Thursday 22 October 2020

ਪੰਜਾਬ ਸਰਕਾਰ ਨੂੰ ਬਠਿੰਡਾ ਵਿੱਚ ਬਣਨ ਜਾ ਰਹੇ ਵੱਡੇ ਫਾਰਮਾ ਪਾਰਕ ਸਬੰਧੀ ਸਨਅੱਤਕਾਰਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

- Posted on 21 September 2020


ਚੰਡੀਗੜ, 21 ਸਤੰਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ  ਬਠਿੰਡਾ ਵਿਖੇ ਬਣਾਏ ਜਾ ਰਹੇ ਵੱਡੇ ਫਾਰਮਾ ਪਾਰਕ ਲਈ ਭਾਈਵਾਲਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੇ ਸਲਾਹ-ਮਸ਼ਵਰੇ ਦੌਰਾਨ ਉਦਯੋਗਿਕ ਖੇਤਰ ਦੇ ਵੱਡੇ ਨਿਵੇਸ਼ਕਾਰਾਂ ਅਤੇ ਅਕਾਦਮਿਕ ਆਗੂਆਂ ਨਾਲ ਰਣਨੀਤਕ ਵਿਚਾਰ ਵਟਾਂਦਰਾ ਕੀਤਾ।
ਵੈਬਿਨਾਰ ਵਿਚ ਭਾਰਤ ਭਰ (ਪੰਜਾਬ ਸਮੇਤ) ਅਤੇ ਯੂ.ਐਸ.ਏ ਦੇ 50 ਤੋਂ ਵੱਧ ਉੱਘੇ ਫਾਰਮਾ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ । ਇਨਾਂ ਵਿਚ ਡਾ: ਰੈਡੀਜ਼, ਡਿਵਿਸ ਲੈਬਜ਼, ਆਈ.ਓ.ਐਲ ਕੈਮੀਕਲ, ਸਨ ਫਾਰਮਾ, ਨੈਕਟਰ ਲਾਈਫਸਾਇੰਸਸ, ਅਨੁਪਮ ਰਸਾਇਣ, ਸੀਕਿਉਐਂਟ ਸਾਇੰਟੀਫਿਕ, ਏਐਮਆਈ ਲਾਈਫਸਾਇੰਸਸ, ਸੌਰਵ ਕੈਮੀਕਲਜ਼ ਆਦਿ ਸ਼ਾਮਲ ਹੋਏ। ਇਸ ਸੈਸ਼ਨ ਵਿਚ ਯ.ੂਐਨ.ਆਈ .ਡੀ. ਓ, ਐਨ.ਸੀ.ਐਲ, ਸੀ.ਐਸ.ਆਈ.ਆਰ, ਫਾਰਮਾ ਐਕਸਿਲ ਵਰਗੇ ਹੋਰ ਭਾਈਵਾਲ ਵੀ ਸ਼ਾਮਲ ਹੋਏ।
ਸੈਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਫਾਰਮਾਸੂਟੀਕਲ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਨਵਦੀਪ ਰਿਨਵਾ ਵਲੋਂ ਭਾਰਤ ਸਰਕਾਰ ਦੀ “ਥੋਕ ਡਰੱਗ ਪਾਰਕਾਂ ” ਨੂੰ ਉਤਸ਼ਾਹਿਤ ਕਰਨ ਸਬੰਧੀ ਚਲਾਈ ਸਕੀਮ ਬਾਰੇ ਜਾਣਕਾਰੀ ਨਾਲ ਕੀਤੀ ਗਈ। ਇਸ ਉੱਚ ਪੱਧਰੀ ਗੱਲਬਾਤ ਵਿੱਚ ਨਿਵੇਸ਼ ਪੰਜਾਬ ਅਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਕਰਕੇ ਫਾਰਮਾ ਇਕਾਈਆਂ ਲਈ ਪੰਜਾਬ ਨੂੰ ਇੱਕ ਤਰਜੀਹੀ ਨਿਵੇਸ਼ ਸਥਾਨ ਵਜੋਂ ਦਰਸਾਉਣ ਹਿੱਤ ਪੰਜਾਬ ਵਿੱਚ ਨਿੇਵਸ਼ ਦੇ ਫਾਇਦਿਆਂ ਬਾਰੇ ਇੱਕ ਸੰਖੇਪ ਝਾਤ ਪਾਉਣ ਤੋਂ ਇਲਾਵਾ ਬਠਿੰਡਾ ਵਿਖੇ ਲਗਭਗ 1300 ਏਕੜ ਰਕਬੇ ਵਿੱਚ ਬਣਨ ਜਾ ਰਹੇ  ‘ਥੋਕ ਡਰੱਗਜ਼ ਪਾਰਕ’ ਸਬੰਧੀ  ਭਾਈਵਾਲਾਂ ਨੂੰ ਜਾਣਕਾਰੀ ਦੇਣ ’ਤੇ ਮੁੱਖ ਜ਼ੋਰ ਦਿੱਤਾ ਗਿਆ।
