ਫੂਲਕਾ ਨੇ ਸਿੱਧੂ, ਸਿੱਕੀ ਅਤੇ ਗਿੱਲ ਨੂੰ ਦਿੱਤੀ ਚੁਣੌਤੀ

 ਕਿਹਾ ; ਬੇਅਦਬੀਆਂ ਦੇ ਮੁੱਦੇ ‘ਤੇ ਵਿਧਾਇਕੀ ਤੋਂ ਦੇਵੋ ਅਸਤੀਫੇ

ਚੰਡੀਗੜ੍ਹ, 10 ਅਗਸਤ

ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਅਤੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਉਘੇ ਵਕੀਲ ਐਚਐਸ ਫੂਲਕਾ ਨੇ ਕਿਹਾ ਹੈ ਕਿ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਨਾ ਹੋਣ ਕਾਰਨ ਉਨ੍ਹਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ । ਹੁਣ ਵੀ ਬੇਅਦਬੀ ਮਾਮਲਿਆਂ ਬਾਰੇ ਇਨਸਾਫ਼ ਵਿੱਚ ਦੇਰੀ ਹੋ ਰਹੀ ਹੈ ਜਿਸ ਕਾਰਨ ਕਾਂਗਰਸੀ ਵਿਧਾਇਕਾਂ ਨਵਜੋਤ ਸਿੰਘ ਸਿੱਧੂ, ਰਮਨਜੀਤ ਸਿੰਘ ਸਿੱਕੀ ਅਤੇ ਹਰਮਿੰਦਰ ਸਿੰਘ ਗਿੱਲ ਨੂੰ ਵੀ ਵਿਧਾਇਕ ਦੇ ਅਹੁਦੇ ਤੋਂ ਅਸਤੀਫੇ ਦੇ ਕੇ ਸਰਕਾਰ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਫੂਲਕਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਝੋਲੀ ਅੱਡ ਕੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਸੀ । ਪਰ ਅਜੇ ਵੀ ਸਰਕਾਰ ਇਸ ਮਾਮਲੇ ਪ੍ਰਤੀ ਢਿੱਲ ਵਰਤ ਰਹੀ ਹੈ ਅਤੇ ਬੇਅਦਬੀਆਂ ਦੇ ਦੋਸ਼ੀ ਨਹੀਂ ਫੜ੍ਹੇ ਗਏ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਚ ਐੱਸ ਫੂਲਕਾ ਨੇ ਕਿਹਾ ਕਿ ਉਹ ਜਜ਼ਬਾਤੀ ਵਿਅਕਤੀ ਹੈ। ਜਿਸ ਕਾਰਨ ਹਮੇਸ਼ਾ ਹੀ ਇਨਕਲਾਬੀ ਕਦਮ ਉਹ ਉਠਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਹੀ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਅਸਤੀਫਾ ਦੇ ਦਿੰਦੇ ਤਾਂ ਹੁਣ ਤੱਕ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੁੰਦਾ।

ਉਨ੍ਹਾਂ ਕਿਹਾ ਕਿ ਸੀਬੀਆਈ ਨੇ ਬੇਅਦਬੀ ਮਾਮਲਿਆਂ ਦੀ ਕਲੋਜ਼ਰ ਰਿਪੋਰਟ ਵੀ ਇਸ ਕਾਰਨ ਅਦਾਲਤ ਵਿੱਚ ਪੇਸ਼ ਕੀਤੀ ਹੈ ਤਾਂ ਕਿ ਮਾਮਲੇ ਤੋਂ ਧਿਆਨ ਲਾਂਭੇ ਕੀਤਾ ਜਾ ਸਕੇ। ਬੇਅਦਬੀ ਮਾਮਲਿਆਂ ਬਾਰੇ ਅਕਾਲੀ ਦਲ ਬਾਦਲ ਵੀ ਦੁਹਰੀ ਸਿਆਸਤ ਕਰ ਰਿਹਾ ਹੈ ਜਿਸ ਕਾਰਨ ਅਕਾਲੀ ਦਲ ਦਾ ਆਧਾਰ ਹੋਰ ਵੀ ਖੁੱਸ ਜਾਵੇਗਾ।

ਉਨ੍ਹਾਂ ਕਿਹਾ ਕਿ ਵਿਧਾਇਕ ਹੁੰਦੇ ਹੋਏ ਜੋ ਉਨ੍ਹਾਂ ਤਨਖ਼ਾਹ ਅਤੇ ਭੱਤੇ ਹਾਸਲ ਕੀਤੇ ਹਨ , ਉਹ ਆਪਣੇ ਇਲਾਕੇ ਦੇ ਵਿਕਾਸ ਅਤੇ ਸਿੱਖਿਆ ਦੇ ਪੱਧਰ ਪੱਧਰ ਨੂੰ ਉੱਚਾ ਚੁੱਕਣ ‘ਤੇ ਲਗਾਵੇਗਾ ਅਤੇ ਪੈਨਸ਼ਨ ਵੀ ਇਸੇ ਕੰਮ ‘ਤੇ ਲਗਾਈ ਜਾਵੇਗੀ।

