ਪੰਜਾਬ ‘ਚ ਨੋਵਲ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ, ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ-ਬਲਬੀਰ ਸਿੱਧੂ

ਪਟਿਆਲਾ, 6 ਫਰਵਰੀ:  ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ‘ਚ ਨੋਵਲ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰੰਤੂ ਸੂਬੇ ਦਾ ਸਿਹਤ ਵਿਭਾਗ ਇਸ ਨੂੰ ਲੈਕੇ ਪੂਰੀ ਤਰ੍ਹਾਂ ਚੌਕਸ ਹੈ। ਕੈਬਨਿਟ ਵਜ਼ੀਰ ਸ. ਸਿੱਧੂ ਅੱਜ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ‘ਨਾਮਧਾਰੀ ਅੰਦੋਲਨ ਦਾ ਭਾਰਤੀ ਸਾਹਿਤ ਅਤੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ’ ਵਿਸ਼ੇ ‘ਤੇ ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਪੇਡਾ ਦੇ ਚੇਅਰਮੈਨ ਤੇ ਨਾਮਧਾਰੀ ਦਰਬਾਰ ਦੇ ਪ੍ਰਧਾਨ ਸ. ਐਚ.ਐਸ. ਹੰਸਪਾਲ ਅਤੇ ਉਪ-ਕੁਲਪਤੀ ਡਾ. ਬੀ.ਐਸ. ਘੁੰਮਣ ਵੀ ਮੌਜੂਦ ਸਨ।

ਸ. ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰ ਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਵਿਭਾਗ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਸਮੇਤ ਸਰਹੱਦਾਂ ‘ਤੇ ਆਪਣੀਆਂ ਟੀਮਾਂ ਤਾਇਨਾਤ ਕੀਤੀਆ ਹਨ ਅਤੇ ਹਰ ਯਾਤਰੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ ਜਦੋਂਕਿ ਪੂਨੇ ਭੇਜ ਕੇ ਹੁਣ ਤੱਕ ਕਰਵਾਏ ਗਏ ਟੈਸਟ ਨੈਗੇਟਿਵ ਹੀ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਦਿੱਲੀ ਏਅਰਪੋਰਟ ‘ਤੇ ਉਤਰਨ ਵਾਲੇ ਪੰਜਾਬ ਦੇ ਯਾਤਰੀਆਂ ਦਾ ਡਾਟਾ ਸਿਹਤ ਵਿਭਾਗ ਕੋਲ ਹਰ ਰੋਜ਼ ਪੁੱਜ ਰਿਹਾ ਹੈ ਅਤੇ ਉਨ੍ਹਾਂ ਦਾ ਵੀ ਉਨ੍ਹਾਂ ਦੇ ਪਿੰਡਾਂ ਤੇ ਸ਼ਹਿਰਾਂ ‘ਚ ਜਾ ਕੇ ਨਿਰੀਖਣ ਲਗਾਤਾਰ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਸ. ਸਿੱਧੂ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪਿਛਲੀ ਸਰਕਾਰ ਸਮੇਂ ਗੈਂਗਸਟਰਾਂ ਦਾ ਪੰਜਾਬ ‘ਚ ਬੋਲਬਾਲਾ ਰਿਹਾ ਹੈ ਜਿਸ ਨੂੰ ਕੈਪਟਨ ਸਰਕਾਰ ਨੇ ਖ਼ਤਮ ਕੀਤਾ ਹੈ ਅਤੇ ਹੁਣ ਵੀ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਵਾਲੇ ਅਨਸਰਾਂ ਨੂੰ ਸਖ਼ਤੀ ਨਾਲ ਨਜਿੱਠਣ ਲਈ ਵਚਨਬੱਧ ਹੈ। ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸਰਕਾਰ ਨੇ ਪੰਜਾਬ ਨੂੰ ਮੁੜ ਤੋਂ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾ ਰਿਹਾ ਹੈ ਜਦੋਂਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਢਾਈ ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡਕੇ ਗਈ ਸੀ। ਪਰੰਤੂ ਫਿਰ ਵੀ ਸਰਕਾਰ ਚਲਾਈ ਜਾ ਰਹੀ ਹੈ, ਅੱਜ ਪੰਜਾਬ ਦੇ ਹਾਲਾਤ ਬਦਲ ਰਹੇ ਹਨ ਅਤੇ 11 ਲੱਖ ਦੇ ਕਰੀਬ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਕਾਰੋਬਾਰ ਦੇ ਮੌਕੇ ਮੁਹੱਈਆ ਕਰਵਾਏ ਗਏ ਹਨ, 46 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਸਮੇਤ ਸਬਸਿਡੀਆਂ ਤੇ ਲੋੜਵੰਦ ਵਰਗਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਰਾਜ ਦੇ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਦੇ ਸਵਾਲ ਦੇ ਜਵਾਬ ‘ਚ ਸਿਹਤ ਮੰਤਰੀ ਸ. ਸਿੱਧੂ ਨੇ ਦੱਸਿਆ ਕਿ ਕੈਪਟਨ ਸਰਕਾਰ ਰਾਜ ‘ਚ 4 ਮੈਡੀਕਲ ਕਾਲਜ, ਮੋਹਾਲੀ, ਕਪੂਰਥਲਾ, ਹੁਸ਼ਿਆਰਪੁਰ ਤੇ ਗੁਰਦਾਸਪੁਰ ‘ਚ ਖੋਲ੍ਹਣ ਜਾ ਰਹੀ ਹੈ ਤੇ ਡਾਕਟਰਾਂ ਦੀ ਘਾਟ ਪੂਰੀ ਹੋਵੇਗੀ ਪਰ ਅਸਲ ਮੁਸ਼ਕਿਲ ਇਹ ਹੈ ਕਿ ਸਾਡੇ ਨੌਜਵਾਨ ਡਾਕਟਰ ਦਿਹਾਤੀ ਖੇਤਰਾਂ ‘ਚ ਸੇਵਾ ਕਰਨ ਜਾਣ ਤੋਂ ਝਿਜਕਦੇ ਹਨ ਅਤੇ ਕੁਝ ਸਰਕਾਰੀ ਦੀ ਥਾਂ ਪ੍ਰਾਈਵੇਟ ਹਸਪਤਾਲਾਂ ‘ਚ ਸੇਵਾ ਨੂੰ ਤਰਜੀਹ ਦਿੰਦੇ ਹਨ, ਇਹੋ ਕਮੀ ਰਹੀ ਹੈ, ਜਿਸ ਨੂੰ ਪੂਰਾ ਕਰਨ ਲਈ ਸਰਕਾਰ ਉਪਰਾਲੇ ਕਰ ਰਹੀ ਹੈ। ਸ. ਸਿੱਧੂ ਨੇ ਦੱਸਿਆ ਕਿ ਸਰਕਾਰ 60 ਸਾਲ ਤੋਂ ਬਾਅਦ ਡਾਕਟਰਾਂ ਦੀ ਮੁੜ ਨਿਯੁਕਤੀ ਵੀ ਕਰ ਰਹੀ ਹੈ ਅਤੇ ਹਾਲ ਹੀ ਦੌਰਾਨ 400 ਡਾਕਟਰਾਂ ਦੀ ਵਾਕ-ਇਨ ਇੰਟਰਵਿਯੂ ਵੀ ਕੀਤੀ ਜਿਸ ‘ਚ 29 ਡਾਕਟਰਾਂ ਨੇ ਜੁਆਇਨ ਵੀ ਕੀਤਾ ਹੈ।