ਵੈਬਿਨਾਰ ਨੇ ਪੰਜਾਬ ਸਰਕਾਰ ਨੂੰ ਭਾਰਤ ਵਿਚ ਫਾਰਮਾ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸੂਬਾ ਸਰਕਾਰ ਦੇ ਵੱਡੇ ਡਰੱਗਜ਼ ਪਾਰਕ ਸਬੰਧੀ ਪ੍ਰਸਤਾਵ ‘ਤੇ ਉਦਯੋਗਿਕ ਫੀਡਬੈਕ ਲੈਣ ਲਈ ਇਕ ਮੰਚ ਵਜੋਂ ਕੰਮ ਕੀਤਾ । ਸੂਬੇ ਦੇ ਨਿਵੇਸਕਾਂ ਲਈ ਢੁਕਵਾਂ ਮਾਹੌਲ ਸਿਰਜਣ ਲਈ ਕੀਤੇ ਅਗਾਂਹਵਧੂ ਸੁਧਾਰਾਂ ਅਤੇ ਪਹਿਲਕਦਮੀਆਂ ਲਈ ਅਤੇ ਫਾਰਮਾ ਪਾਰਕ ਬਣਾਉਣ ਲਈ ਉਸਾਰੂ ਰਵੱਈਆ ਤੇ ਨਵੀਨਤਮ ਪਹੁੰਚ ਅਪਣਾਉਣ ਲਈ ਭਾਈਵਾਲਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ।
ਇਸੇ ਦੌਰਾਨ, ਸੂਬੇ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਰਕਾਰ ਅਤੇ ਉਦਯੋਗਾਂ ਦੇ ਗੁੜੇ ਸਬੰਧਾਂ ‘ਤੇ ਚਾਨਣਾ ਪਾਇਆ ਜੋ ਸੂਬੇ ਅੰਦਰ ਸਹਿਯੋਗ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਦੇ ਹਨ। ਵਿੱਤ ਮੰਤਰੀ ਨੇ ਵਾਜਬ ਕੀਮਤਾਂ ‘ਤੇ ਬੁਨਿਆਦੀ ਢਾਂਚੇ ਅਤੇ ਉਦਯੋਗਾਂ ਲਈ ਪਛੜੇ ਤੇ ਅਗਾਂਹਵਧੂ ਏਕੀਕਰਨ ਨੂੰ ਮਜਬੂਤ ਕਰਨ ਹਿੱਤ ਭਾਈਵਾਲੀ ਸਹੂਲਤਾਂ ਦੀ ਪੇਸ਼ਕਸ਼ ਕਰਨ ਦਾ ਵਿਸ਼ਵਾਸ ਜਤਾਇਆ।  ਪੰਜਾਬ ਵਿਚ ਉੱਭਰ ਰਹੇ ਫਾਰਮਾ ਸੈਕਟਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਸੂਬਾ ਸਰਕਾਰ ਦੇ ਠੋਸ ਇਰਾਦਿਆਂ ਸਬੰਧੀ ਵੈਬਿਨਾਰ ਵਿਚ ਸ਼ਾਮਲ ਉਦਯੋਗਿਕ ਇਕਾਈਆਂ ਅਤੇ ਹੋਰ ਸੰਗਠਨਾਂ ਦੇ ਆਗੂਆਂ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ।
ਇਹ ਪੰਜਾਬ ਅਤੇ ਫਾਰਮਾ ਉਦਯੋਗ ਦੇ ਆਗੂਆਂ ਦਰਮਿਆਨ ਇੱਕ ਵਿਲੱਖਣ ਭਾਈਵਾਲੀ ਹੈ ਜੋ ਪੰਜਾਬ ਨੂੰ ਭਾਰਤ ਵਿਚ ਫਾਰਮਾ ਉਦਯੋਗ ਲਈ ਸਭ ਤੋਂ ਬਿਹਤਰ ਥਾਂ ਵਜੋਂ ਦਰਸਾਉਂਦਾ ਹੈ।    
———-
ਮੁੱਖ ਮੰਤਰੀ ਦਫਤਰ, ਪੰਜਾਬ
ਜਦੋਂ ਕਿਸਾਨਾਂ ਨੂੰ ਇਹ ਨਹੀਂ ਪਤਾ ਕਿ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ ਤਾਂ ਉਸ ਵੇਲੇ ਕੇਂਦਰ ਨੇ ਮਾਮੂਲੀ ਵਾਧੇ ਦਾ ਕੋਝਾ ਮਜ਼ਾਕ ਕੀਤਾਕੈਪਟਨ ਅਮਰਿੰਦਰ ਸਿੰਘ
