ਕਿਸਾਨਾ ਹੱਕ ਵਿਚ ਦੇਸ ਵਿਆਪੀ ਲਹਿਰ ਬਣਾਉਣ ਲਈ ਚੰਦੂਮਾਜਰਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਕੀਤੀ ਮੀਟਿੰਗ
–ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸ਼ਨੀਵਾਰ ਨੂੰ ਅਕਾਲੀ ਦਲ ਨਾਲ ਚੱਲਣ ਦੀ
ਦੇ ਚੁੱਕੇ ਹਨ ਸਹਿਮਤੀ
ਦਿੱਲੀ, 6 ਦਸੰਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾ ਦੇ ਹੱਕ ਵਿਚ ਦੇਸ ਵਿਆਪੀ ਲਹਿਰ ਬਣਾਉਣ ਲਈ
ਰਾਸ਼ਟਰੀ ਪੱਧਰ ‘ਤੇ ਕੋਸ਼ਿਸ਼ ਸ਼ੁਰੂ ਹੋ ਚੁੱਕੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ
ਨੇ ਇਸ ਦੀ ਕਮਾਨ ਪਾਰਟੀ ਦੇ ਕੱਦਾਵਾਰ ਆਗੂ ਅਤੇ ਸੰਸਦ ਵਿਚ ਕਿਸਾਨਾ ਅਤੇ ਪੰਜਾਬ ਦੀ
ਅਵਾਜ਼ ਬਣ ਕੇ ਗੁੰਜਣ ਵਾਲੇ ਆਗੂ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਨੂੰ ਸੌਂਪੀ ਹੈ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਇਸ ਮਾਮਲੇ ਵਿਚ ਨੂੰ ਲੈ ਕੇ ਅੱਜ
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਉਧਵ ਠਾਕਰੇ ਨਾਲ ਮਿਲੇ ਅਤੇ ਇਸ ਗੰਭੀਰ ਮੁੱਦੇ ‘ਤੇ
ਇੱਕ ਘੰਟਾ ਤੱਕ ਚਰਚਾ ਕੀਤੀ। ਉਹਨਾਂ ਦੇ ਨਾਲ ਭੁਪਿੰਦਰ ਸਿੰਘ ਮਿਨਹਾਸ ਪ੍ਰਧਾਨ ਸੱਚਖੰਡ
ਬੋਰਡ ਸ੍ਰੀ ਹਜ਼ੂਰ ਸਾਹਿਬ ਨੰਦੇੜ, ਗੁਰਿੰਦਰ ਸਿੰਘ ਬਾਵਾ ਮੈਂਬਰ ਸੱਚਖੰਡ ਬੋਰਡ ਸ੍ਰੀ
ਹਜ਼ੂਰ ਸਾਹਿਬ, ਹਰਪ੍ਰੀਤ ਸਿੰਘ ਮੈਂਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਰਿਟਾਇਰਡ ਜੱਜ
ਚਾਹਿਲ ਸਾਹਿਬ ਵੀ ਸਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ.
