ਬੈਰੀਕੈਡ ਤੋੜ ਕੇ ਲਾਲ ਕਿਲ੍ਹੇ ‘ਤੇ ਪਹੁੰਚੇ ਕੁਝ ਲੋਕ, ਕੇਸਰੀ ਤੇ ਕਿਸਾਨੀ ਝੰਡੇ ਚੜ੍ਹਾਏ- ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਕਾਰ ਝੜਪਾਂ, ਆਈਟੀਓ ਵਿੱਚ ਕਿਸਾਨ ਦੀ ਮੌਤ, ਹਾਲਾਤ ਤਣਾਅਪੂਰਨ
-ਸਮਾਜ ਵਿਰੋਧੀ ਅਨਸਰਾਂ ਨੇ ਸ਼ਾਂਤਮਈ ਲਹਿਰ ਵਿਚ ਘੁਸਪੈਠ ਕੀਤੀ : ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਆਨ
ਨਵੀਂ ਦਿੱਲੀ, 26 ਜਨਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕ ਪੁਲਿਸ ਦੇ ਬੈਰੀਕੈਡ ਤੋੜ ਕੇ ਅੱਜ ਲਾਲ ਕਿਲ੍ਹੇ ਵਿੱਚ ਦਾਖਿਲ ਹੋ ਗਏ ਅਤੇ ਵੱਖ-ਵੱਖ ਥਾਵਾਂ ‘ਤੇ ਕੇਸਰੀ ਝੰਡੇ ਲਹਿਰਾ ਦਿੱਤੇ।ਇਸ ਦੌਰਾਨ ਲੋਕਾਂ ਅਤੇ ਦਿੱਲੀ ਪੁਲਿਸ ਵਿਚਕਾਰ ਝੜਪਾਂ ਹੋਈਆਂ।ਦਿੱਲੀ ਪੁਲਿਸ ਲੋਕਾਂ ਨੂੰ ਰੋਕਣ ਲਈ ਜਿੱਥੇ ਪਾਣੀ ਦੀਆਂ ਬੁਛਾੜਾਂ ਕੀਤੀ, ੳੁੱਥੇ ਹੀ ਅੱਥਰੂ ਗੈਸ ਦੇ ਗੋਲੇ ਵੀ ਛੱਡੇ।ਪਰ ਲੋਕਾਂ ਨੇ ਦਿੱਲੀ ਕਿਲ੍ਹੇ ਵਿੱਚ ਪਹੁੰਚ ਕੇ ਵੱਖ-ਵੱਖ ਥਾਵਾਂ ‘ਤੇ ਕੇਸਰੀ ਝੰਡੇ ਲਹਿਰਾ ਦਿੱਤੇ।
ਪਹਿਲਾਂ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਆਈਟੀਓ ਵਿੱਚ ਪੁਲੀਸ ਨਾਲ ਝੜਪ ਹੋਈ। ਆਈਟੀਓ ਵਿੱਚ ਕਿਸਾਨ ਦੀ ਮੌਤ ਹੋ ਗਈ। ਉਹ ਉੱਤਰਾਖੰਡ ਦੇ ਬਾਜਪੁਰ ਦਾ ਵਾਸੀ ਸੀ।
ਇਸ ਤੋਂ ਪਹਿਲਾਂ ਮਕਰਬਾ ਚੌਕ ਤੱਕ ਪੁੱਜੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਬਰਸਾਏ। ਇਸ ਕਾਰਨ ਉਥੇ ਹਾਲਾਤ ਤਣਾਅਪੂਰਨ ਹੋ ਗਏ ਹਨ। ਪ੍ਰਾਪਤ ਸੂਚਨਾ ਮੁਤਾਬਕ ਇਸ ਹਿੰਸਾ ਵਿੱਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ ਤੇ ਪੁਲੀਸ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਦੌਰਾਨ ਬੱਸਾਂ ਤੇ ਕਾਰਾਂ ਦੀ ਭੰਨ ਤੋੜ ਕੀਤੀ ਗਈ। ਕਿਸਾਨ ਪੁਲੀਸ ਰੋਕਾਂ ਤੋੜ ਕੇ ਪੈਦਲ ਹੀ ਅੱਗੇ ਵਧ ਗਏ।ਇਸ ਦੌਰਾਨ ਗਾਜ਼ੀਪੁਰ ਬਾਰਡਰ ਦੀ ਪਰੇਡ ਅਕਸ਼ਰਧਾਮ ਪੁੱਜੀ ਤੇ ਪੁਲੀਸ ਨੇ ਉਸ ’ਤੇ ਅੱਥਰੂ ਗੈਸ ਦੇ ਗੋਲੇ ਬਰਸਾਏ। ਉਧਰ ਟਿਕਰੀ ਬਾਰਡਰ ਤੋਂ ਸ਼ੁਰੂ ਹੋਈ ਪਰੇਡ ਨੂੰ ਨਾਂਗਲੋਈ ਵਿੱਚ ਰੋਕ ਲਿਆ।
