19 Apr 2021

ਮੇਰਾ ਪਿੰਡ

ਮੇਰਾ ਪਿੰਡ

ਦੁਨੀਆਂ ਦਾ ਸਭ ਤੋਂ ਸੋਹਣਾ

ਸਭ ਤੋਂ ਵਧੀਆ ਪਿੰਡ

ਬੜੇ ਵਧੀਆ ਨੇ ਇੱਥੋਂ ਦੇ ਲੋਕ

ਏਨੇ ਵਧੀਆ ਕਿ ਉਹ ਅੱਜ ਕੱਲ੍ਹ ਕਿਸੇ ਦੇ ਕੰਮ ਵਿੱਚ

ਮਤਲਬ ਨਹੀਂ ਰੱਖਦੇ

ਪੂਰੀ ਏਕਤਾ ਹੈ ਮੇਰੇ ਪਿੰਡ ਦੇ ਲੋਕਾਂ ਵਿੱਚ

ਏਨੀ ਏਕਤਾ ਕਿ ਟੁੱਟੀਆਂ ਗਲੀਆਂ, ਸੜਕਾਂ ਤੇ ਡੁੱਲ੍ਹਦੇ

ਪਾਣੀਆਂ ਖਿਲਾਫ ਕੋਈ ਨਹੀਂ ਬੋਲਦਾ

ਏਨਾ ਏਕਾ ਕਿ ਕੋਈ ਵੀ ਚੰਗੇ ਕੰਮ ਦੀ ਪਹਿਲ ਨਹੀਂ ਕਰਦਾ

ਬਹੁਤ ਸਿਆਣੇ ਨੇ ਇੱਥੋਂ ਦੇ ਲੋਕ

ਏਨੇ ਸਿਆਣੇ ਕਿ ਵੋਟਾਂ ਦੇ ਟਾਈਮ ਸਰਪੰਚ ਤੋਂ

ਪਹਿਲਾਂ ਹੀ ਪੁੱਛ ਲੈਂਦੇ ਨੇ ਕਿ ਕਿਹੜੀ ਪਿਆਏਂਗਾ

ਉਹ ਪਹਿਲਾਂ ਹੀ ਉਹਦੇ ਨਾਲ ਪੈਸੇ ਦੀ ਗੱਲ ਖੋਲ੍ਹ ਲੈਂਦੇ ਹਨ

ਕੋਈ ਨਹੀਂ ਪੁੱਛਦਾ ਕਿ ਤੂੰ ਪਿੰਡ ਲਈ ਕੀ ਕਰੇਗਾ

ਏਨੇ ਸਿਆਣੇ ਨੇ ਮੇਰੇ ਪਿੰਡ ਦੇ ਲੋਕ

ਮੇਰੇ ਪਿੰਡ ਵਿੱਚ ਕੋਈ ਊਚਨੀਚ ਨਹੀਂ

ਕਿਉਂਕਿ ਸਭ ਦੇ ਆਪੋਆਪਣੇ ਗੁਰਦੁਆਰੇ ਨੇ

ਇੱਥੇ ਜੱਟਾਂ, ਮਜ਼ਬੀਆਂ ਤੇ ਹੋਰਾਂ ਨੇ ਸਭ ਨੇ

ਆਪੋ-ਆਪਣੇ ਗੁਰਦੁਆਰੇ ਬਣਾ ਲਏ

ਹੁਣ ਪਿੰਡ ਵਿੱਚ ਧਰਮ ਦੀ ਕੋਈ ਲੜਾਈ ਨਹੀਂ

ਏਨੇ ਚੰਗੇ ਨੇ ਮੇਰੇ ਪਿੰਡ ਦੇ ਲੋਕ

ਕਿ ਕਿਸੇ ਲਾਚਾਰ ਨੂੰ ਦੇਖ ਦੇ ਗਾਲਾਂ ਕੱਢਦੇ ਨੇ

ਤੇ ਸੱਥ ਵਿੱਚ ਬੈਠੇ ਉਹਦੇ ਤੇ ਹੱਸਦੇ ਨੇ

ਕਾਸ਼ ਮੇਰੇ ਪਿੰਡ ਦੇ ਲੋਕ ਵੀ ਹੋਰ ਲੋਕਾਂ ਵਾਂਗੂੰ ਕਮਲੇ ਹੋ ਜਾਣ

ਇਹ ਵੀ ਆਪਣੇ ਹੱਕਾਂ ਲਈ, ਲੋਕਾਈ ਦੇ ਭਲੇ ਲਈ ਲੜਨ

ਇਹ ਵੀ ਮਜਬੂਰਾਂ ਦੀ ਬਾਂਹ ਫੜਨ

ਕਾਸ਼ ਮੇਰੇ ਪਿੰਡ ਦੇ ਲੋਕ ਕਮਲੇ ਹੋ ਜਾਣ

ਪਰ ਨਹੀਂ ਇਹ ਕਮਲੇ ਨਹੀਂ ਬਣਦੇ

ਇਹ ਸਿਆਣੇ ਕਹਾਉਣ ‘ਚ ਹੀ ਵਡਿਆਈ ਸਮਝਦੇ ਨੇ

ਸਵਰਨਜੀਤ ਸਿੰਘ ਸਿੱਧੂ

ਗਿੱਦੜਬਾਹਾ (ਸ਼੍ਰੀ ਮੁਕਤਸਰ ਸਾਹਿਬ) 

9478800771

Read more