Punjab Da Butcher Book released at Akal Takhat by Gaini Jagtar Singh head granthi of Darbar Sahib

ਅੰਮ੍ਰਿਤਸਰ- ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਦਰਬਾਰ ਸਾਹਿਬ ਦੇ ਹੈਡ ਗਰੰਥੀ ਗਿਆਨੀ ਜਗਤਾਰ ਸਿੰਘ ਨੇ ‘ਪੰਜਾਬ ਦਾ ਬੁੱਚੜ-ਕੇ.ਪੀ.ਐਸ ਗਿੱਲ” ਨਾਮੀ ਕਿਤਾਬ ਅਕਾਲ ਤਖਤ ਸਾਹਿਬ ਦੇ ਸਨਮੁਖ ਜਾਰੀ ਕਰਦਿਆਂ ਇਸਦੀਆਂ ਪਹਿਲੀਆਂ ਕਾਪੀਆਂ ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਉਭਾਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਤੇ ਜੂਨ ੧੯੮੪ ਦੇ ਘੱਲੂਘਾਰੇ ਮੌਕੇ ਮੋਹਰੀ ਰਹੇ ਜਨਰਲ ਸੁਬੇਗ ਸਿੰਘ ਦੇ ਭਰਾਤਾ

ਸ.ਬੇਅੰਤ ਸਿੰਘ ਨੂੰ ਸੌਂਪੀਆ।ਦਲ ਖਾਲਸਾ ਆਗੂ ਸ.ਸਰਬਜੀਤ ਸਿੰਘ ਘੁਮਾਣ ਵੱਲੋਂ ਲਿਖੀ ਕਿਤਾਬ, ‘ਪੰਜਾਬ ਦਾ ਬੁੱਚੜ-ਕੇ.ਪੀ.ਐਸ ਗਿੱਲ’ ਨੂੰ ਜਾਰੀ ਕਰਨ ਮੌਕੇ ਸਾਦੇ ਅਤੇ ਗੰਭੀਰ ਸਮਾਗਮ ਮੌਕੇ ਸਿਖ ਜਥੇਬੰਦੀਆਂ ਦੇ ਆਗੂ ਅਤੇ ਸਿੱਖ ਸੰਘਰਸ਼ ਦੇ ਪੀੜਿਤ ਪਰਿਵਾਰ ਹਾਜਿਰ ਸਨ।

‘ਖਾਲਸਾ ਫਤਿਹਨਾਮਾ ਪ੍ਰਕਾਸ਼ਨ’ ਵਲੋਂ  ਛਾਪੀ ਗਈ ੩੫੨ ਸਫਿਆਂ ਦੀ ‘ਪੰਜਾਬ ਦਾ ਬੁੱਚੜ-ਕੇ.ਪੀ.ਐਸ ਗਿੱਲ’ ਨਾਮੀ ਕਿਤਾਬ ਦੀ ਕੀਮਤ ੩੨੦ ਰੁਪਏ ਹੈ ਜਿਸ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ ਲਈ ਦਾਗੀ ਪੁਲੀਸ ਅਧਿਕਾਰੀਆ ਦੀ ਸੂਚੀ ਦੇ ਨਾਲ ਉਨਾਂ ਪੁਲੀਸ ਕਰਮਚਾਰੀਆ ਦੀ ਵੀ ਜਾਣਕਾਰੀ ਦਿਤੀ ਗਈ ਹੈ ਜਿੰਨਾਂ ਨੂੰ ਉਨਾਂ ਦੇ ਅਹੁਦਿਆਂ ਤੋਂ ‘ਰਿਵਰਟ’ਕੀਤਾ ਗਿਆ ਸੀ।ਇਸਤੋਂ ਪਹਿਲਾਂ ਕੇ.ਪੀ.ਐਸ ਗਿੱਲ ਦੀ ਵਡਿਆਈ ਕਰਦੀਆਂ ਕਈ ਕਿਤਾਬਾਂ ਆ ਚੁੱਕੀਆ ਹਨ ਪਰ ਉਸਦੇ ਨਾਕਾਰਤਮਕ ਪੱਖਾਂ ਬਾਰੇ ਇਹ ਪਹਿਲੀ ਕਿਤਾਬ ਮੰਨੀ ਜਾ ਰਹੀ ਹੈ ਜਿਹੜੀ ਜਾਰੀ ਹੋਣ ਤੋਂ ਪਹਿਲਾਂ ਹੀ ਚਰਚਾ ਵਿਚ ਹੋਣ ਕਰਕੇ ੮੦ % ਪਹਿਲਾਂ ਹੀ ਵਿਕ ਗਈ ਹੈ।ਕਿਤਾਬ ਬਾਰੇ ਪੁਲੀਸ ਅਧਿਕਾਰੀਆਂ ਵਿਚ ਬਹੁਤ ਉਤਸੁਕਤਾ ਵੇਖੀ ਜਾ ਰਹੀ ਹੈ ਕਿ ਸੁਪਰਕੌਪ ਵਜੋਂ ਚਰਚਿਤ ਰਹੇ ਉੱਚ ਅਧਿਕਾਰੀ ਬਾਰੇ ਕੀ ਲਿਖਿਆ ਗਿਆ ਹੈ।ਕਿਤਾਬ ਵਿਚ ਗਿੱਲ ਵਲੋਂ ਪੁਲੀਸ ਨੂੰ ਕਾਤਲ-ਮਸ਼ੀਨ ਵਿਚ ਬਦਲ ਦੇਣ ਅਤੇ ਪੁਲੀਸ ਨੂੰ ਜਾਲਿਮ-ਅਕਸ ਦੇਣ ਦੇ ਵੇਰਵਿਆਂ ਤੋਂ ਇਲਾਵਾ ਸੱਭਿਆਚਾਰ-ਵਿਰੋਧੀ ਏਜੰਡੇ,ਲਾਵਾਰਿਸ ਲਾਸ਼ਾਂ ਸਮੇਤ ਉਨਾਂ ਪੁਲੀਸ ਵਾਲਿਆਂ ਦੇ ਕਤਲਾਂ ਦਾ ਵੀ ਜਿਕਰ ਹੈ ਜਿੰਨਾਂ ਦੀ ਜਿੰਮੇਵਾਰੀ ਕੇ.ਪੀ.ਐਸ ਗਿੱਲ ਸਿਰ ਪਾਈ ਗਈ ਹੈ।ਕਿਤਾਬ ਵਿਚ ਖਾੜਕੂਵਾਦ ਦੌਰਾਨ ਪੁਲੀਸ ਦੇ ਜੁਲਮਾਂ ਦਾ ਸ਼ਿਕਾਰ ਬਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕਾਂਉਂਕੇ ਅਤੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਤਫਸੀਲ ਭਰਪੂਰ ਵੇਰਵਿਆਂ ਸਮੇਤ ਹੋਰ ਬਹੁਤ ਸਾਰੇ ਅਹਿਮ ਘਟਨਾਵਾਂ ਦਰਜ਼ ਹਨ।

ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਗਿੱਲ ਸਰਕਾਰੀ ਅਤਵਾਦ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਸਟੇਟ ਦੀ ਨੀਤੀ ਤਹਿਤ ਪੰਜਾਬ ਦੇ ਲੋਕਾਂ ਉਤੇ ਕਹਿਰ ਵਰ੍ਹਾਇਆ। ਉਹਨਾਂ ਗੰਭੀਰ ਵਿਅੰਗ ਕਸਦਿਆ ਕਿਹਾ ਕਿ ਗਿੱਲ ਹਮੇਸ਼ਾਂ ਹੀ ਭਾਰਤੀ ਸਟੇਟ ਦਾ ਚਹੇਤਾ ਰਿਹਾ ਹੈ ਅਤੇ ਮੌਜੂਦਾ ਮੁੱਖ ਮੰਤਰੀ ਦਾ ਉਸ ਪ੍ਰਤੀ ਪਿਆਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਕਿਤਾਬ ਵਿੱਚ ਗਿੱਲ ਅਤੇ ਉਸ ਦੀ ਟੀਮ ਦੇ ਗੈਰ-ਕਾਨੂੰਨੀ ਤੌਰ ਤਰੀਕਿਆਂ ਅਤੇ ਮਾਰੂ ਸੋਚ ਨੂੰ ਸਾਦੇ ਪਰ ਤਿੱਖੇ ਲਫਜਾਂ ਵਿੱਚ ਵਿਸਤਾਰ ਨਾਲ ਬਿਆਨ ਕੀਤਾ ਗਿਆ ਹੈ।

ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਹਰ ਪੁਲਿਸ ਅਧਿਕਾਰੀ ਲਈ ਜਰੂਰੀ ਹੈ ਕਿ ਉਹ ਡਿਊਟੀ ਕਰਨ ਸਮੇ ਇੱਹ ਗੱਲ ਚੇਤੇ ਰੱਖੇ ਕਿ ਉਹ ਆਪਣੇ ਬਾਅਦ ਕਿਹੋ ਜਿਹੀ ਵਿਰਾਸਤ ਛੱਡ ਕਰ ਜਾ ਰਿਹਾ ਹੈ ।

ਦਲ ਖਾਲਸਾ ਆਗੂ ਭਾਈ ਸਤਿਨਾਮ ਸਿੰਘ ਪਾਂਉਂਟਾ ਸਾਹਿਬ ਨੇ ਆਖਿਆ ਕਿ  ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕਾਉਂਕੇ ਤੋਂ ਲੈਕੇ ਮਨੁਖੀ ਹੱਕਾਂ ਦੇ ਝੰਡਾਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜਾਰਾਂ ਲੋਕਾਂ ਦੇ ਘਾਣ ਲਈ  ਕੇ.ਪੀ.ਐਸ.ਗਿੱਲ ਜਿੰਮੇਵਾਰ ਹੈ ਜਿਸ ਕਾਰਨ ਉਸਨੂੰ ਪੰਥ ਵਿਚੋਂ ਛੇਕਿਆ ਗਿਆ ਤੇ ਸਿੱਖ ਜਗਤ ਨੇ ਉਸਦੀਆਂ ਅੰਤਮ ਰਸਮਾਂ ਦਾ ਬਾਈਕਾਟ ਕੀਤਾ।

ਕਿਤਾਬ ਦੇ ਲੇਖਕ ਨੇ ਬਾਦ ਵਿਚ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ੧੯੯੫ ਤੋਂ ਬਾਦ ਆਈ.ਪੀ.ਐਸ ਅਧਿਕਾਰੀ ਬਨਣ ਵਾਲੇ ਸਾਰੇ ਅਫਸਰ ਤੇ ਹੋਰ ਪੁਲੀਸ ਕਰਮਚਾਰੀ ਲਈ ਇਹ ਕਿਤਾਬ ਮਹਤਵਪੂਰਨ ਰਹੇਗੀ ਤਾਂ ਜੋ ਉਹ ਜਾਣ ਸਕਣ ਕਿ ਉਹਨਾਂ ਤੋਂ ਪਹਿਲਾਂ ਜਿਨਾਂ ਪੁਲਿਸ ਅਫਸਰਾਂ ਨੇ ਡਿਊਟੀ ਦੇ ਨਾਂ ਹੇਠ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਢੰਗ, ਨੀਤੀਆਂ, ਪੈਂਤੜਿਆਂ ਨਾਲ ਆਪਣੇ ਸਮਾਜ ਦੇ ਨੌਜਵਾਨ ਬੱਚਿਆਂ ਦਾ ਸਰੀਰਕ ਘਾਣ ਕੀਤਾ ਉਹ ਸਮਾਜ ਵਿੱਚ ਨਫਰਤ ਦੇ ਪਾਤਰ ਬਣ ਕੇ ਰਹਿ ਗਏ ਹਨ। ਉਨਾਂ ਕਿਹਾ ਕਿ ਮੌਜੂਦਾ ਪੁਲੀਸ ਅਧਿਕਾਰੀਆਂ ਨੂੰ ਉਨਾਂ ਘਟਨਾਵਾਂ, ਤੱਥਾਂ, ਵਰਤਾਰਿਆਂ ਦੇ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਹਰ ਗੱਲ ਦਾ ਦੂਜਾ ਪੱਖ ਵੀ ਸਮਝਣਾ ਚਾਹੀਦਾ ਹੈ ਤਾਂਕਿ ਉਹ ਸਮਝ ਸਕਣ ਕਿ ਆਖਿਰ ਸਿਖ ਜਗਤ ਨੇ ਕੇ.ਪੀ.ਐਸ ਗਿੱਲ , ਸਵਰਨ ਸਿੰਘ ਘੋਟਣੇ ਵਰਗੇ ਪੁਲੀਸ ਅਧਿਕਾਰੀਆਂ ਦੀਆਂ ਅੰਤਮ ਰਸਮਾਂ ਦਾ ਬਾਈਕਾਟ ਕਿਉਂ ਕੀਤਾ।ਉਨਾਂ ਕਿਹਾ ਕਿ ਦੁੱਖ ਤਾਂ ਉਨਾਂ ਦਾ ਵੀ ਹੈ ਜਿਹੜੇ ਹਥਿਆਰ ਚੁੱਕਕੇ ਲੜਦੇ ਹੋਏ ਮਾਰੇ ਗਏ ਪਰ ਉਨਾਂ ਸਿਖਾਂ ਦਾ ਦੁੱਖ ਅਸਹਿ ਹੈ ਜਿਹੜੇ ਸਿਰਫ ਸਿੱਖ ਹੋਣ ਕਰਕੇ ਗਿੱਲ ਦੀ ਦਰਿੰਦਗੀ ਦਾ ਸ਼ਿਕਾਰ ਹੋਏੇ।

ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਂਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ , ਖਾਲਸਾ ਫਤਿਹਨਾਮਾ ਦੇ ਸੰਪਾਦਕ ਸ.ਰਣਜੀਤ ਸਿੰਘ,ਸ਼ਹੀਦ ਭਾਈ ਧਰਮ ਸਿੰਘ ਖਾਲਸਾ ਟਰੱਸਟ ਤੋਂ ਬੀਬੀਆ ਸਮੇਤ ਵੱਡੀ ਗਿਣਤੀ ਵਿਚ ਪੰਥਕ-ਕਾਰਕੁੰਨ ਹਾਜਿਰ ਸਨ।

Read more