17 January 2021 05:33 am
Kinno

ਸਿੱਖਿਆ ਵਿਭਾਗ ਵੱਲੋਂ ਤਿਆਰ ਪੰਜਾਬ ਐਜੂਕੇਅਰ ਐਪ – ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਰਦਾਨ

- Posted on 12 January 2021

ਐੱਸ.ਏ.ਐੱਸ. ਨਗਰ 12 ਜਨਵਰੀ :ਸਿੱਖਿਆ ਵਿਭਾਗ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ। ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਮਿਸ਼ਨ ਸ਼ਤ-ਪ੍ਰਤੀਸ਼ਤ ਮੁਹਿੰਮ ਤਹਿਤ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਦੀ ਲੜੀ ਵਿੱਚ ਇੱਕ ਵਿਸ਼ੇਸ਼ ਉਪਰਾਲਾ ਹੈ- ਪੰਜਾਬ ਐਜੂਕੇਅਰ ਐਪ ਦੀ ਸ਼ੁਰੂਆਤ।

     ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਐਪ ਵਰਦਾਨ ਸਾਬਿਤ ਹੋ ਰਹੀ ਹੈ। ਨਿਰਸੰਦੇਹ ਮਿਸ਼ਨ ਸ਼ਤ-ਪ੍ਰਤੀਸ਼ਤ-2021 ਦੀ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਸ ਐਪ ਦੀ ਭਰਪੂਰ ਵਰਤੋਂ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਹੋਰ ਵੀ ਸ਼ਾਨਦਾਰ ਬਣਾਏਗੀ।

    ਜਦ ਸਾਰੇ ਸੰਸਾਰ ਨੂੰ ਕੋਵਿਡ-19 ਮਹਾਂਮਾਰੀ ਨੇ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕੀਤਾ ਤਾਂ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ। ਇਹ ਸਮਾਂ ਸਕੂਲੀ ਸਿੱਖਿਆ ਲਈ ਕਾਫੀ ਚੁਣੌਤੀਆਂ ਭਰਿਆ ਰਿਹਾ।

    ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ  ਇਹ ਯਕੀਨੀ ਬਣਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਆਨਲਾਈਨ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਨੂੰ ਟੈਲੀਵਿਜ਼ਨ, ਰੇਡੀਓ, ਯੂ-ਟਿਊਬ, ਵਟਸਐਪ, ਜ਼ੂਮ ਐਪ ਅਤੇ ਹੋਰ ਕਈ ਤਰੀਕਿਆਂ ਨਾਲ ਸਿੱਖਿਆ ਪ੍ਰਦਾਨ ਕੀਤੀ ਗਈ। 

   ਇਸ ਸਮੇਂ ਸਿੱਖਿਆ ਵਿਭਾਗ ਦਾ ਵਿਸ਼ੇਸ਼ ਉੱਦਮ ਵਿਦਿਆਰਥੀਆਂ ਦਾ ਆਨ-ਲਾਈਨ ਬਸਤਾ ‘ਪੰਜਾਬ ਐਜੂਕੇਅਰ ਐਪ’ ਵਿਦਿਆਰਥੀਆਂ ਲਈ ਆਨ-ਲਾਈਨ ਸਿੱਖਿਆ ਗ੍ਰਹਿਣ ਕਰਨ ਲਈ ਵਰਦਾਨ ਸਿੱਧ ਹੋ ਰਿਹਾ ਹੈ। ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਲਈ ਵੀ ਇਹ ਐਪ ਬਹੁਤ ਲਾਹੇਵੰਦ ਹੈ। ਇਸ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਐਪ ਨੂੰ 12 ਲੱਖ 70 ਹਜ਼ਾਰ 181 ਲੋਕਾਂ ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹਨ, ਵੱਲੋਂ ਡਾਊਨਲੋਡ ਕਰਕੇ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ। ਇਸ ਐਪ ਦੇ ਪੇਜ਼ ਨੂੰ ਹੁਣ ਤੱਕ 16 ਕਰੋੜ 51 ਲੱਖ 40 ਹਜ਼ਾਰ 9 ਸੌ ਚਾਲੀ ਵਾਰ ਦੇਖ ਲਿਆ ਗਿਆ ਹੈ ਅਤੇ 6450 ਵਾਰ ਰਿਵਿਊ ਕੀਤਾ ਗਿਆ ਹੈ। ਇਸ ਐਪ ਅਤੇ ਵੈੱਬਸਾਈਟ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 21 ਲੱਖ 11 ਹਜ਼ਾਰ 39 ਤੱਕ ਹੋ ਗਈ ਹੈ। ਇਸ ਐਪ ਤੇ ਸੈਸ਼ਨਾਂ ਦੀ ਗਿਣਤੀ 1 ਕਰੋੜ 25 ਲੱਖ 8 ਹਜ਼ਾਰ 4 ਸੌ 38 ਤੱਕ ਪਹੁੰਚ ਗਈ ਹੈ। ਇਸ ਐਪ ਨੂੰ ਗੂਗਲ ਤੇ 5 ਵਿੱਚੋਂ 4.4 ਤੱਕ ਰੇਟਿੰਗ ਮਿਲੀ ਹੈ। 

