19 Apr 2021

ਆਪ੍ਰੇਸ਼ਨ ਗ੍ਰੀਨਜ਼ ਸਕੀਮ -ਟਾਪ ਟੂ ਟੋਟਲ ਤਹਿਤ ਕਿਨੂੰ ਦੀ ਫਸਲ ਲਈ ਪੈਗ੍ਰੇਕਸਕੋ ਨੂੰ ਸਟੇਟ ਇੰਪਲੀਮੈਂਟਿੰਗ ਏਜੰਸੀ ਵਜੋਂ ਕੀਤਾ ਨਿਯੁਕਤ


  ਕਿੰਨੂ ਦੀ ਢੋਆ-ਢੁਆਈ  ਅਤੇ / ਜਾਂ ਭੰਡਾਰਨ ਵਿੱਚ 50% ਸਬਸਿਡੀ ਮਿਲੇਗੀ
ਫਾਜ਼ਿਲਕਾ, 24 ਫਰਵਰੀ
 ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ  ਨੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ (ਪੈਗ੍ਰੇਕਸਕੋ) ਨੂੰ ਆਪ੍ਰੇਸ਼ਨ ਗਰੀਨਜ਼ ਸਕੀਮ- ਟਾਪ ਟੂ ਟੋਟਲ ਅਧੀਨ ਕਿਨੰੂ ਦੀ ਫਸਲ ਲਈ ਸਟੇਟ ਇੰਪਲੀਮੈਂਟਿੰਗ ਏਜੰਸੀ ਵਜੋਂ ਨਿਯੁਕਤ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ।
 ਉਨਾਂ ਕਿਹਾ ਕਿ ਸੂਬਾ ਸਰਕਾਰ ਦੇ ਨਿਰੰਤਰ ਯਤਨਾਂ ਸਦਕਾ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐਮ.ਓ.ਐਫ.ਪੀ.ਆਈ. ) ਵਲੋਂ ਕਿਨੰੂ ਨੂੰ ਉਕਤ ਸਕੀਮ ਅਧੀਨ ਨਿਸਚਿਤ ਫਸਲਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪਹਿਲਾਂ ਇਹ ਸਕੀਮ ਕੇਵਲ ਤਿੰਨ ਫਸਲਾਂ- ਟਮਾਟਰ, ਪਿਆਜ ਅਤੇ ਆਲੂ (ਟਾਪ) ਤੱਕ ਸੀਮਿਤ ਸੀ ਅਤੇ ਹੁਣ ਐਮ.ਓ.ਐਫ.ਪੀ.ਆਈ. ਨੇ ਬਹੁਤ ਸਾਰੇ ਫਲਾਂ ਅਤੇ ਸਬਜ਼ੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ ਅਤੇ ਇਸ ਲਈ ਇਸ ਯੋਜਨਾ ਦਾ ਨਾਮ ਹੁਣ ‘ਟੋਟਲ’ ਹੋ ਗਿਆ ਹੈ। ਇਹ ਯੋਜਨਾ ਆਤਮਨਿਰਭਰ ਭਾਰਤ ਅਭਿਆਨ ਦਾ ਹਿੱਸਾ ਹੈ।
 ਫੂਡ ਪ੍ਰੋਸੈਸਰ, ਐੱਫ.ਪੀ.ਓ / ਐੱਫ.ਪੀ.ਸੀ, ਸਹਿਕਾਰੀ ਸਭਾਵਾਂ, ਵਿਅਕਤੀਗਤ ਕਿਸਾਨ, ਲਾਇਸੰਸਸ਼ੁਦਾ ਕਮਿਸ਼ਨ ਏਜੰਟ, ਨਿਰਯਾਤਕਾਰ, ਰਾਜ ਮਾਰਕੀਟਿੰਗ / ਸਹਿਕਾਰੀ ਫੈਡਰੇਸ਼ਨਜ ਅਤੇ ਕਿੰਨੂ ਦੀ ਪ੍ਰੋਸੈਸਿੰਗ / ਮਾਰਕੀਟਿੰਗ  ਨਾਲ ਸਬੰਧਤ ਰਿਟੇਲਰ ਅਤੇ ਹੋਰਨਾਂ ਨੂੰ ਇਸ ਯੋਜਨਾ ਤਹਿਤ ਸਹਾਇਤਾ ਦਿੱਤੀ ਜਾਵੇਗੀ।
ਲਾਭਪਾਤਰੀਆਂ ਨੂੰ ਕਿੰਨੂ ਦੀ ਢੋਆ-ਢੁਆਈ  ਅਤੇ / ਜਾਂ ਭੰਡਾਰਨ ਵਿੱਚ 50% ਸਬਸਿਡੀ ਮਿਲੇਗੀ।
 ਸਰਕਾਰ ਦੇ ਇਸ ਫੈਸਲੇ ਦਾ ਮੁੱਖ ਉਦੇਸ਼ ਕਿਨੂੰ  ਕਾਸ਼ਤਕਾਰਾਂ ਨੂੰ ਤਾਲਾਬੰਦੀ ਕਾਰਨ ਵਿਕਰੀ ਵਿੱਚ ਹੋਣ ਵਾਲੇ ਘਾਟੇ  ਤੋਂ ਬਚਾਉਣਾ ਅਤੇ ਕਾਸ਼ਤ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣਾ ਹੈ।
ਪੈਗ੍ਰੇਕਸਕੋ ਨੇ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਲਾਭਪਾਤਰੀਆਂ ਨੂੰ ਪੰਜਾਬ ਐਗਰੋ (ਪੀ.ਏ.ਆਈ.ਸੀ.) ਦੀ ਵੈਬਸਾਈਟ ‘ਤੇ ਰਜਿਸਟਰ ਅਤੇ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾਕੇ ਜਾਂ ਉਕਤ ਦਸਤਾਵੇਜ਼ ਪੈਗ੍ਰੇਕਸਕੋ ਦੇ ਕਿੰਨੂ ਵੈੱਕਸਿੰਗ ਅਤੇ ਗ੍ਰੇਡਿੰਗ ਸੈਂਟਰਾਂ  ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ), ਸੀਤੋ ਗੁੰਨੋ (ਫਾਜ਼ਲਿਕਾ) ਅਤੇ ਕੰਗਮਾਈ (ਹਸ਼ਿਆਰਪੁਰ) ਵਿਖੇ ਜਮਾਂ ਕਰਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਵਧੇਰੇ ਜਾਣਕਾਰੀ  ਲਈ ਪੈਗ੍ਰੇਕਸਕੋ ਤੋਂ ਲਈ ਜਾ ਸਕਦੀ ਹੈ। ਇਹ ਯੋਜਨਾ ਰਾਜ ਦੇ ਕਿਨੰੂ ਕਾਸ਼ਤਕਾਰਾਂ ਲਈ ਵਰਦਾਨ ਸਿੱਧ ਹੋਵੇਗੀ।  

Read more