਂ ਦੇ ਬਹੁਤ ਹੀ ਜ਼ਿਆਦਾ ਪਾਬੰਦ ਇਨਸਾਨ ਸਨ ਅਤੇ ਕਦੇ ਵੀ ਦਫ਼ਤਰ ਲੇਟ ਨਹੀਂ ਆਏ ਸਨ ਸਗੋਂ ਰੋਜ਼ ਮੀਟਿੰਗ ਤੋਂ ਅੱਧਾ ਘੰਟਾ ਪਹਿਲਾਂ ਹੀ ਦਫ਼ਤਰ ਪੁੱਜ ਜਾਂਦੇ ਸਨ। ਡਾਕਟਰ ਪੁਆਰ ਨਾਲ ਪੱਤਰਕਾਰੀ ਦੇ ਖੇਤਰ ਵਿਚ ਕੰਮ ਕਰਦਿਆਂ ਜੋ ਤਜਰਬਾ ਮਿਲਿਆ ਉਹ ਬਹੁਤ ਹੀ ਵੱਡਮੁੱਲਾ ਹੈ। ਡਾਕਟਰ ਜੋਗਿੰਦਰ ਪਾਵਾਰ ਹੋਰਾਂ ਦੀ ਪ੍ਰੇਰਨਾ ਸਦਕਾ ਹੀ ਮੈਂ ਪੱਤਰਕਾਰੀ ਦੀ ਉਚ ਪੜ੍ਹਾਈ ਐਮਏ ਪੱਤਰਕਾਰੀ ਕਰ ਸਕਿਆ।
ਡਾਕਟਰ ਪੁਆਰ ਦਾ ਸੀਪੀਆਈ ਐਮ ਦੇ ਬਾਬਾ ਬੌਹੜ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਹੋਰਾਂ ਨਾਲ ਬਹੁਤ ਨੇੜਲਾ ਰਿਸ਼ਤਾ ਸੀ। ਉਹ ਲੰਬਾ ਸਮਾਂ ਉਨ੍ਹਾਂ ਦੇ ਨੇੜੇ ਵੀ ਰਹੇ ਅਤੇ ਸੀਪੀਆਈ (ਐਮ) ਅਤੇ ਦੇਸ਼ ਸੇਵਕ ਟਰੱਸਟ ਦੇ ਮੈਂਬਰ ਵੀ ਉਨ੍ਹਾਂ ਕਰਕੇ ਹੀ ਬਣੇ ਸਨ।
ਡਾਕਟਰ ਪੁਆਰ ਦੇ ਇਸ ਜਹਾਨ ਤੋਂ ਚਲੇ ਜਾਣ ਨਾਲ ਪੰਜਾਬੀ ਭਾਸ਼ਾ ਦੀ ਸਲਾਮਤੀ ਚਾਹੁਣ ਵਾਲੀ ਬੁਲੰਦ ਆਵਾਜ਼ ਖ਼ਾਮੋਸ਼ ਹੋ ਗਈ ਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਤੇ ਪੰਜਾਬੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅਸੀਂ ਇੱਕ ਅਜਿਹੇ ਪੰਜਾਬੀ ਭਾਸ਼ਾ ਵਿਗਿਆਨੀ ਤੋਂ ਵਾਂਝੇ ਹੋ ਗਏ ਹਾਂ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਦੀਆਂ ਬਾਰੀਕੀਆਂ ਬਾਰੇ ਸਾਡਾ ਮਾਰਗ ਦਰਸ਼ਕ ਕਰਦਾ ਸੀ। ਉਨ੍ਹਾਂ ਵਲੋਂ ਲਿਖ਼ੀਆਂ ਕਿਤਾਬਾਂ ਤੇ ਪੰਜਾਬੀ ਦੀ ਡਿਕਸ਼ਨਰੀ ਪੰਜਾਬੀ ਭਾਸ਼ਾ ਲਈ ਇੱਕ ਮੀਲ ਦਾ ਪੱਥਰ ਬਣੀ ਰਹੇਗੀ ਤੇ ਇਤਿਹਾਸ ਦੇ ਪੰਨੇ ਬਣ ਕੇ ਰਾਹ ਵਿਖਾਉਂਦੀ ਰਹੇਗੀ। ਅਲਵਿਦਾ ਸਰ।