21 Apr 2021

ਇਲੈਕਸ਼ਨ ਡਿਊਟੀ ਤੇ ਰਵਾਨਗੀ ਤੋਂ ਪਹਿਲਾਂ ਪੰਜਾਬ ਕੇਡਰ ਦੇ ਆਬਜ਼ਰਵਰਾਂ ਦਾ ਕੋਵਿਡ ਟੀਕਾਕਰਨ ਕਰਵਾਇਆ:ਸੀ.ਈ.ਉ. ਡਾ ਰਾਜੂ

ਗੁਰਵਿੰਦਰ ਸਿੰਘ ਸਿੱਧੂ,ਚੰਡੀਗੜ੍ਹ

ਦੇਸ਼ ਦੇ ਪੰਜ ਰਾਜਾਂ ਵਿਚ ਹੋ ਰਹੇ ਵਿਧਾਨ ਸਭਾ ਚੋਣਾਂ ਲਈ ਭਾਰਤ ਚੋਣ ਕਮਿਸ਼ਨ  ਵਲੋਂ ਪੰਜਾਬ ਰਾਜ ਤੋਂ  ਅਬਜਰਵਰ ਨਿਯੁਕਤ ਕੀਤੇ 38 ਆਈ.ਏ.ਐਸ ਅਤੇ 12 ਆਈ.ਪੀ.ਐਸ. ਅਧਿਕਾਰੀਆਂ ਵਿਚੋਂ ਅੱਜ 9 ਅਧਿਕਾਰੀਆਂ ਨੇ ਕੋਵਿ਼ਡ ਸਬੰਧੀ ਟੀਕਾਕਰਨ ਕਰਵਾ ਲਿਆ ਹੈ।

ਇਹ ਜਾਣਕਾਰੀ ਅੱਜ ਇਥੇ ਪੰਜਾਬ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ।

ਡਾ. ਰਾਜੂ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਇਕ ਪੱਤਰ ਜਾਰੀ ਕਰਕੇ ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ,ਪੁਡੂਚੇਰੀ ਅਤੇ ਕੇਰਲ ਵਿਚ ਹੋ ਰਹੀਆਂ ਚੋਣਾਂ ਵਿੱਚ ਲਗਾਏ ਗਏ ਸਾਰੇ ਅਮਲੇ ਨੂੰ ਫਰੰਟ ਲਾਈਨ ਵਰਕਰ ਐਲਾਨਿਆ ਹੈ ਅਤੇ ਇਨ੍ਹਾਂ ਦੇ ਡਿਊਟੀ ਤੇ ਰਿਪੋਰਟ ਕਰਨ ਤੋਂ ਪਹਿਲਾਂ ਕੋਵਿਡ ਵੈਕਸੀਨੇਸਨ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ ਸੀ ਜਿਸ ਤਹਿਤ ਅੱਜ ਸਰਕਾਰੀ ਜ਼ਿਲ੍ਹਾ ਹਸਪਤਾਲ ਫੇਜ਼ 6 ਮੁਹਾਲੀ ਵਿਖੇ ਇਨ੍ਹਾਂ ਅਬਜਰਵਰਾਂ ਦਾ ਟੀਕਾਕਰਨ ਦਾ ਕਾਰਜ ਅਰੰਭ ਕੀਤਾ ਗਿਆ ਅਤੇ ਅਗਲੇ ਕੁਝ ਦਿਨਾਂ ਵਿਚ ਇਹ ਕਾਰਜ  ਕਰ ਲਿਆ ਜਾਵੇਗਾ।

ਡਾ. ਰਾਜੂ ਨੇ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਵਲੋਂ ਅੱਜ ਟੀਕਾਕਰਨ ਕਰਵਾਇਆ ਗਿਆ ਹੈ ਉਨ੍ਹਾਂ ਵਿਚੋਂ ਇਕ ਅਧਿਕਾਰੀ ਨੇ 8 ਮਾਰਚ 2021 ਨੂੰ ਅਬਜਰਵਰ ਵਜੋਂ ਡਿਊਟੀ ਸੰਭਾਲਣੀ ਹੈ ਜਦਕਿ ਕੁਝ ਨੇ 9 ਮਾਰਚ 2021 ਤੋਂ ਡਿਊਟੀ ਸੰਭਾਲਣੀ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਦੋਰਾਨ ਅਬਜਰਵਰ ਵਜੋਂ ਡਿਊਟੀ ਤੇ ਜਾ ਰਹੇ ਅਧਿਕਾਰੀਆਂ ਦੇ ਕੋਵਿਡ ਟੀਕਾਕਰਨ ਬਾਰੇ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 6 ਮਾਰਚ 2021 ਨੂੰ  ਪ੍ਰਾਪਤ ਹਦਾਇਤਾਂ ਦੀ ਪਾਲਣਾ ਲਈ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿੰਨੀ ਮਹਾਜਨ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਇਸ ਸਬੰਧੀ ਤੁਰੰਤ ਪ੍ਰਬੰਧ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਜਿਸ ‘ਤੇ ਸਿਹਤ ਵਿਭਾਗ ਵੱਲੋਂ ਟੀਕਾਕਰਨ ਸਬੰਧੀ ਪ੍ਰਬੰਧ ਕੀਤੇ ਗਏ।

Read more