ਫੂਲਕਾ ਨੇ ਸਪੱਸ਼ਟ ਕੀਤਾ ਕਿ ਉਹ ਸਿਆਸਤ ਨਹੀਂ ਛੱਡਣਗੇ ਪਰ ਕਿਸੇ ਤਰ੍ਹਾਂ ਦੀ ਚੋਣ ਵੀ ਨਹੀਂ ਲੜਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਦਿੱਲੀ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਅੰਦਰ ਕਰਾਉਣ ਲਈ ਉਹ ਜੀਅ ਜਾਨ ਨਾਲ ਲੜਦੇ ਰਹਿਣਗੇ।

ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਸਿੱਧੂ ਵਲੋਂ ਵਿਧਾਨ ਸਭਾ ਵਿਚ ਅੱਡੀ ਗਈ ਝੋਲੀ ਅਜੇ ਤੱਕ ਵੀ ਖਾਲੀ ਪਈ ਹੈ, ਜਦਕਿ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਆਪਣਾ ਮਹਿਕਮਾ ਬਦਲਣ ਕਰਕੇ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੀ ਵਿਧਾਨ ਸਭਾ ਵਿਚ ਸੀਟ ਵੀ ਬਦਲ ਗਈ ਹੈ। ਇਸ ਲਈ ਹੁਣ ਸਿੱਧੂ ਨੂੰ ਚਾਹੀਦਾ ਹੈ ਕਿ ਵੁਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਉਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਵਿਧਾਨ ਸਭਾ ਵਿਚੋਂ ਵੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿਚ ਆਉਣ। ਜੇਕਰ ਤੁਸੀਂ ਸਦਨ ਵਿਚ ਬੈਠ ਕੇ ਵੀ ਕੁੱਝ ਨਹੀਂ ਕਰ ਸਖ਼ਦੇ ਤਾਂ ਤੁਹਾਡੇ ਵਿਧਾਨ ਸਭਾ ਵਿਚ ਬੈਠਣ ਦਾ ਕੋਈ ਫਾਇਦਾ ਨਹੀਂ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਸਿੱਧੂ ਦੇ ਇਲਾਵਾ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਰਮਨਜੀਤ ਸਿੰਘ ਸਿੱਕੀ ਨੂੰ ਵੀ ਵੰਗਾਰਿਆ। ਉਨ੍ਹਾਂ ਸਿੱਕੀ ਬਾਰੇ ਕਿਹਾ ਕਿ ਜਿਸ ਸਮੇਂ ਤੁਸੀਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਸੀ ਉਸ ਸਮੇਂ ਤੁਹਾਨੂੰ ਕੌਮ ਨੇ ਹੱਥਾਂ ‘ਤੇ ਚੁੱਕ ਲਿਆ ਸੀ। ਹੁਣ ਸੱਤਾ ਵਿਚ ਤੁਹਾਡੀ ਹੀ ਸਰਕਾਰ ਹੈ ਫਿਰ ਵੀ ਤੁਸੀਂ ਕੁੱਝ ਨਹੀਂ ਕਰ ਰਹੇ, ਲਿਹਾਜ਼ਾ ਤੁਹਾਡਾ ਸਦਨ ਵਿਚ ਬੈਠਣ ਦਾ ਕੋਈ ਫਾਇਦਾ ਨਹੀਂ ਹੈ। ਫੂਲਕਾ ਨੇ ਕਿਹਾ ਕਿ ਜਿਹੜਾ ਵੀ ਲੀਡਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦਾ ਹੈ, ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਰਕਾਰ ‘ਤੇ ਦਬਾਅ ਪਾਉਣਾ ਚਾਹੀਦਾ ਹੈ। ਫੂਲਕਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਤੇ ਰੱਖੇ ਗਏ ਵਿਸ਼ੇਸ਼ ਸੈਸ਼ਨ ਦੌਰਾਨ ਲੰਬਾ ਚੌੜਾ ਭਾਸ਼ਣ ਵਿਧਾਨ ਸਭਾ ਵਿਚ ਦਿੱਤਾ ਸੀ ਪ੍ਰੰਤੂ ਹੁਣ ਉਹ ਵੀ ਚੁੱਪ ਹੋ ਕੇ ਕਿਉਂ ਬੈਠੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ‘ਤੇ ਦਬਾਅ ਪਾਉਣ ਲਈ ਬੈਂਸ ਭਰਾਵਾਂ ਅਤੇ ਸੁਖਪਾਲ ਖਹਿਰਾ ਨੂੰ ਵੀ ਅਸਤੀਫਾ ਦੇਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸਤੀਫਿਆਂ ਦੀ ਲੜੀ ਲੱਗ ਗਈ ਫਿਰ ਆਪਣੇ ਆਪ ਹੀ ਸਰਕਾਰ ਗੁਰੂ ਦੇ ਦੋਖੀਆਂ ‘ਤੇ ਕਾਰਵਾਈ ਕਰਨ ਲਈ ਮਜ਼ਬੂਰ ਹੋ ਜਾਵੇਗੀ।

ਫੂਲਕਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬਰਗਾੜੀ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉਤੇ ਹੀ ਗੋਲੀ ਚਲਾਈ ਗਈ ਸੀ ਪਰ ਬਾਵਜੂਦ ਇਸ ਦੇ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਿਨ੍ਹਾਂ ਸੰਗਤਾਂ ਉਤੇ ਗੋਲੀ ਚਲਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਫੂਲਕਾ ਨੇ ਸਾਫ ਕੀਤਾ ਕਿ ਉਹ ਭਵਿੱਖ ਵਿਚ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਹੀਂ ਬਣਨਗੇ।

Read more