Thursday 22 October 2020

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਬਣੇ ਛੇ ਹਜ਼ਾਰ ਤੋਂ ਵਧੇਰੇ ਬੂਸਟਰ ਕਲੱਬ

- Posted on 17 October 2020

ਐਸ.ਏ.ਐਸ. ਨਗਰ 17 ਅਕਤੂਬਰ: ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਤੇ ਲਿਖਣ ‘ਚ ਪ੍ਰਪੱਕ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬੂਸਟਰ ਕਲੱਬ ਸਥਾਪਤ ਕਰਨ ਦੀ ਮੁਹਿੰਮ ਚਲਾਈ ਗਈ ਹੈ। ਜਿਸ ਅਧੀਨ ਰਾਜ ਦੇ ਵੱਖ-ਵੱਖ ਸਕੂਲਾਂ ‘ਚੋਂ 6072 ਕਲੱਬ ਸਥਾਪਤ ਹੋ ਗਏ ਹਨ। ਅੰਗਰੇਜ਼ੀ ਭਾਸ਼ਾ ਪ੍ਰਤੀ ਝਿਜਕ ਤੇ ਡਰ ਨੂੰ ਦੂਰ ਕਰਕੇ ਅੰਗਰੇਜ਼ੀ ਭਾਸ਼ਾ ਦੇ ਸਹੀ ਉਚਾਰਨ ਸਹਿਤ ਭਾਸ਼ਾ ਕੌਸ਼ਲਾਂ ਦਾ ਵਿਕਾਸ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤੇ ਗਏ ‘ਅੰਗਰੇਜ਼ੀ ਬੂਸਟਰ ਕਲੱਬਾਂ’ ਦੀ ਸ਼ੁਰੂਆਤ ਕਰਕੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਪੈਦਾ ਕੀਤੇ ਉਤਸ਼ਾਹ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਫਰਾਟੇਦਾਰ ਅੰਗਰੇਜ਼ੀ ਬੋਲ ਸਕਣਗੇ ਅਤੇ ਅਨੇਕਾਂ ਪ੍ਰਾਈਵੇਟ ਸਕੂਲਾਂ ਵਿੱਚੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਸਰਕਾਰੀ ਸਕੂਲਾਂ ਵਿੱਚ ਪ੍ਰਗਟਾਇਆ ਵਿਸ਼ਵਾਸ ਹੋਰ ਪਕੇਰਾ ਹੋਵੇਗਾ।

ਵਿਭਾਗ ਦੇ ਸੂਤਰਾਂ ਅਨੁਸਾਰ ਰਾਜ ਦੇ ਕੁੱਲ 6266 ਸਰਕਾਰੀ ਸਕੂਲਾਂ ‘ਚ ਬੂਸਟਰ ਕਲੱਬ ਬਣਾਏ ਜਾਣੇ ਹਨ, ਜਿੰਨ੍ਹਾਂ ਵਿੱਚੋਂ ਹੁਣ ਤੱਕ 6072 ਸਕੂਲਾਂ ਵਿੱਚ ਅੰਗਰੇਜ਼ੀ ਬੂਸਟਰ ਕਲੱਬਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇੰਨ੍ਹਾਂ ‘ਚ 109329 ਵਿਦਿਆਰਥੀ ਇਨ੍ਹਾਂ ਕਲੱਬਾਂ ਵਿੱਚ ਸ਼ਾਮਿਲ ਹੋ ਚੁੱਕੇ ਹਨ। ਇਸ ਸਬੰਧੀ ਪ੍ਰਿੰ. ਡਾ. ਬੂਟਾ ਸਿੰਘ ਸੇਖੋਂ ਮਾਨਸਾ ਦਾ ਕਹਿਣਾ ਹੈ ਕਿ ਵਿਭਾਗ ਦੀ ਇਸ ਪਹਿਲਕਦਮੀ ਸਦਕਾ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਪ੍ਰਤੀ ਡਰ, ਸਹਿਮ ਅਤੇ ਝਿਜਕ ਦੀ ਭਾਵਨਾ ਦੂਰ ਹੋਵੇਗੀ ਅਤੇ ਉਹਨਾਂ ਦੀ ਅੰਗਰੇਜ਼ੀ ਵਿਸ਼ੇ ਵਿੱਚ ਰੁਚੀ ਵਿਕਸਿਤ ਹੋਣ ਨਾਲ ਵਿਸ਼ੇ ਦੇ ਨਤੀਜੇ ਵੀ ਉੱਤਮ ਆਉਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਕੀਤੀ ਗਈ ਪੂਰਨ ਯੋਜਨਾਬੰਦੀ ਸਦਕਾ ਉਹ ਵਿਦਿਆਰਥੀਆਂ ਨੂੰ ਪਹਿਲਾਂ ਅੰਗਰੇਜ਼ੀ ਬੋਲਣ ਦੀ ਆਡੀਓ ਸਮੱਗਰੀ ਮੁਹੱਈਆ ਕਰਵਾ ਰਹੇ ਹਨ ਜਿਸ ਨੂੰ ਬੜੇ ਉਤਸ਼ਾਹ ਸਦਕਾ ਵਿਦਿਆਰਥੀਆਂ ਦੁਆਰਾ ਸੁਣ ਕੇ ਆਪਣਾ ਉਚਾਰਨ ਸ਼ੁੱਧ ਕੀਤਾ ਜਾ ਰਿਹਾ ਹੈ।ਨਾਲ ਹੀ ਅਸੀਂ ਵਿਦਿਆਰਥੀਆਂ ਨੂੰ ਆਪਣੀ ਅੰਗਰੇਜ਼ੀ ਬੋਲਦਿਆਂ ਦੀ ਵੀਡੀਓ ਬਣਾਉਣ ਲਈ ਜ਼ਰੂਰੀ ਨੁਕਤੇ ਵੀ ਦੱਸ ਰਹੇ ਹਾਂ। ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਆਤਮ-ਵਿਸ਼ਵਾਸ ਨਾਲ ਬੋਲਦੇ ਵੇਖ ਕੇ ਬਾਗੋ-ਬਾਗ ਹੋ ਰਹੇ ਹਨ।

 ਅਧਿਆਪਕਾ ਤਰੁਨਦੀਪ ਕੌਰ ਸਰਕਾਰੀ ਮਿਡਲ ਸਕੂਲ ਜਲਾਲਖੇੜਾ (ਪਟਿਆਲਾ) ਦਾ ਕਹਿਣਾ ਹੈ ਕਿ ਇਹਨਾਂ ਕਲੱਬਾਂ ਵਿੱਚ ਸਕੂਲ ਮੁਖੀ, ਅੰਗਰੇਜ਼ੀ ਲੈਕਚਰਾਰ, ਅੰਗਰੇਜ਼ੀ ਮਾਸਟਰ/ਮਿਸਟ੍ਰੈਸ ਦੀ ਸ਼ਮੂਲੀਅਤ ਜ਼ਰੂਰੀ ਹੋਵੇ ਅਤੇ ਬਾਕੀ ਸਕੂਲ ਅਮਲਾ ਸਵੈ-ਇਛੁੱਕ ਮੈਂਬਰ ਬਣ ਕੇ ਆਪਣੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਵਿੱਚ ਵਾਧਾ ਕਰ ਰਹੇ ਹਨ। ਇਹਨਾਂ ਕਲੱਬਾਂ ਵਿੱਚ ਆਪਣੀ ਸਵੈ-ਇੱਛਾ ਨਾਲ ਮੈਂਬਰ ਬਣਨ ਵਾਲੇ ਬਾਕੀ ਸਕੂਲ ਅਧਿਆਪਕਾਂ ਦੀ ਗਿਣਤੀ ਵਧਣਾ ਵੀ ਇਹਨਾਂ ਕਲੱਬਾਂ ਦੀ ਹਰਮਨਪਿਆਰਤਾ ਦਾ ਪ੍ਰਮਾਣ ਹੈ। ਬੂਸਟਰ ਕਲੱਬਾਂ ਸਬੰਧੀ ਸਟੇਟ ਰਿਸੋਰਸ ਪਰਸਨ (ਅੰਗਰੇਜ਼ੀ) ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਵਿਸ਼ੇ ਦੇ ਭਿੰਨ-ਭਿੰਨ ਕੌਸ਼ਲਾਂ ਦਾ ਵਿਕਾਸ ਕਰਦੇ ਹੋਏ ਅਨੇਕਾਂ ਮਾਪਿਆਂ ਦੁਆਰਾ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਸਬੰਧੀ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰਕੇ ਸਰਕਾਰੀ ਸਕੂਲਾਂ ਦੀ ਗੁਣਾਤਮਿਕ ਸਿੱਖਿਆ ਦੀ ਸਹੀ ਤਸਵੀਰ ਪੇਸ਼ ਕਰਨਗੇ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com