ਚੰਡੀਗੜ, 21 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿੱਚ ਨਵੇਂ ਖੇਤੀ ਬਿੱਲਾਂ ਦੇ ਪਾਸ ਹੋਣ ਨਾਲ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋਣ ਬਾਰੇ ਕਿਸਾਨਾਂ ਵਿੱਚ ਵੱਧ ਰਹੇ ਖਦਸ਼ਿਆਂ ਦੇ ਦਰਮਿਆਨ ਕਣਕ ਅਤੇ ਹਾੜੀ ਦੀਆਂ ਹੋਰ ਪੰਜ ਫਸਲਾਂ ਦੇ ਭਾਅ ਵਿੱਚ ਕੀਤੇ ਨਿਗੂਣੇ ਵਾਧੇ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ,‘‘ਇਹ ਬੇਰਹਿਮ ਕਦਮ ਹੈ। ਕੇਂਦਰ ਨੇ ਖੇਤੀ ਬਿੱਲਾਂ ’ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨਾਂ ਦੀ ਖਿੱਲੀ ਉਡਾਈ ਹੈ। ਇਹ ਖੇਤੀ ਬਿੱਲ ਆਖ਼ਰ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦਾ ਅੰਤ ਕਰਨ ਅਤੇ ਭਾਰਤੀ ਖੁਰਾਕ ਨਿਗਮ ਦੇ ਖਾਤਮੇ ਲਈ ਰਾਹ ਸਾਫ਼ ਕਰ ਦੇਣਗੇ।’’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਇਹ ਸੋਚਦੀ ਹੈ ਕਿ ਉਹ ਇਸ ਤੁੱਛ ਵਾਧੇ ਨਾਲ ਸੜਕਾਂ ’ਤੇ ਉਤਰੇ ਕਿਸਾਨਾਂ ਨੂੰ ਸ਼ਾਂਤ ਕਰ ਲਵੇਗੀ ਤਾਂ ਉਹ ਜ਼ਮੀਨੀ ਹਕੀਕਤ ਤੋਂ ਪੂਰੀ ਤਰਾਂ ਅਣਜਾਣ ਹੈ। ਉਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ,‘‘ਤੁਸੀਂ ਅਜਿਹੇ ਵਿਅਕਤੀ ਨੂੰ ਖੁਸ਼ ਕਰਨ ਦੀਆਂ ਚਾਲਬਾਜ਼ੀਆਂ ਨਹੀਂ ਚੱਲ ਸਕਦੇ ਜੋ ਤੁਹਾਡੇ ਸ਼ਰਮਨਾਕ ਕਦਮਾਂ ਦੇ ਨਤੀਜੇ ਵਜੋਂ ਆਪਣੀ ਰੋਜ਼ੀ-ਰੋਟੀ ਗੁਆਚ ਜਾਣ ਦੀ ਕਗਾਰ ’ਤੇ ਹੈ।’’
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਤਾਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨਾਂ ਨੂੰ ਇਸ ਗੱਲ ਦੀ ਲਿਖਤੀ ਗਾਰੰਟੀ ਦਿੱਤੀ ਜਾਵੇ ਕਿ ਘੱਟੋ-ਘੱਟ ਸਮਰਥਨ ਭਾਅ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ ਪਰ ਬਾਵਜੂਦ ਇਸ ਦੇ ਕੇਂਦਰ ਸਰਕਾਰ ਉਨਾਂ ਲਈ ਅਜਿਹੀਆਂ ਨਿਕੰਮੀਆਂ ਪੇਸ਼ਕਸ਼ਾਂ ਲੈ ਕੇ ਆ ਰਹੀ ਹੈ। ਉਨਾਂ ਕਿਹਾ ਕਿ ਇਸ ਤੋਂ ਇਕ ਵਾਰ ਫਿਰ ਇਹ ਸਿੱਧ ਹੋ ਜਾਂਦਾ ਹੈ ਕਿ ਭਾਜਪਾ ਅਤੇ ਉਸ ਦੇ ਸ਼ੋਮਣੀ ਅਕਾਲੀ ਦਲ ਵਰਗੇ ਸਹਿਯੋਗੀ ਕਿਸਾਨਾਂ ਅਤੇ ਉਨਾਂ ਦੀਆਂ ਸਮੱਸਿਆਵਾਂ ਨੂੰ ਕਿੰਨੀ ਕੁ ਚੰਗੀ ਤਰਾਂ ਜਾਣਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਿਸਾਨ ਅਤੇ ਇੱਥੋਂ ਤੱਕ ਕਿ ਪੂਰੇ ਮੁਲਕ ਨੂੰ ਇਸ ਗੱਲ ਦਾ ਯਕੀਨ  ਨਹੀਂ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਕਾਇਮ ਰਹੇਗੀ ਅਤੇ ਕਿੰਨਾ ਸਮਾਂ ਰਹੇਗੀ ਤਾਂ ਉਸ ਮੌਕੇ ਕੇਂਦਰ ਵੱਲੋਂ ਕੁਝ ਫਸਲਾਂ ਦੇ ਭਾਅ ਵਿੱਚ ਮਾਮੂਲੀ ਜਿਹਾ ਵਾਧਾ ਕਰ ਕੇ ਉਨਾਂ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਲਿਖਤੀ ਵਾਅਦਿਆਂ ਅਤੇ ਵਚਨਬੱਧਤਾ ਨੂੰ ਲਾਗੂ ਕਰਨ ਵਿੱਚ ਨਾਕਾਮ ਰਹੀ ਹੋਵੇ, ਉਸ ਸਰਕਾਰ ਦੇ ਜ਼ੁਬਾਨੀ ਭਰੋਸੇ ਤੇ ਵਾਅਦੇ ਬੇਮਾਅਨਾ ਹਨ। ਉਨਾਂ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਅਜਿਹੀਆਂ ਨੌਟੰਕੀਆਂ ਕਰਨ ਦੀ ਬਜਾਏ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇ ਕੇ ਇਨਾਂ ਦਾ ਸਾਰਥਕ ਹੱਲ ਕੱਢਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਕਿਸਾਨ ਆਪਣੇ ਅਤੇ ਪਰਿਵਾਰਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਹੋਏ ਹਨ ਅਤੇ ਉਹ ਬਿਨਾਂ ਕਿਸੇ ਹੇਰ-ਫੇਰ ਦੇ ਸਪੱਸ਼ਟ ਰੂਪ ਵਿੱਚ ਇਹ ਚਾਹੁੰਦੇ ਹਨ ਕਿ ਘੱਟੋ-ਘੱਟ ਯਕੀਨਨ ਕੀਮਤ ’ਤੇ ਏ.ਪੀ.ਐਮ.ਸੀ. ਮੰਡੀਆਂ ਵਿੱਚ ਉਨਾਂ ਦੀ ਫਸਲ ਦੀ ਖਰੀਦ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਆਪਣੇ ਜੀਵਨ ਨਿਰਬਾਹ ਨੂੰ ਸੁਰੱਖਿਅਤ ਬਣਾਉਣਾ ਚਾਹੁੰਦੇ ਹਨ ਜੋ ਪਿਛਲੇ ਛੇ ਸਾਲਾਂ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਬੁਰੀ ਤਰਾਂ ਅਸਰਅੰਦਾਜ਼ ਹੋਇਆ ਹੈ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਾਸਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਐਲਾਨ ਕਰਨ ਵਿੱਚ ਇਕ ਵਾਰ ਫਿਰ ਨਾਕਾਮ ਰਹਿਣ ’ਤੇ ਅਫਸੋਸ ਜ਼ਾਹਰ ਕੀਤਾ।  

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com