ਪ੍ਰੇਮ ਸਿੰਘ ਚੰਦਮਾਜਰਾ ਨੇ ਦੱਸਿਆ ਕਿਹਾ ਕਿ ਦੇਸ ਦਾ ਕਿਸਾਨ ਅੱਜ ਸੜ੍ਹਕਾਂ ‘ਤੇ ਹੈ
ਅਤੇ ਉਹਨਾ ਦਾ ਸਮਰਥਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਅਕਾਲੀ ਦਲ ਕਿਸਾਨਾਂ ਦੀ
ਪਾਰਟੀ ਹੈ, ਇਸ ਫਰਜ਼ ਨੂੰ ਸਮਝਦੇ ਹੋਏ ਅਕਾਲੀ ਦਲ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ
ਹੈ ਕਿ ਕਿਸਾਨ ਅੰਦੋਲਨ ਨੂੰ ਦੇਸ ਦੀਆਂ ਸਮੁੱਚੀਆ ਖੇਤਰੀ ਪਾਰਟੀਆਂ ਦਾ ਸਮਰਥਨ ਮਿਲੇ।
ਇਸ ਦੇ ਲਈ ਪਹਿਲਾਂ ਉਹ ਸ਼ਨੀਵਾਰ ਨੂੰ ਟੀਐਮਸੀ ਭਵਨ, ਕੋਲਕਾਤਾ ਵਿਖੇ ਸੁਦੀਪ
ਬੰਦੋਪਾਧਿਆਏ, ਡੇਰਿਕ ਓ ਬ੍ਰਾਇਨ ਅਤੇ ਮਲਿਕ ਘਟਕ ਨਾਲ ਮੀਟਿੰਗ ਕਰ ਚੁੱਕੇ ਹਨ। ਉਹਨਾਂ
ਦੱਸਿਆ ਜਲਦ ਹੀ ਉਹ ਟੀ.ਆਰ.ਐਸ., ਸ੍ਰੀ ਸ਼ਰਦ ਪਵਾਰ, ਬੀਜੂ ਜਨਤਾ ਦਲ, ਸ੍ਰੀ ਅਖਿਲੇਸ਼
ਯਾਦਵ, ਹਰਿਆਣਾ ਵਿਚ ਇਨੈਲੋ ਦੇ ਆਗੂਆਂ ਨਾਲ ਮੀਟਿੰਗ ਕਰਨਗੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਸਮੁੱਚੀਆਂ ਪਾਰਟੀਆਂ ਕੇਂਦਰ
ਸਰਕਾਰ ‘ਤੇ ਖੇਤੀ ਸੁਧਾਰ ਬਿਲਾਂ ਨੂੰ ਰੱਦ ਕਰਨ ਲਈ ਦਬਾਅ ਬਣਾਉਣ। ਉਹਨਾਂ ਕਿਹਾ ਕਿ
ਅੱਜ ਦੇਸ ਵਿਚ ਸੰਘੀ ਢਾਂਚੇ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਰਾਜਾਂ ਦੀਆਂ ਸ਼ਕਤੀਆਂ
ਨੂੰ ਕਮਜ਼ੋਰ ਕਰਕੇ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ, ਜੋ ਕਿ ਸੰਵਿਧਾਨ ਦੇ
ਉਲਟ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਅੰਦੋਲਨ ਇੱਕ ਅਜਿਹੇ ਦੌਰ ਵਿਚ
ਪਹੁੰਚ ਗਿਆ ਹੈ, ਜਿਥੇ ਹੁਣ ਇਹ ਸਿਆਸਤ ਦਾ ਮੁੱਦਾ ਨਹੀਂ ਰਿਹਾ ਸਗੋਂ ਖੇਤੀ ਪ੍ਰਧਾਨ
ਸੂਬਿਆਂ ਦੇ ਭਵਿੱਖ ਦਾ ਸਵਾਲ ਬਣ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਹ ਯਤਨ
ਕੀਤਾ ਜਾ ਰਿਹਾ ਹੈ ਕਿਸਾਨ ਮੋਰਚਿਆਂ ‘ਤੇ ਲੜ ਰਹੇ ਹਨ ਅਤੇ ਸਿਆਸੀ ਪਾਰਟੀਆਂ ਉਹਨਾਂ ਦੇ
ਲਈ ਆਪਣੇ ਪੱਧਰ ‘ਤੇ ਦਬਾਅ ਬਣਾਉਣ।
ਫੋਟੋ ਨਕੈਪਸ਼ਨ:ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਨੂੰ ਫੁੱਲਾਂ ਦਾ ਬੁੱਕਾ ਦੇ ਕੇ ਸਨਮਾਨਤ ਕਰਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ
ਠਾਕਰੇ। ਨਾਲ ਹਨ ਹੋਰ ਆਗੂ।