ਭੋਗ ਤੇ ਵਿਸ਼ੇਸ਼:-ਹੱਥੀਂ ਕਿਰਤ ਕਰਨ ਵਿੱਚ ਯਕੀਨ ਰੱਖਦੇ ਸਨ ਮਾਤਾ ਸਵਰਨ ਕੌਰ ਸੈਣੀ ਮਾਜਰਾ
ਨੂਰਪੁਰ ਬੇਦੀ
ਬੀਬੀਸੀ ਚੈਨਲ ਪੰਜਾਬੀ ਦੇ ਸੀਨੀਅਰ ਰਿਪੋਰਟਰ ਅਤੇ ਦੇਸ਼ ਸੇਵਕ ਚੰਡੀਗੜ੍ਹ ਦੇ ਸਾਬਕਾ ਨਿਊਜ਼ ਐਡੀਟਰ ਖੁਸ਼ਹਾਲ ਲਾਲੀ ਦੀ ਮਾਤਾ ਸਵਰਨ ਕੌਰ ਸੈਣੀ ਮਾਜਰਾ ਦਾ ਦਿਹਾਂਤ ਹੋ ਗਿਆ । ਬਹੁਤ ਹੀ ਸਹਿਣਸ਼ੀਲਤਾ ਅਤੇ ਸਬਰ ਸੰਤੋਖ ਵਾਲੇ ਸਨ ਮਾਤਾ ਸਵਰਨ ਕੌਰ। ਮਾਤਾ ਜੀ ਆਪ ਹੱਥੀਂ ਕਿਰਤ ਕਰਦੇ ਸਨ ਖੇਤੀਬਾੜੀ ਦਾ ਕੰਮ ਤੇ ਘਰ ਦਾ ਕੰਮ ਉਹ ਆਪ ਕਰਦੇ ਸਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਮਾਤਾ ਜੀ ਭਾਵੇਂ ਆਪ ਅਨਪੜ੍ਹ ਸਨ ਪਰ ਉਨ੍ਹਾਂ ਆਪਣੇ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਉੱਚ ਅਹੁਦਿਆਂ ਤੇ ਲਾਇਆ। ਉਹ ਆਪਣੇ ਕੰਮ ਵਿੱਚ ਯਕੀਨ ਰੱਖਦੇ ਸਨ। ਉਨ੍ਹਾਂ ਦੇ ਚਾਰ ਪੁੱਤਰ ਜਿਨ੍ਹਾਂ ਵਿੱਚ ਕੇਸ਼ਵ ਰਾਏ ਸੈਣੀ ਯੂਨੀਵਰਸਿਟੀ ਹੋਰਟੀਕਲਚਰ ਇੰਸਪੈਕਟਰ, ਸੀਨੀਅਰ ਕਾਂਗਰਸੀ ਨੇਤਾ ਅਤੇ ਸਮਾਜ ਸੇਵੀ ਦੇਸ ਰਾਜ ਸੈਣੀ, ਬਿਜ਼ਨਸਮੈਨ ਧਰਮਪਾਲ ਸੈਣੀ, ਪੱਤਰਕਾਰ ਖੁਸ਼ਹਾਲ ਲਾਲੀ ਤੇ ਇੱਕ ਧੀ ਹਨ । ਉਨ੍ਹਾਂ ਆਪਣੇ ਬੱਚਿਆਂ ਨੂੰ ਕਿਸੇ ਗੱਲ ਤੋਂ ਔਖ ਨਹੀਂ ਆਉਣ ਦਿੱਤੀ । ਜਿੱਥੇ ਮਾਤਾ ਸਵਰਨ ਕੌਰ ਮਿਹਨਤਕਸ ਸਨ ਉੱਥੇ ਉਹ ਧਾਰਮਿਕ ਖਿਆਲਾਂ ਦੇ ਵੀ ਸਨ। ਉਨ੍ਹਾਂ ਸੰਤ ਮੋਹਨ ਗਿਰੀ ਸਰਥਲੀ ਵਾਲਿਆਂ ਨੂੰ ਗੁਰੂ ਧਾਰਿਆ ਹੋਇਆ ਸੀ ਅਤੇ ਨੇਕ ਕੰਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ।ਉਨ੍ਹਾਂ ਆਪ ਖੁਦ ਪਰਿਵਾਰ ਨੂੰ ਸੈਟਲ ਕੀਤਾ । ਉਨ੍ਹਾਂ ਦੇ ਪਰਿਵਾਰ ਵੱਲੋਂ ਪਹਿਲਾਂ ਹੀ ਨੂਰਪੁਰ ਬੇਦੀ ਵਿਖੇ ਸਥਿਤ ਮਾਤਾ ਸਵਰਨ ਕੌਰ ਦੇ ਨਾਂ ਤੇ ਸਵਰਨ ਪੈਲੇਸ ਖੋਲ੍ਹਿਆ ਹੈ ਜੋ ਉਨ੍ਹਾਂ ਨੂੰ ਯਾਦ ਦਿਵਾਉਂਦਾ ਰਹੇਗਾ । ਉਹ ਆਪ ਕੰਮ ਕਰਨ ਵਿੱਚ ਯਕੀਨ ਰੱਖਦੇ ਸਨ ਅਤੇ ਆਪ ਕੰਮ ਕਰਨ ਲਈ ਹਰੇਕ ਨੂੰ ਪ੍ਰੇਰਦੇ ਸਨ । ਉਹ ਇਸ ਉਮਰ ਵਿੱਚ ਪੂਰੇ ਤੰਦਰੁਸਤ ਸਨ । ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਮਾਤਾ ਸਵਰਨ ਕੌਰ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ 3 ਅਕਤੂਬਰ ਨੂੰ ਪਿੰਡ ਸੈਣੀ ਮਾਜਰਾ (ਨੂਰਪੁਰ ਬੇਦੀ) ਵਿਖੇ ਉਨ੍ਹਾਂ ਦੇ ਘਰ ਵਿਖੇ ਪਾਇਆ ਜਾਵੇਗਾ । ਸੰਤ ਬਲਵੀਰ ਸਿੰਘ ਸੀਚੇਵਾਲ ਪਰਿਵਾਰ ਨਾਲ ਦੁੱਖ ਬਣਾਉਣ ਲਈ ਉਚੇਚੇ ਤੌਰ ਤੇ ਪਹੁੰਚ ਰਹੇ ਹਨ । ਅੱਜ ਭੋਗ ਮੌਕੇ ਧਾਰਮਿਕ, ਰਾਜਨੀਤਕ ਅਤੇ ਸਿਆਸੀ ਆਗੂ ਮਾਤਾ ਸਵਰਨ ਕੌਰ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ ।