ਪਟਿਆਲਾ ਪੁਲਿਸ ਵੱਲੋਂ ਇੱਕ ਕਿੱਲੋ ਹੈਰੋਇਨ ਸਮੇਤ 2 ਤਸਕਰ ਕਾਬੂ- ਐਸ.ਐਸ.ਪੀ. ਸਿੱਧੂ

ਪਟਿਆਲਾ, 21 ਮਾਰਚ: ਪਟਿਆਲਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਅਰੰਭੀ ਮੁਹਿੰਮ ਨੂੰ ਇਹ ਕਾਮਯਾਬੀ ਉਸ ਵੇਲੇ ਹਾਸਲ ਹੋਈ ਜਦੋਂ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਜਾਂਚ ਸ੍ਰੀ ਕ੍ਰਿਸਨ ਕੁਮਾਰ ਪੈਂਥੇ ਤੇ ਡੀ.ਐਸ.ਪੀ. ਸਿਟੀ-2 ਸ੍ਰੀ ਸੌਰਵ ਜਿੰਦਲ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸ.ਆਈ. ਲਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਦੋ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਇੱਕ ਕਿੱਲੋ ਹੈਰੋਇੰਨ ਬਰਾਮਦ ਕੀਤੀ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸ.ਪੀ. ਜਾਂਚ ਸ. ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਨ੍ਹਾਂ ਕਾਬੂ ਕੀਤੇ ਤਸਕਰਾਂ ਦੀ ਪਛਾਣ ਗੌਰਵ ਸੋਨੀ ਉਰਫ ਨਨੂੰ ਪੁੱਤਰ ਸ੍ਰੀ ਵਿਸਵਾ ਮਿੱਤਰ ਸੋਨੀ ਵਾਸੀ 6 ਬੀ-ਅਰੋੜਾ ਸੈਕਟਰ 02 ਬਿਲਾਸਪੁਰ ਜਿਲਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਕਪਤਾਨ ਸਿੰਘ ਉਰਫ ਮਿੱਠੂ ਪੁੱਤਰ ਰਜਿੰਦਰ ਵਾਸੀ ਬਰੋੜਾ ਥਾਣਾ ਨੂਰਪੁਰ ਜਿਲਾ ਕਾਂਗੜਾ ਹਿਮਾਚਲ ਪ੍ਰਦੇਸ ਵਜੋਂ ਹੋਈ।

ਸ. ਹੁੰਦਲ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਨਸ਼ਿਆਂ ਵਿਰੁੱਧ ਚਲਾਈ ਖਾਸ ਮੁਹਿੰਮ ਤਹਿਤ ਹੀ ਅੱਜ ਐਸ.ਆਈ. ਲਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਭਾਦਸੋਂ-ਪਟਿਆਲਾ ਰੋਡ ਨੇੜੇ ਬੱਸ ਅੱਡਾ ਲਚਕਾਣੀ ਵਿਖੇ ਮੌਜੂਦ ਸੀ ਤਾਂ ਗੁਪਤ ਸੂਚਨਾ ਦੇ ਅਧਾਰ ‘ਤੇ ਇਨ੍ਹਾਂ ਦੋਵਾਂ ਨੂੰ ਸ਼ੱਕੀ ਹਲਾਤ ਵਿੱਚ ਕਾਬੂ ਕੀਤਾ ਗਿਆ। ਇਸੇ ਦੌਰਾਨ ਡੀ.ਐਸ.ਪੀ. ਸ੍ਰੀ ਸੌਰਵ ਜਿੰਦਲ ਦੀ ਨਿਗਰਾਨੀ ਹੇਠ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਇਨ੍ਹਾਂ ਵਿਰੁੱਧ ਮੁਕੱਦਮਾ ਨੰਬਰ 14 ਮਿਤੀ 21/03/2020 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਖਸੀਵਾਲਾ ਵਿਖੇ ਦਰਜ ਕੀਤਾ ਗਿਆ।

ਸ. ਹੁੰਦਲ ਨੇ ਦੱਸਿਆ ਕਿ ਗ੍ਰਿਫ਼ਤਾਰ 23 ਸਾਲਾ ਗੌਰਵ ਸੋਨੀ ਉਰਫ ਨਨੂੰ ਦਸਵੀਂ ਪਾਸ ਹੈ ਅਤੇ 24 ਸਾਲਾ ਕਪਤਾਨ ਸਿੰਘ ਉਰਫ ਮਿੱਠੂ 12ਵੀਂ ਪਾਸ ਹੈ, ਇਨ੍ਹਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸੰਪੂਰਨਾ ਫੀਡ ਪ੍ਰਾਈਵੇਟ ਲਿਮਟਿਡ ਵਿੱਚ ਨੌਕਰੀ ਕਰਦੇ ਹਨ, ਜਿਹਨਾ ਦਾ ਮੁੱਖ ਦਫਤਰ ਫਗਵਾੜਾ ਵਿਖੇ ਹੈ ਤੇ ਇਸ ਕੰਪਨੀ ਨੂੰ ਵੈਕਸੀਨੇਸਨ (ਦਵਾਈਆਂ) ਅਤੇ ਫੀਡ ਦਿੱਲੀ ਵਗੈਰਾ ਤੋਂ ਆਉਦੀ ਹੈ। ਉਹ ਦੋਵੇਂ ਪੰਜਾਬ ਭਰ ਵਿੱਚ ਪੋਲਟਰੀ ਫਾਰਮਾਂ ਨੂੰ ਫੀਡ ਤੇ ਵੈਕਸੀਨੇਸਨ ਸਪਲਾਈ ਕਰਨ ਦੇ ਨਾਲ ਨਾਲ ਪੋਲਟਰੀ ਫਾਰਮਾਂ ਵਿੱਚੋਂ ਵਿਉਪਾਰੀਆਂ ਨੂੰ ਮਾਲ ਚੁਕਾਉਣ ਦਾ ਕੰਮ ਵੀ ਕਰਦੇ ਹਨ। ਇਸ ਦੌਰਾਨ ਉਹ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵੱਖ ਵੱਖ ਥਾਵਾਂ ‘ਤੇ ਜਾਂਦੇ ਰਹਿੰਦੇ ਹਨ।

ਸ. ਹੁੰਦਲ ਨੇ ਦੱਸਿਆ ਕਿ ਪੁਲਿਸ ਇਸ ਗੱਲ ਦੀ ਡੁੰਘਾਈ ਨਾਲ ਤਫ਼ਤੀਸ ਕਰ ਰਹੀ ਹੈ ਕਿ ਇਹ ਹੈਰੋਇੰਨ ਇਨ੍ਹਾਂ ਨੇ ਕਿੱਥੇ ਕਿੱਥੇ ਸਪਲਾਈ ਕਰਨੀ ਸੀ। ਐਸ.ਪੀ. ਨੇ ਦੱਸਿਆ ਕਿ ਇਹ ਦੋਵੇਂ ਜਣੇ ਨਸ਼ੇ ਕਰਨ ਦੇ ਵੀ ਆਦੀ ਹਨ ਜਿੰਨ੍ਹਾ ਦਾ ਸੰਪਰਕ ਫਰੈਕੀ ਨਾਮ ਦੇ ਦਿੱਲੀ ਰਹਿੰਦੇ ਨਾਈਜੇਰੀਅਨ ਵਿਅਕਤੀ ਨਾਲ ਵੀ ਹੋ ਗਿਆ ਸੀ ਜਿਸ ਨਾਲ ਇਹ ਸੰਪਰਕ ਕਰਕੇ ਹੈਰੋਇਨ ਲੈਕੇ ਆਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਕਿਸ ਕੋਲੋਂ ਹੈਰੋਇਨ ਖਰੀਦੀ ਅਤੇ ਕਿਸ ਨੂੰ ਵੇਚੀ ਜਾਂਦੀ ਰਹੀ ਹੈ, ਬਾਰੇ ਵੀ ਡੁੰਘਾਈ ਨਾਲ ਤਫਤੀਸ ਜਾਰੀ ਹੈ ਅਤੇ ਇਹਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ।

Read more