ਸਮਾਜ ਵਿਰੋਧੀ ਅਨਸਰਾਂ ਨੇ ਸ਼ਾਂਤਮਈ ਲਹਿਰ ਵਿਚ ਘੁਸਪੈਠ ਕੀਤੀ : ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਆਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਮੋਰਚੇ ਵੱਲੋਂ ਬਿਆਨ ਦਿੱਤਾ ਗਿਆ, ‘ਅਸੀਂ ਅੱਜ ਦੇ ਕਿਸਾਨ ਗਣਤੰਤਰ ਦਿਵਸ ਪਰੇਡ ਵਿੱਚ ਬੇਮਿਸਾਲ ਸ਼ਮੂਲੀਅਤ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ ਅੱਜ ਦੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ। ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਤੋਂ ਆਪਣੇ ਆਪ ਨੂੰ ਵੱਖ ਕਰਦੇ ਹਾਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਸੰਗਠਨਾਂ ਅਤੇ ਵਿਅਕਤੀਆਂ ਨੇ ਤੈਅ ਰਸਤਿਆਂ ਨੂੰ ਛੱਡਿਆ। ਇਹ ਬਿਲਕੁਲ ਨਿੰਦਣਯੋਗ ਤੇ ਨਾਬਰਦਾਸ਼ਤਯੋਗ ਹੈ। ਸਮਾਜ ਵਿਰੋਧੀ ਅਨਸਰਾਂ ਨੇ ਸ਼ਾਂਤਮਈ ਲਹਿਰ ਵਿਚ ਘੁਸਪੈਠ ਕੀਤੀ ਤੇ ਅਸੀਂ ਹਮੇਸ਼ਾਂ ਇਸ ਗੱਲ ਦੇ ਹੱਕ ਰਹੇ ਹਾਂ ਕਿ ਸ਼ਾਂਤੀ ਹੀ ਇਸ ਸੰਘਰਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਮੋਰਚੇ ਨੇ ਕਿਹਾ, ‘ਅਸੀਂ ਆਪਣੇ ਆਪ ਨੂੰ ਅਜਿਹੇ ਸਾਰੇ ਤੱਤਾਂ ਤੋਂ ਵੱਖ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ। ਅਸੀਂ ਸਾਰਿਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਪਰੇਡ ਦੇ ਰਸਤੇ ਅਤੇ ਨਿਯਮਾਂ ‘ਤੇ ਚੱਲਣ ਤੇ ਕਿਸੇ ਹਿੰਸਕ ਕਾਰਵਾਈ ਜਾਂ ਕਿਸੇ ਵੀ ਅਜਿਹੀ ਚੀਜ਼ ਵਿਚ ਸ਼ਾਮਲ ਨਾ ਹੋਣ ਜਿਸ ਨਾਲ ਰਾਸ਼ਟਰੀ ਪ੍ਰਤੀਕਾਂ ਅਤੇ ਮਾਣ ਨੂੰ ਸੱਟ ਵਜੇ।’ ਸਾਰੀ ਸਥਿਤੀ ਦੀ ਸਮੀਖਿਆ ਕਰਨ ਬਾਅਦ ਮੋਰਚਾ ਛੇਤੀ ਹੀ ਵਿਸਥਾਰ ਵਿੱਚ ਬਿਆਨ ਜਾਰੀ ਕਰੇਗਾ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨ ਪਹਿਲਾਂ ਤੋਂ ਨਿਰਧਾਰਤ ਰਸਤੇ ’ਤੇ ਚੱਲ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਵਿਚੋਂ ਕੋਈ ਵੀ ਬਾਹਰੀ ਰਿੰਗ ਰੋਡ ‘ਤੇ ਨਹੀਂ ਗਿਆ। ਸ੍ਰੀ ਰਾਜੇਵਾਲ ਨੇ ਕਿਹਾ, “ਅਸੀਂ ਕਿਸਾਨਾਂ ਖ਼ਿਲਾਫ਼ ਹਿੰਸਾ ਦੀ ਨਿੰਦਾ ਕਰਦੇ ਹਾਂ, ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।”
ਕਿਸਾਨ ਆਗੂ ਯੋਗਿੰਦਰ ਯਾਦਵ ਨੇ ਵੀ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਹੋ-ਹੱਲਾ ਸ਼ਰਮਿੰਦਗੀ ਦਾ ਵਿਸ਼ਾ ਹੈ।ਉਨ੍ਹਾਂ ਕਿਹਾ, “ਮੈਂ ਸਭ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤ ਰਹਿਣ। ਲਾਲ ਕਿਲੇ ਜਾ ਕੇ ਝੰਡਾ ਲਹਿਰਰਾਉਣਾ ਬਿਲਕੁਲ ਗ਼ਲਤ ਹੈ। ਇਸ ਦੀ ਮੈਂ ਨਿੰਦਾ ਕਰਦਾ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ।” ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹੁਣ ਤੱਕ ਸ਼ਾਂਤੀ ਬਣਾ ਕੇ ਰੱਖੀ ਹੈ। ਕੁਝ ਲੋਕਾਂ ਦੀ ਵਜ੍ਹਾ ਨਾਲ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸ ਦਾ ਵਿਸ਼ਲੇਸ਼ਣ ਬਾਅਦ ਵਿਚ ਕਰਾਂਗੇ।
ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਕਿਸਾਨਾਂ ਦੀ ਟਰੈਕਟਰ ਪਰੇਡ ਸ਼ਾਂਤਮਈ ਤਰੀਕੇ ਨਾਲ ਚੱਲ ਰਹੀ ਹੈ। ਦੋ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਪੂਰਤੀ ਹੋਈ ਹੈ।”“ਕਿਸਾਨਾਂ ਦੀਆਂ ਭਾਵਨਾਵਾਂ ਨਾਲ ਜੋ ਰੂਟ ਬਣੇਗਾ ਉਸੇ ਰੂਟ ‘ਤੇ ਚੱਲਾਂਗੇ। ਪੁਲਿਸ ਨੇ ਵੀ ਆਪਣਾ ਵਾਅਦਾ ਨਹੀਂ ਨਿਭਾਇਆ। ਉਨ੍ਹਾਂ ਨੇ ਕਿਹਾ ਸੀ ਕਿ 26 ਜਨਵਰੀ ਤੋਂ ਪਹਿਲਾਂ ਬੈਰੀਕੇਡਿੰਗ ਤੋੜ ਦਿੱਤੀ ਜਾਵੇਗੀ ਪਰ ਅਜਿਹਾਂ ਨਹੀਂ ਹੋਇਆ।”