ਟ੍ਰੈਫਿਕ ਨਿਯਮਾਂ ਦੀ ਪਾਲਣਾ ਮਜਬੂਰੀ ਨਹੀਂ, ਜ਼ਰੂਰੀ ਹੈ-ਅਲਕਾ ਮੀਨਾ

*ਐਸ. ਐਸ. ਪੀ ਨੇ ਜ਼ਿਲੇ ਵਿਚ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦਾ ਕੀਤਾ ਸ਼ੁੱਭ ਆਰੰਭ
*ਟ੍ਰੈਫਿਕ ਪੁਲਿਸ ਵੱਲੋਂ 17 ਫਰਵਰੀ ਤੱਕ ਕੀਤੀਆਂ ਜਾਣਗੀਆਂ ਵੱਖ-ਵੱਖ ਗਤੀਵਿਧੀਆਂ
ਨਵਾਂਸ਼ਹਿਰ, 18 ਜਨਵਰੀ :
ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਬਹੁਤ ਸਾਰੇ ਸੜਕ ਹਾਦਸੇ ਵਾਪਰਦੇ ਹਨ, ਜਿਨਾਂ ਵਿਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਮਜਬੂਰੀ ਨਹੀਂ, ਬਲਕਿ ਜ਼ਰੂਰੀ ਹੈ। ਇਹ ਪ੍ਰਗਟਾਵਾ ਐਸ. ਐਸ. ਪੀ ਅਲਕਾ ਮੀਨਾ ਨੇ ਅੱਜ ਜ਼ਿਲੇ ਵਿਚ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦਾ ਸ਼ੁੱਭ ਆਰੰਭ ਕਰਨ ਮੌਕੇ ਕੀਤਾ। ਟ੍ਰੈਫਿਕ ਪੁਲਿਸ ਵੱਲੋਂ ਇਸ ਸਬੰਧੀ ਸਰਕਾਰੀ ਆਈ. ਟੀ. ਆਈ ਨਵਾਂਸ਼ਹਿਰ ਦੀ ਗਰਾਊਂਡ ਵਿਚ ਕਰਵਾਏ ਸਮਾਗਮ ਦੌਰਾਨ ਉਨਾਂ ਕਿਹਾ ਕਿ 17 ਫਰਵਰੀ ਤੱਕ ਪੂਰਾ ਇਕ ਮਹੀਨਾ ਚੱਲਣ ਵਾਲੀ ਇਸ ਜਾਗਰੂਕਤਾ ਮੁਹਿੰਮ ਦੌਰਾਨ ਜ਼ਿਲੇ ਭਰ ਵਿਚ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਨਾਂ ਵਿਚ ਵਾਹਨਾਂ ਪਿੱਛੇ ਰਿਫਲੈਕਟਰ ਲਗਾਉਣੇ, ਜਾਗਰੂਕਤਾ ਸਮਾਗਮ ਤੇ ਸੈਮੀਨਾਰ ਕਰਵਾਉਣੇ ਅਤੇ ਪ੍ਰਚਾਰ ਪਸਾਰ ਸਮੱਗਰੀ ਵੰਡਣਾ ਆਦਿ ਸ਼ਾਮਿਲ ਹੈ। ਉਨਾਂ ਕਿਹਾ ਕਿ ਇਸ ਜਾਗਰੂਕਤਾ ਮਹੀਨੇ ਦਾ ਮੰਤਵ ਲੋਕਾਂ ਨੂੰ ਟੈ੍ਰਫਿਕ ਨਿਯਮਾਂ ਸਬੰਧੀ ਜਾਗਰੂਕ ਕਰਨਾ ਅਤੇ ਇਨਾਂ ਨਿਯਮਾਂ ਦੀ ਪਾਲਣਾ ਕਰਵਾਉਣਾ ਹੈ। ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਪ੍ਰਤੀ ਸੁਚੇਤ ਹੋਣ ਨਾਲ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ ਅਤੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਸ ਮੌਕੇ ਉਨਾਂ ਜ਼ਿਲਾ ਵਾਸੀਆਂ ਨੂੰ ਟ੍ਰੈਫਿਕ ਜਾਗਰੂਕਤਾ ਮੁਹਿੰਮ ਦੌਰਾਨ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਉਨਾਂ ਵਾਹਨਾਂ ’ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦਾ ਆਗਾਜ਼ ਵੀ ਕੀਤਾ।
ਇਸ ਮੌਕੇ ਐਸ. ਪੀ ਹੈੱਡ ਕੁਆਰਟਰ ਮਨਵਿੰਦਰ ਬੀਰ ਸਿੰਘ, ਡੀ. ਐਸ. ਪੀ ਨਵਾਂਸ਼ਹਿਰ ਸਵਿੰਦਰਪਾਲ ਸਿੰਘ, ਜ਼ਿਲਾ ਟ੍ਰੈਫਿਕ ਇੰਚਾਰਜ ਚੌਧਰੀ ਰਤਨ ਸਿੰਘ, ਜ਼ਿਲਾ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਹੁਸਨ ਲਾਲ, ਹਰਜੀਤ ਸਿੰਘ, ਪ੍ਰੇਮਦੀਪ ਸਿੰਘ ਤੋਂ ਇਲਾਵਾ ਸਕੂਲੀ ਵਿਦਿਆਰਥੀ ਹਾਜ਼ਰ ਸਨ।