19 Apr 2021

ਜ਼ੇਲ ਵਿਭਾਗ ਵਿਚ 800 ਕਾਂਸਟੇਬਲਾਂ ਦੀ ਨਵੀਂ ਭਰਤੀ ਜਲਦ ਹੋਵੇਗੀ: ਸੁਖਜਿੰਦਰ ਰੰਧਾਵਾ

ਫਾਜ਼ਿਲਕਾ, 15 ਮਾਰਚ:  ਪੰਜਾਬ ਦੇ ਸਹਿਕਾਰਤਾ ਅਤੇ ਜ਼ੇਲ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਸੂਬਾ ਸਰਕਾਰ ਵੱਲੋਂ ਜ਼ੇਲਾਂ ਦੀ ਕਾਰਜ ਪ੍ਰਣਾਲੀ ਨੂੰ ਚੁਸਤ ਦਰੁਸਤ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਕਾਂਸਟੇਬਲ ਦੀਆਂ 800 ਅਸਾਮੀਆਂ ਦੀ ਭਰਤੀ ਵੀ ਜਲਦ ਕੀਤੀ ਜਾਵੇਗੀ।

ਉਹ ਅੱਜ ਇੱਥੇ ਸਬ ਜ਼ੇਲ ਦੇ ਪਿੱਛੇ ਬਣਾਈ ਗਈ ਨਾਨਕ ਬਗੀਚੀ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨਾਂ ਨੇ ਕਿਹਾ ਕਿ ਜ਼ੇਲ ਵਿਭਾਗ ਵਿਚ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਵੀ ਰਾਹ ਖੁੱਲਣਗੇ। ਉਨਾਂ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਨੇ ਜੇਲਾਂ ਵਿਚ ਰਾਸ਼ਨ ਅਤੇ ਹੋਰ ਸਮਾਨ ਦੀ ਸਪਲਾਈ ਸਿਰਫ ਸਰਕਾਰੀ ਅਤੇ ਸਹਿਕਾਰੀ ਅਦਾਰਿਆਂ ਰਾਹੀਂ ਕਰਨ ਦਾ ਪ੍ਰਬੰਧ ਕੀਤਾ ਹੈ ਜਿਸ ਨਾਲ ਜਿੱਥੇ ਜ਼ੇਲਾਂ ਵਿਚ ਬੰਦੀਆਂ ਨੂੰ ਮਿਆਰੀ ਸਮਾਨ ਮਿਲਦਾ ਹੈ ਉਥੇ ਹੀ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਦੀ ਵਿਕਰੀ ਵੀ ਵੱਧਦੀ ਹੈ।

ਸਹਿਕਾਰਤਾ ਅਤੇ ਜ਼ੇਲ ਮੰਤਰੀ ਨੇ ਕਿਹਾ ਕਿ ਪਿੱਛਲੀ ਸਰਕਾਰ ਸਮੇਂ ਮਾੜੇ ਪ੍ਰਬੰਧਾਂ ਕਾਰਨ ਜੇਲਾਂ ਦੀ ਹਾਲਤ ਵਿਗੜ ਗਈ ਸੀ ਪਰ ਹੁਣ ਸਰਕਾਰ ਵੱਲੋਂ ਪੂਰੀ ਸਖ਼ਤੀ ਕੀਤੀ ਗਈ ਹੈ ਅਤੇ ਜੇਲ ਅੰਦਰ ਕਿਸੇ ਵੀ ਮਾੜੇ ਅਨਸਰ ਨੂੰ ਗਲਤ ਕੰਮ ਨਹੀਂ ਕਰਨ ਦਿੱਤਾ ਜਾਂਦਾ ਹੈ। ਉਨਾਂ ਨੇ ਕਿਹਾ ਕਿ ਜੇਲਾਂ ਨੂੰ ਸੁਧਾਰ ਘਰ ਦਾ ਰੂਪ ਦਿੱਤਾ ਜਾ ਰਿਹਾ ਹੈ ਤਾਂ ਕਿ ਬੰਦੀ ਆਪਣੀ ਸਜਾ ਪੂਰੀ ਕਰਕੇ ਇਕ ਚੰਗੇ ਨਾਗਰਿਕ ਵਜੋਂ ਸਮਾਜ ਵਿਚ ਵਾਪਿਸ ਜਾਵੇ। ਉਨਾਂ ਨੇ ਕਿਹਾ ਕਿ ਜ਼ੇਲਾਂ ਵਿਚ ਬੰਦੀਆਂ ਦੀ ਕੌਂਸਿਗ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।

 ਰੰਧਾਵਾ ਨੇ ਕਿਹਾ ਕਿ ਜੇਲਾਂ ਤੋਂ ਬੰਦੀਆਂ ਦੀਆਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦੀ ਵਿਵਸਥਾ ਸਾਰੀਆਂ ਜੇਲਾਂ ਵਿਚ ਕੀਤੀ ਗਈ ਹੈ ਇਸ ਨਾਲ ਜਿੱਥੇ ਸਰਕਾਰ ਦੇ ਸੰਸਧਾਨਾ ਜਿਵੇਂ ਡੀਜਲ, ਵਾਹਨਾਂ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਹੋਣ ਵਾਲੇ ਖਰਚੇ ਕਾਰਨ ਸਰਕਾਰੀ ਖਜਾਨੇ ਨੂੰ ਲਗਦਾ ਖੋਰਾ ਰੁਕਿਆ ਹੈ ਉਥੇ ਹੀ ਬੰਦੀਆਂ ਦੇ ਭੱਜਣ ਵਰਗੀਆਂ ਘਟਨਾਵਾਂ ਤੇ ਵੀ ਰੋਕ ਲੱਗੀ ਹੈ।

ਇਸ ਮੌਕੇ ਉਨਾਂ ਨੇ ਵਿਸੇਸ਼ ਤੌਰ ਤੇ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਇੱਥੇ ਨਾਨਕ ਬਗੀਚੀ ਤਿਆਰ ਕਰਨ ਵਿਚ ਜ਼ੇਲ ਪ੍ਰਸ਼ਾਸਨ ਦਾ ਸਹਿਯੋਗ ਕੀਤਾ। ਉਨਾਂ ਨੇ ਕਿਹਾ ਕਿ ਸਮਾਜਿਕ ਸੰਗਠਨਾ ਦੀ ਸਰਕਾਰ ਨਾਲ ਇਸ ਤਰਾਂ ਦੀ ਭਾਗੀਦਾਰੀ ਦੇ ਚੰਗੇ ਨਤੀਜੇ ਨਿਕਲਣਗੇ।

ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ ਨੇ ਸਭ ਮਹਿਮਾਨਾਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਜਦ ਕਿ ਸ੍ਰੀ ਵਿਕਰਮ ਅਹੂਜਾ ਨੇ ਟਰੱਸਟ ਵੱਲੋਂ ਇਸ ਪ੍ਰੋਜੈਕਟ ਲਈ ਨਿਭਾਈ ਭੁਮਿਕਾ ਦਾ ਬਿਓਰਾ ਸਾਂਝਾ ਕੀਤਾ ਗਿਆ। ਸ੍ਰੀ ਪੀਕੇ ਸਿੰਨਹਾਂ ਏ.ਡੀ.ਜੀ.ਪੀ. ਨੇ ਇਸ ਪ੍ਰੋਜੈਕਟ ਵਿਚ ਸਹਿਯੋਗੀਆਂ ਦਾ ਧੰਨਵਾਦ ਕੀਤਾ।

Read more