ਕਿਸਾਨ ਆਗੂ ਨੇ ਰਾਕੇਸ਼ ਟਿਕੈਤ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਦਿੱਕਤਾਂ ਖੜ੍ਹੀਆਂ ਕਰਨ ਵਾਲੇ ਲੋਕ ਕੌਣ ਹਨ, ਅਸੀਂ ਉਨ੍ਹਾਂ ਨੂੰ ਪਛਾਣਦੇ ਹਾਂ। ਉਹ ਸਿਆਸੀ ਦਲਾਂ ਦੇ ਲੋਕ ਹਨ, ਜੋ ਅੰਦੋਲਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।”
ਸੰਯੁਕਤ ਮੋਰਚੇ ਦੇ ਆਗੂ ਹਨਨ ਮੌਲਾ ਨੇ ਲਾਲ ਕਿਲੇ ਉੱਤੇ ਵਾਪਰੀ ਘਟਨਾ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, ”ਅਸੀਂ ਨਾਅਰਾ ਦਿੱਤਾ ਸੀ ਕਿ ਜੇ ਅਸੀਂ ਹਿੰਸਕ ਹੋਵਾਂਗੇ ਤਾਂ ਸਰਕਾਰ ਜਿੱਤੇਗੀ, ਜੇ ਸਾਂਤਮਈ ਰਹਾਂਗੇ ਤਾਂ ਹੀ ਜਿੱਤਾਂਗੇ। ਹਨਨ ਮੌਲਾ ਨੇ ਕਿਹਾ, ”ਪੁਲਿਸ ਹਾਜ਼ਰੀ ਵਿਚ ਲੋਕ ਲਾਲ ਕਿਲੇ ਉੱਤੇ ਕਿਵੇਂ ਚੜ੍ਹੇ। ਇਹ ਸਵਾਲ ਪੁੱਛਣਾ ਬਣਦਾ ਹੈ । ਇਹ ਲੋਕ ਅਪਰਾਧੀ ਸਨ, ਇਹ ਕਿਸਾਨ ਨਹੀਂ ਕਿਸਾਨਾਂ ਦੇ ਦੁਸ਼ਮਣ ਹਨ। ਇਹ ਲੋਕ ਸਾਜਿਸ਼ ਦਾ ਹਿੱਸਾ ਹੈ।” ਇਹ ਅੰਦੋਲਨ ਸਾਂਤਮਈ ਸੀ ਅਤੇ ਰਹੇਗਾ, ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਇਹ ਅੰਦੋਲਨ ਚੱਲਦਾ ਰਹੇਗਾ।
———————————————————————————————————————-
ਇਸ ਤੋਂ ਪਹਿਲਾਂ 26 ਜਨਵਰੀ ਦੀ ਸਵੇਰੇ ਸਿੰਘੂ ਬਾਰਡਰ, ਟੀਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੋਂ ਵੱਡੀ ਗਿਣਤੀ ֹ’ਚ ਕਿਸਾਨ ਬੈਰੀਕੇਡ ਤੋੜ ਕੇ ਦਿੱਲੀ ਪਹੁੰਚੇ। ਕਿਸਾਨਾਂ ਤੇ ਪੁਲਿਸ ਵਿਚਾਲੇ ਕਈ ਥਾਵਾਂ ‘ਤੇ ਝੜਪਾਂ ਹੋਈਆਂ, ਪੁਲਿਸ ਨੇ ਲਾਠੀਚਾਰਜ ਕੀਤਾ ਤੇ ਹੰਝੂ ਗੈਸ ਦੇ ਗੋਲੇ ਚਲਾਏ। ਦਿੱਲੀ ਦੇ ਟ੍ਰਾਂਸਪੋਰਟ ਨਗਰ, ਨਾਂਗਲੋਈ, ਪ੍ਰਗਤੀ ਮੈਦਾਨ ਅਤੇ ਅਕਸ਼ਰਧਾਮ ‘ਤੇ ਜ਼ਬਰਦਸਤ ਹੰਗਾਮਾ ਹੋਇਆ। ਦਿੱਲੀ ਦੇ ਕਈ ਅਹਿਮ ਰੋਡ ਤੇ ਮੈਟਰੋ ਸਟੇਸ਼ਨ ਬੰਦ ਕੀਤੇ ਗਏ। ਕਿਸਾਨ ਅਤੇ ਪੁਲਿਸ ਵਿਚਾਲੇ ਝੜਪਾਂ ਦੌਰਾਨ ਪੁਲਿਸਕਰਮੀ ਤੇ ਕਿਸਾਨ ਜ਼ਖ਼ਮੀ ਹੋਏ। ਆਈਟੀਓ ਤੋਂ ਹਿੰਸਕ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਕਿਸਾਨਾਂ ਵਲੋਂ ਪੁਲਿਸ ‘ਤੇ ਹਮਲਾ ਕੀਤਾ ਗਿਆ। ਆਈਟੀਓ ਵਿਚ ਹਿੰਸਕ ਝੜਪਾਂ ਤੋਂ ਬਾਅਦ ਕਿਸਾਨ ਲਾਲ ਕਿਲੇ ਅੱਗੇ ਪਹੁੰਚ ਗਏ ਹਨ। ਲਾਲ ਕਿਲੇ ਦੀ ਪ੍ਰਾਚੀਰ ਉੱਤੇ ਚੜ੍ਹ ਕੇ ਲੋਕਾਂ ਨੇ ਕੇਸਰੀ ਝੰਡੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ।
ਦਿੱਲੀ ਵਿੱਚ ਪ੍ਰਸ਼ਾਸਨ ਨੇ ਪ੍ਰਦਰਸ਼ਨ ਨੂੰ ਦੇਖ ਕੇ ਇੰਟਰਨੈੱਟ ਸਰਵਿਸ ਤੋਂ ਇਲਾਵਾ ਮੈਟਰੋ ਸਰਵਿਸ ਦਾ ਇੱਕ ਹਿੱਸਾ ਵੀ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਨੇ ਪਬਲਿਕ ਸੇਫ਼ਟੀ ਨਿਯਮਾਂ ਤਹਿਤ ਦਿੱਲੀ ਪੁਲਿਸ ਨੂੰ ਇਹ ਕਦਮ ਚੁੱਕਣ ਲਈ ਆਦੇਸ਼ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਸੇਵਾ ਮੰਗਲਵਾਰ ਦੁਪਹਿਰ ਤੋਂ ਅਗਲੇ 12 ਘੰਟਿਆਂ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਅਤੇ ਸ਼ਾਂਤੀ ਬਣਾਈ ਰੱਖਣ ਕਿਉਂਕਿ ਦੇਸ਼ ਦੀ ਰਾਜਧਾਨੀ ਵਿੱਚ ਕਈ ਥਾਵਾਂ ’ਤੇ ਫੋਰਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿੱਚ ਝੜਪਾਂ ਹੋਈਆਂ। ਪੁਲੀਸ ਨੇ ਕਿਸਾਨਾਂ ਨੂੰ ਟਰੈਕਟਰ ਰੈਲੀ ਪਰੇਡ ਲਈ ਆਪਣੇ ਪਹਿਲਾਂ ਤੋਂ ਨਿਰਧਾਰਤ ਰਸਤੇ ਵਾਪਸ ਜਾਣ ਲਈ ਕਿਹਾ। ਵਧੀਕ ਪੀਆਰਓ ਅਨਿਲ ਮਿੱਤਲ ਨੇ ਕਿਹਾ, “ਅਸੀਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ ਅਤੇ ਸ਼ਾਂਤੀ ਬਣਾਈ ਰੱਖਣ।
—————————————————————————————————————————
ਦਿੱਲੀ ਪੁਲਿਸ ਦੇ ਸੀਪੀ ਅਲੋਕ ਕੁਮਾਰ ਜਾਇੰਟ ਨੇ ਕਿਹਾ ਕਿ ਪੁਲਿਸ ਵਲੋਂ ਪ੍ਰਬੰਧ ਕੀਤੇ ਹੋਏ ਸਨ, ਦੋ ਘੰਟੇ ਕਿਸਾਨਾਂ ਨੂੰ ਤੈਅ ਰੂਟ ਤੋਂ ਉਲਟ ਨਾ ਜਾਣ ਲਈ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਕਿਸਾਨ ਹਮਲਾਵਰ ਹੋ ਗਏ। ਉਨ੍ਹਾਂ ਟਰੈਕਟਰ ਪੁਲਿਸ ਮੁਲਾਜ਼ਮਾਂ ਉੱਤੇ ਚੜ੍ਹਾ ਦਿੱਤੇ। ਇਸ ਕਾਰਵਾਈ ਦੌਰਾਨ ਮਨਜੀਤ ਸਿੰਘ ਐਡੀਸ਼ਨਲ ਡੀਸੀਪੀ ਅਤੇ ਇੱਕ ਏਸੀਪੀ ਸਣੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਇਹ ਬਹੁਤ ਹਿੰਸਕ ਅੰਦੋਲਨ ਸੀ, ਇਸ ਦੌਰਾਨ ਭੰਨਤੋੜ ਕੀਤੀ ਗਈ ਅਤੇ ਪੁਲਿਸ ਦੀਆਂ ਗੱਡੀਆਂ ਤੱਕ ਭੰਨੀਆਂ। ਇਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਅਜੇ ਵੀ ਦਿੱਲੀ ਦੇ ਕਈ ਇਲਾਕਿਆ ਵਿਚ ਅਜੇ ਵੀ ਮੁਜਾਹਰਾਕਾਰੀ ਮੌਜੂਦ ਹਨ, ਗਾਜੀਪੁਰ ਵਾਲੇ ਵਾਪਸ ਮੁੜ ਗਏ ਹਨ ਅਤੇ ਬਾਕੀਆਂ ਨੂੰ ਸਮਝਾ ਬੁਝਾ ਕੇ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।
———————————————————————————————————————————————–
ਕਾਂਗਰਸੀ ਆਗੂ ਰਾਹੁਲ ਨੇ ਲਿਖਿਆ,” ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਸੱਟ ਕਿਸੇ ਨੂੰ ਵੀ ਲੱਗੇ, ਨੁਕਸਾਨ ਦੇਸ਼ ਦਾ ਹੀ ਹੈ। ਦੇਸ਼ਹਿੱਤ ਲਈ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈ ਲਓ।
———————————————————————————————————————————————–
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟ ਹੈਂਡਲ ਤੋਂ ਟਵੀਟ ਕਰਦਿਆਂ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਲਿਖਿਆ, “ਕੁਝ ਤੱਤਾਂ ਵੱਲੋਂ ਕੀਤੀ ਗਈ ਇਹ ਹਿੰਸਾ ਅਸਵੀਕਾਰਨਯੋਗ ਹੈ। ਇਹ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਦਭਾਵਨਾ ਨੂੰ ਨਕਾਰ ਦੇਵੇਗਾ।” “ਕਿਸਾਨ ਨੇਤਾਵਾਂ ਨੇ ਇਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਟਰੈਕਟਰ ਪਰੇਡ ਨੂੰ ਮੁਅੱਤਲ ਕਰ ਦਿੱਤਾ ਹੈ। ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਖਾਲੀ ਕਰਕੇ ਸਰਹੱਦਾਂ ‘ਤੇ ਵਾਪਸ ਆ ਜਾਣ।”
———————————————————————————————————————————————–