ਪੰਜਾਬ ‘ਚ ਕਰਫਿਊ 15 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਅਜੇ ਨਹੀਂ ਹੋਇਆ ਕੋਈ ਫੈਸਲਾ

-ਸਰਕਾਰੀ ਕਰਮਚਾਰੀਆਂ ਦੇ ਕੰਮਕਾਜ ਲਈ ਜਾਰੀ ਕੀਤਾ ਗਿਆ ਪੱਤਰ ਲਿਆ ਵਾਪਸ

ਚੰਡੀਗੜ੍ਹ, 8 ਅਪ੍ਰੈਲ (ਨਿਰਮਲ ਸਿੰਘ ਮਾਨਸ਼ਾਹੀਆ)-ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸੂਬੇ ਵਿਚ ਕਰਫਿਊ/ਲਾਕ ਡਾਊਨ 15 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਸਬੰਧੀ ‘ਪੰਜਾਬਅੱਪਡੇਟ’ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਸਾਰੀ ਸਥਿਤੀ ਦਾ ਗਰਾਊਂਡ ਜ਼ੀਰੋ ਤੋਂ ਲੈ ਕੇ ਉਪਰ ਤੱਕ ਜਾਇਜ਼ਾ ਲੈ ਰਹੇ ਹਨ। ਸਰਕਾਰ ਦਾ ਸਾਰਾ ਧਿਆਨ ਕਰੋਨਾ ਵਾਇਰਸ ਖਿਲਾਫ਼ ਜੰਗ ਅਤੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨਪੇਰੇ ਚਾੜ੍ਹਨ ਉਤੇ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਸਰਕਾਰੀ ਕੰਮਕਾਜ ਸਰਕਾਰੀ ਈ-ਮੇਲ, ਈ-ਆਫਿਸ ਤੇ ਮੀਟਿੰਗਾਂ ਵੀਡੀਓ ਕਾਨਫਰਸਿੰਗ ਰਾਹੀਂ ਕਰਨ ਸਬੰਧੀ ਜਾਰੀ ਕੀਤਾ ਪੱਤਰ ਕੀਤਾ ਰੱਦ ਕਰ ਦਿੱਤਾ ਗਿਆ ਹੈ। ਫਿਲਹਾਲ ਸੂਬੇ ਵਿਚ ਕਰਫਿਊ/ਲਾਕ ਡਾਊਨ 15 ਅਪ੍ਰੈਲ ਤੱਕ ਜਾਰੀ ਰਹੇਗਾ ਅਤੇ ਅਗਲੇ ਹੁਕਮ ਮੁੱਖ ਮੰਤਰੀ ਸਾਹਿਬ ਵਲੋਂ ਲਏ ਜਾਣਗੇ।

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦਾ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ/ਲਾਕ ਡਾਊਨ 15 ਅਪ੍ਰੈਲ ਤੋਂ ਅੱਗੇ ਵਧਾਉਣ ਸਬੰਧੀ ਅੱਜ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਹੈ, ਨਾ ਹੀ ਮੁੱਖ ਮੰਤਰੀ ਵਲੋਂ ਕੋਈ ਹੁਕਮ ਜਾਰੀ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਕਰਮਚਾਰੀਆਂ/ਅਫਸਰਾਂ ਦੇ ਈ-ਕੰਮਕਾਜ ਸਬੰਧੀ ਜੋ ਪੱਤਰ ਅੱਜ ਜਾਰੀ ਹੋਇਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ, ਇਹ ਪੱਤਰ ਸਰਕਾਰੀ ਕਰਮਚਾਰੀਆਂ ਦੇ ਕੰਮਕਾਜ ਨਾਲ ਸਬੰਧਿਤ ਸੀ, ਜੋ ਕਿ ਉਨ੍ਹਾਂ ਵਲੋਂ ਸਰਕਾਰੀ ਈ-ਮੇਲ, ਈ ਸਿਸਟਮ ਰਾਹੀਂ ਕੀਤਾ ਜਾ ਰਿਹਾ ਹੈ।  

Read more