ਪੰਜਾਬ ਦੀਆਂ ਜੇਲ੍ਹਾਂ ਵਿਚੋਂ 4 ਤੋਂ 6 ਹਫ਼ਤਿਆਂ ਦੀ ਪੈਰੋਲ ਉਤੇ ਰਿਹਾਅ ਹੋ ਸਕਦੇ ਹਨ ਕੈਦੀ- ਉਚ ਪੱਧਰੀ ਕਮੇਟੀ ਬਣਾਈ

-ਕੈਪਟਨ ਸਰਕਾਰ ਕਲ੍ਹ ਜਾਰੀ ਕਰ ਸਕਦੀ ਹੈ ਨੋਟੀਫਿਕੇਸ਼ਨ, ਉਚ ਪੱਧਰੀ ਕਮੇਟੀ ਬਣਾਈ

ਚੰਡੀਗੜ੍ਹ, 24 ਮਾਰਚ (ਨਿਰਮਲ ਸਿੰਘ ਮਾਨਸ਼ਾਹੀਆ)-ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ 4 ਤੋਂ 6 ਹਫ਼ਤਿਆਂ ਦੀ ਪੈਰੋਲ ਦੇਣ ਉਤੇ ਵਿਚਾਰ ਕਰ ਰਹੀ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਨ੍ਹਾਂ ਨਾਲ ਮੀਟਿੰਗ ਹੋਈ ਹੈ। ਕਿਹੜੇ-ਕਿਹੜੇ ਕੈਦੀਆਂ ਨੂੰ ਪੈਰੋਲ ਦੇਣੀ ਹੈ ਉਤੇ ਫੈਸਲਾ ਲੈਣ ਲਈ ਇੱਕ ਉਚ ਪੱਧਰੀ ਕਮੇਟੀ ਕਾਇਮ ਕਰ ਦਿੱਤੀ ਗਈ ਹੈ ਜਿਹੜੀ ਕਿ ਕਲ੍ਹ ਫੈਸਲਾ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਕੈਦੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਰੋਨਾ ਵਾਇਰਸ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇਲ੍ਹ ਮੰਤਰੀ ਦਾ ਕਹਿਣਾ ਹੈ ਕਿ ਕੈਦੀਆਂ ਨੂੰ ਪੈਰੋਲ ਦੇਣ ਤੋਂ ਪਹਿਲਾਂ ਉਨ੍ਹਾਂ ਦਾ ਰਿਕਾਰਡ ਵੇਖਿਆ ਜਾਵੇਗਾ ਅਤੇ ਉਨ੍ਹਾਂ ਦੇ ਪੁਰਾਣੇ ਰਿਕਾਰਡ ਦੇ ਮੱਦੇਨਜ਼ਰ ਹੀ ਪੈਰੋਲ ਦੇਣ ਦੀ ਮਨਜ਼ੂਰੀ ਦਿੱਤੀ ਜਾਵੇਗੀ।

Read more