      ਜੇਕਰ ਸਿੱਖਿਆ ਵਿਭਾਗ ਵੱਲੋਂ ਇਸ ਐਪ ਰਾਹੀਂ ਸੁਵਿਧਾਵਾਂ ਦੀ ਗੱਲ ਕਰੀਏ ਤਾਂ ਇਸ ਤੇ ਪ੍ਰੀ- ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ ਦਾ ਰਿਵਾਈਜ਼ਡ ਸਿਲੇਬਸ,  ਮਾਡਲ ਟੈਸਟ ਪੇਪਰ, ਰੋਜ਼ਾਨਾ ਸਲਾਈਡਾਂ, ਅੱਜ ਦਾ ਸ਼ਬਦ,

ਸਾਰੀਆਂ ਜਮਾਤਾਂ ਲਈ ਰੋਜ਼ਾਨਾ ਘਰ ਦਾ ਕੰਮ, ਉਡਾਣ ਅਤੇ ਉਡਾਣ ਕੰਪੀਟਿਟਵ  ਐਗਜਾਮ ਸੀਰੀਜ਼, ਨਕਸ਼ਿਆਂ ਬਾਰੇ ਜਾਣਕਾਰੀ, ਦਸੰਬਰ ਟੈਸਟਾਂ ਦਾ ਨਤੀਜਾ, ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਅੰਗਰੇਜ਼ੀ ਬੋਲਣਾ ਸਿੱਖਣ ਲਈ ਵੱਖ-ਵੱਖ ਗਤੀਵਿਧੀਆਂ ਅਤੇ ਐਨੀਮੇਟਡ ਵੀਡੀਓਜ਼, ਡਾਇਟ ਅਤੇ ਈ.ਟੀ.ਟੀ ਕਾਲਜਾਂ ਬਾਰੇ ਜਾਣਕਾਰੀ ਅਤੇ ਵਿਦਿਆਰਥੀਆਂ ਦੇ ਸਿੱਖਣ- ਪਰਿਣਾਮਾਂ ਬਾਰੇ ਉਪਯੋਗੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸੈਕਸ਼ਨ ਅਧੀਨ ਪ੍ਰਾਇਮਰੀ ਵਿੰਗ ਵਿੱਚ ਸਿੱਖਣ- ਸਿਖਾਉਣ ਸਮੱਗਰੀ, ਅੱਖਰਕਾਰੀ, ਪੰਜਾਬ ਪ੍ਰਾਪਤੀ ਸਰਵੇਖਣ, ਸਿੱਖਣ- ਪਰਿਣਾਮਾਂ ਅਧਾਰਿਤ ਮਟੀਰੀਅਲ, ਟੈਲੀਵਿਜ਼ਨ ਪ੍ਰੋਗਰਾਮਾਂ, ਮਿਸ਼ਨ ਸ਼ਤ-ਪ੍ਰਤੀਸ਼ਤ ਅਤੇ ਰੀਡਿੰਗ ਕਾਰਨਰ ਟਾਈਟਲਾਂ ਅਧੀਨ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਵਿੰਗ ਅਧੀਨ ਸਾਰੀਆਂ ਜਮਾਤਾਂ ਦਾ ਪਾਠਕ੍ਰਮ, ਪਾਠ ਪੁਸਤਕਾਂ, ਵੀਡੀਓਜ਼ ਅਤੇ ਵੱਖ-ਵੱਖ ਵਿਸ਼ਿਆਂ ਦੇ ਪਾਠਾਂ ਦੇ ਐਜੂਸੈੱਟ ਲੈਕਚਰ ਅਪਲੋਡ ਕੀਤੇ ਗਏ ਹਨ।

    ਇਹ ਇੱਕ ਬਹੁਤ ਦਿਲਚਸਪ ਤੱਥ ਹੈ ਕਿ ਇਸ ਐਪ ਨੂੰ ਅਧਿਆਪਕਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੀ ਇਸ ਟੀਮ ਵੱਲੋਂ ਸਮੇਂ-ਸਮੇਂ ਤੇ  ਹਰ ਜਾਣਕਾਰੀ ਨੂੰ ਇਸ ਐਪ ਤੇ ਅਪਡੇਟ ਕੀਤਾ ਜਾਂਦਾ ਹੈ। ਇਸ ਐਪ ਨੂੰ 11 ਜੁਲਾਈ 2020 ਨੂੰ ਸ਼ੁਰੂ ਕੀਤਾ ਗਿਆ। ਇਸ ਐਪ ਨੂੰ ਦੀਪਕ ਕੁਮਾਰ ਮੈਥ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ (ਜਲੰਧਰ) ਵੱਲੋਂ ਤਿਆਰ ਕੀਤਾ ਗਿਆ।  ਹਰਜੀਤ ਬਾਵਾ ਡੀ.ਐੱਮ. ਸਾਇੰਸ,  ਜਸਵਿੰਦਰ ਸਿੰਘ ਡੀ.ਐੱਮ. ਮੈਥ ਅਤੇ ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਵੱਲੋਂ ਇਸ ਐਪ ਨੂੰ ਤਿਆਰ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਗਈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com