ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੌਰਾਨ ਪਸ਼ੂ ਮੇਲੇ ਲਗਾਉਣ ਤੇ ਪ੍ਰਬੰਧਾਂ ਬਾਰੇ ਐਡਵਾਇਜ਼ਰੀ ਜਾਰੀ


ਤਰਨ ਤਾਰਨ 22 ਮਈ :
ਪੰਜਾਬ ਸਰਕਾਰ ਵੱਲੋਂ ਪਸ਼ੂ ਵਪਾਰੀਆਂ/ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਸ਼ੂ ਮੇਲੇ ਲਗਾਉਣ ਅਤੇ ਪ੍ਰਬੰਧਾਂ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਪਸ਼ੂ ਵਪਾਰੀ/ਵਰਕਰ ਇੱਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ।
ਪਸ਼ੂ ਵਪਾਰੀਆਂ/ਵਰਕਰਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਹਰ ਸਮੇਂ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ, ਘਰੋਂ ਨਿਕਲਣ ਤੋਂ ਪਹਿਲਾਂ ਕੱਪੜੇ ਦਾ ਮਾਸਕ ਪਹਿਨ ਲਿਆ ਜਾਵੇ ਅਤੇ ਘਰ ਵਾਪਸੀ ਤੱਕ ਇਸਨੂੰ ਪਹਿਨ ਕੇ ਰੱਖਿਆ ਜਾਵੇ। ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਅਤੇ ਮੂੰਹ ਚੰਗੀ ਤਰਾਂ ਢਕਿਆ ਜਾਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਅਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ।
ਐਡਵਾਇਜ਼ਰੀ ਵਿੱਚ ਇਹ ਸਲਾਹ ਦਿੱਤੀ ਗਈ ਹੈ ਕਿ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਨਾ ਛੂਹਿਆ ਜਾਵੇ। ਖੁੱਲੇ ਵਿੱਚ ਨਾ ਥੁੱਕੋ ਅਤੇ ਜ਼ਰੂਰਤ ਪੈਣ `ਤੇ ਟਾਇਲਟ ਦੇ ਵਾਸ਼ਬੇਸਨ ਦੀ ਵਰਤੋਂ ਕਰੋ। ਕਿਸੇ ਵੀ ਤਰਾਂ ਦਾ ਕੋਈ ਵੀ ਜਨਤਕ, ਧਾਰਮਿਕ, ਰਾਜਨੀਤਿਕ ਇਕੱਠ ਨਾ ਕਰੋ। ਸੰਭਾਵਿਤ ਸੰਕ੍ਰਮਿਤ ਥਾਵਾਂ ਜਿਵੇਂ ਕਿ ਦਰਵਾਜ਼ੇ ਦੇ ਹੈਂਡਲ, ਰੇਲਿੰਗ, ਕੰਧਾਂ ਆਦਿ ਨੂੰ ਨਾ ਛੂਹੋ। ਕਿਸੇ ਵੀ ਮਸ਼ੀਨ ਨੂੰ ਵਰਤਣ/ਛੂਹਣ ਤੋਂ ਪਹਿਲਾਂ ਉਸ ਨੂੰ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕਰੋ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਜਿਸ ਜ਼ਿਲੇ ਨੂੰ ਪ੍ਰਸ਼ਾਸਨ ਵੱਲੋਂ ਕੰਟੇਨਮੇਂਟ ਜ਼ੋਨ/ਰੈੱਡ ਜ਼ੋਨ/ ਹਾਟਸਪਾਟ ਐਲਾਨਿਆ ਗਿਆ ਹੈ, ਉੱਥੇ ਕੋਈ ਵੀ ਪਸ਼ੂ ਮੇਲਾ ਨਾ ਲਗਾਇਆ ਜਾਵੇ। ਮੇਲੇ ਵਾਲੀ ਥਾਂ ਵਿੱਚ ਲਿਆਉਣ ਤੋਂ ਪਹਿਲਾਂ ਪਸ਼ੂ ਨੂੰ ਚੰਗੀ ਤਰਾਂ ਸੈਨੀਟਾਈਜ਼ ਕੀਤਾ ਜਾਵੇ। ਮੇਲੇ ਵਿੱਚ ਕੁਝ ਚੋਣਵੀਆਂ ਥਾਂਵਾਂ `ਤੇ ਪੈਰਾਂ ਨਾਲ ਚੱਲਣ ਵਾਲੇ ਹੈਂਡ-ਵਾਸ਼ਿੰਗ ਸਟੇਸ਼ਨ ਲਗਾਏ ਜਾਣ। ਪਸ਼ੂ ਵਪਾਰੀਆਂ ਵੱਲੋਂ ਵਰਕਰਾਂ ਨੂੰ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾਵੇ।
ਪਸ਼ੂ ਵਪਾਰੀਆਂ/ਵਰਕਰਾਂ ਵੱਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਮਾਲਕਾਂ ਵੱਲੋਂ ਮੁਲਾਜ਼ਮਾਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ `ਕੋਵਾ ਐਪ` ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ।
ਐਡਵਾਇਜ਼ਰੀ ਅਨੁਸਾਰ ਜੇਕਰ ਕਿਸੇ ਵਰਕਰ ਨੂੰ ਬੁਖ਼ਾਰ ਹੈ ਜਾਂ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਪਸ਼ੂ ਵਪਾਰੀਆਂ ਵੱਲੋਂ ਉਸ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਜਾਵੇ ਅਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਜੇਕਰ ਕਿਸੇ ਵਰਕਰ/ਪਸ਼ੂ ਵਪਾਰੀ ਨੂੰ ਤੇਜ਼ ਬੁਖ਼ਾਰ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਕੋਵਿਡ-19 ਪੀੜਤ ਹੈ। ਜੇਕਰ ਕਿਸੇ ਵਰਕਰ ਨੂੰ ਕਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਪਸ਼ੂ ਵਪਾਰੀ ਜਾਂ ਮਾਲਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074/088720-90029 `ਤੇ ਕਾਲ ਕਰਕੇ ਪੀੜਤ ਵਰਕਰ ਦੇ ਮੇਲੇ ਵਿੱਚ ਆਉਣ ਬਾਰੇ ਅਤੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਤੁਰੰਤ ਜਾਣਕਾਰੀ ਦੇਵੇ।

Read more