ਸ. ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਪੰਜਾਬੀ ਯੂਨੀਵਰਸਿਟੀ ਘਾਟੇ ‘ਚ ਗਈ ਤੇ ਉਨ੍ਹਾਂ ਦੀ ਸਰਕਾਰ ਨੇ 50 ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਅਤੇ ਹੁਣ ਵੀ ਕੈਪਟਨ ਸਰਕਾਰ ਯੂਨੀਵਰਸਿਟੀਆਂ ਦੀ ਇਮਦਾਦ ਕਰਨ ਤੋਂ ਮੁਨਕਰ ਨਹੀਂ ਹੈ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਇਸ ਤੋਂ ਪਹਿਲਾਂ ਸ. ਸਿੱਧੂ ਨੇ ਇਤਿਹਾਸ ਵਿਭਾਗ ਦੇ ਸੈਮੀਨਾਰ ‘ਚ ਸੰਬੋਧਨ ਕਰਦਿਆਂ ਨਾਮਧਾਰੀ ਅੰਦੋਲਨ ਵੱਲੋਂ ਦੇਸ਼ ਦੇ ਆਜ਼ਾਦੀ ਸੰਗਰਾਮ ‘ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨੌਜਵਾਨਾਂ ‘ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਨਾਮਧਾਰੀ ਇਤਿਹਾਸ ਨੂੰ ਸਿਲੇਬਸ ਦਾ ਹਿੱਸਾ ਬਣਾਏ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।

ਸ. ਸਿੱਧੂ ਨੇ ਹੋਰ ਕਿਹਾ ਕਿ ਅੱਜ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਨਾਮਧਾਰੀ ਸੰਪਰਦਾ ਵੱਲੋਂ ਦਿਖਾਏ ਰਾਹ ‘ਤੇ ਚੱਲਣ ਦੀ ਲੋੜ ਹੈ, ਕਿਉਂਕਿ ਸਤਿਗੁਰੂ ਰਾਮ ਸਿੰਘ ਸਮੇਤ ਹੋਰ ਨਾਮਧਾਰੀ ਮੁਖੀਆਂ ਦਾ ਜੀਵਨ ਇੱਕ ਮਿਸਾਲ ਹੈ ਅਤੇ ਉਨ੍ਹਾਂ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਇਸ ਮੌਕੇ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਡਾ. ਮੁਹੰਮਦ ਇਦਰੀਸ, ਡਾ. ਗੁਰਭੇਜ ਸਿੰਘ ਗੁਰਾਇਆ, ਐਸ.ਡੀ.ਐਮ. ਸ. ਚਰਨਜੀਤ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਸਹਾਇਕ ਕਿਰਤ ਕਮਿਸ਼ਨਰ ਸ੍ਰੀ ਜੇ.ਪੀ ਸਿੰਘ ਸਮੇਤ ਨਾਮਧਾਰੀ ਸੰਪਰਦਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।

ਨੰ: ਲਸਪ (ਪ੍ਰੈ.ਰੀ.)-2020/115

ਫੋਟੋ ਕੈਪਸ਼ਨ-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ‘ਨਾਮਧਾਰੀ ਅੰਦੋਲਨ ਦਾ ਭਾਰਤੀ ਸਾਹਿਬ ਅਤੇ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ’ ਵਿਸ਼ੇ ‘ਤੇ ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰ ਰਾਸ਼ਟਰੀ ਸੈਮੀਨਾਰ ਦੇ ਉਦਘਾਟਨੀ ਸਮਾਰੋਹ ‘ਚ ਸ਼ਿਰਕਤ ਕਰਦੇ ਹੋਏ।

Read more