ਪ੍ਰੋ. ਗੁਰਿੰਦਰ ਪਾਲ ਸਿੰਘ ਬਰਾੜ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਨਵੇਂ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ
ਬਠਿੰਡਾ, 9 ਦਸੰਬਰ: ਪ੍ਰੋ. ਗੁਰਿੰਦਰ ਪਾਲ ਸਿੰਘ ਬਰਾੜ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਨਵੇਂ ਰਜਿਸਟਰਾਰ ਵਜੋਂ ਅੱਜ ਇਥੇ ਅਹੁਦਾ ਸੰਭਾਲ ਲਿਆ ।
ਐਮ.ਆਰ.ਐਸ.ਪੀ.ਟੀ.ਯੂ., ਉਪ ਕੁਲਪਤੀ ਪ੍ਰੋਫੈਸਰ ਬੂਟਾ ਸਿੰਘ ਸਿੱਧੂ, ਡੀਨਜ਼ / ਡਾਇਰੈਕਟਰਜ਼ ਅਤੇ ਯੂਨੀਵਰਸਿਟੀ ਦੇ ਸੀਨੀਅਰ ਫੈਕਲਟੀ ਨੇ ਪ੍ਰੋ. ਬਰਾੜ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪ੍ਰੋ. ਬਰਾੜ ਨੇ ਦੋ ਦਹਾਕਿਆਂ ਤੋਂ ਵੱਧ ਲੰਬੇ ਕੈਰੀਅਰ ਦੋਰਾਨ ਬਹੁਤ ਸਾਰੇ ਜ਼ਿੰਮੇਵਾਰ ਅਹੁਦਿਆਂ ‘ਤੇ ਕੰਮ ਕੀਤਾ ਹੈ, ਜਿਨ੍ਹਾਂ ਵਿਚ ਪ੍ਰਿੰਸੀਪਲ ਸਰਕਾਰੀ ਪੌਲੀਟੈਕਨਿਕ ਕਾਲਜ, ਫਤੂਹੀ ਖੇੜਾ (ਮਲੋਟ), ਰਜਿਸਟਰਾਰ, ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਬਠਿੰਡਾ ਅਤੇ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ (ਐਮ.ਆਈ.ਐਮ.ਆਈ.ਟੀ.) ਦੇ ਈ.ਸੀ.ਈ. ਵਿਭਾਗ ਦੇ ਬਾਨੀ ਫੈਕਲਟੀ ਇੰਚਾਰਜ ਦਾ ਤਜ਼ਰਬਾ ਸ਼ਾਮਿਲ ਹੈ। ਉਹ ਸਿੱਖਿਆ ਅਤੇ ਪ੍ਰਬੰਧਕੀ ਖੇਤਰ ਵਿਚ ਕੁਸ਼ਲਤਾ ਲਈ ਜਾਣੇ ਜਾਂਦੇ ਹਨ। ਰਜਿਸਟਰਾਰ ਦੀ ਪੋਸਟਿੰਗ ਤੋਂ ਪਹਿਲਾਂ ਉਹ ਬਠਿੰਡਾ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਪ੍ਰੋ. ਬਰਾੜ ਨੇ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਲੌਂਗੋਵਾਲ ਤੋਂ “ਸੌਲਰ ਬਾਇਓ-ਗੈਸ ਮਾੱਡਲ ਫਾਰ ਊਰਜਾ ਜਨਰੇਸ਼ਨ” ਵਿਸ਼ੇ ਤੇ ਆਪਣੀ ਪੀ.ਐਚ.ਡੀ. ਕੀਤੀ ਹੋਈ ਹੈ। ਉਹ ਐਮ.ਟੈਕ (ਇਲੈਕਟ੍ਰੀਕਲ ਇੰਜੀਨੀਅਰਿੰਗ) ਤੋਂ ਇਲਾਵਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਲਾਅ ਗ੍ਰੈਜੂਏਟ ਵੀ ਹਨ। ਉਹ ਮੁਕਤਸਰ ਜ਼ਿਲ੍ਹੇ ਦੇ ਪਿੰਡ ਭੀਟੀਵਾਲਾ ਨਾਲ ਸਬੰਧਤ ਹਨ।