ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ/ਹਦਾਇਤਾਂ ਦੀ ਪਾਲਣਾ ਜ਼ਰੂਰੀ: ਕੁਸ਼ਲਦੀਪ ਢਿੱਲੋਂ
ਫਰੀਦਕੋਟ 16 ਜੂਨ,2020 : ਕਰੋਨਾ ਮਹਾਂਮਾਰੀ ਦੀ ਰੋਕਥਾਮ ਅਤੇ ਇਸ ਤੋਂ ਬਚਾਅ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਾਵਧਾਨੀਆਂ ਦੀ ਪਾਲਣਾ ਕਰਨਾ ਜ਼ਰੂਰੀ ਹੈ।ਇਸ ਤਰ੍ਹਾਂ ਕਰਕੇ ਹੀ ਅਸੀਂ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਕੇ ਮਿਸ਼ਨ ਫਤਿਹ ਨੂੰ ਕਾਮਯਾਬ ਕਰ ਸਕਦੇ ਹਾਂ। ਇਹ ਵਿਚਾਰ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਸ ਕੁਸ਼ਲਦੀਪ ਸਿੰਘ ਢਿੱਲੋਂ ਨੇ ਸਿਵਲ ਹਸਪਾਤਲ ਫਰੀਦਕੋਟ ਵਿਖੇ ਕਰੋਨਾ ਯੋਧਿਆਂ ਦਾ ਸਨਮਾਨ ਕਰਨ ਮੌਕੇ ਪ੍ਰਗਟ ਕੀਤੇ।ਇਸ ਮੌਕੇ ਸਿਵਲ ਸਰਜਨ ਡਾ ਰਜਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਉਨ੍ਹਾਂ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਮਹਾਮਾਰੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵਿਚਾਰ ਚਰਚਾ ਕੀਤੀ।ਉਨਾਂ ਸਿਹਤ ਵਿਭਾਗ ਦੇ ਕੋਵਿਡ-19 ਤਹਿਤ ਸੇਵਾਵਾਂ ਨਿਭਾ ਰਹੇ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੂੰ ਇਸੇ ਤਰਾਂ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਜਾਰੀ ਅਡਵਾਇਜ਼ਰੀਆਂ ਅਤੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤੇ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਕੋਰੋਨਾ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾ ਸਕੇ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ.ਸੰਜੀਵ ਸੇਠੀ,ਸੀਨੀਅਰ ਮੈਡੀਕਲ ਅਫਸਰ ਡਾ.ਚੰਦਰ ਸ਼ੇਖਰ ਕੱਕੜ, ਫਾਰਮੇਸੀ ਅਫਸਰ ਨਰੇਸ਼ ਸ਼ਰਮਾ,ਨੈਸ਼ਨਲ ਯੂਥ ਕਲੱਬ (ਰਜਿ:) ਫਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ,ਸਕੱਤਰ ਤਰੁਣ ਅਰੋੜਾ,ਕੈਸ਼ੀਅਰ ਅਜੈ ਜੈਨ,ਪ੍ਰੋਜੈਕਟ ਚੇਅਰਮੈਨ ਡਾ.ਬਲਜੀਤ ਸ਼ਰਮਾ,ਪ੍ਰਿੰਸੀਪਲ ਸੁਰੇਸ਼ ਅਰੋੜਾ,ਅਜੇਪਾਲ ਸ਼ਰਮਾ ਅਤੇ ਵਿਕਾਸ ਮਿੱਤਲ ਹਾਜਰ ਸਨ।