ਮਨਜਿੰਦਰ ਸਿਰਸਾ ਵੱਲੋਂ ਕਾਬੁਲ ‘ਚ ਗੁਰਦੁਆਰਾ ਸਾਹਿਬ ‘ਤੇ ਹਮਲੇ ਦੀ ਜ਼ੋਰਦਾਰ ਨਿਖੇਧੀ

ਨਵੀਂ ਦਿੱਲੀ, 25 ਮਾਰਚ : ਦਿੱਲੀ ਸਿੱੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਸਾਹਿਬ ‘ਤੇ ਆਤਮਘਾਤੀ ਬੰਬਾਂ ਨਾਲ ਹਮਲਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਕਿਹਾ ਹੈ  ਕਿ ਇਹ ਢੁਕਵਾਂ ਸਮਾਂ ਹੈ ਜਦੋਂ ਅਫਗਾਨਿਸਤਾਨ ਦੇ ਸਿੱਖ ਆਪਣੇ ਪਰਿਵਾਰਾਂ ਦੀ ਜਾਨ ਮਾਲ ਦੀ ਰਾਖੀ ਲਈ ਭਾਰਤ ਆ ਕੇ ਵਸ ਜਾਣ ਬਾਰੇ ਕੋਈ ਫੈਸਲਾ ਲੈ ਲੈਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਹਮਲਾ, ਜਿਸਦੀ ਜ਼ਿੰਮੇਵਾਰੀ ਆਈ ਐਸ ਆਈ ਐਸ ਨੇ ਲਈ ਹੈ, ਮਨੁੱਖਤਾ  ‘ਤੇ ਕੀਤਾ ਗਿਆ ਬਹੁਤ ਹੀ ਨਿੰਦਣਯੋਗ ਹਮਲਾ ਹੈ। ਉਹਨਾਂ ਕਿਹਾ ਕਿ ਜਦੋਂ ਸਿੱਖ ਭਾਈਚਾਰਾ ਪਾਕਿਸਤਾਨ ਸਮੇਤ ਸਾਰੀ ਦੁਨੀਆਂ ਨੂੰ ਕੋਰੋਨਾਵਾਇਰਸ ਦੀ ਮਾਰ ਤੋਂ ਬਚਾਉਣ ਲਈ  ਅਰਦਾਸਾਂ ਕਰ ਰਿਹਾ ਸੀ, ਉਦੋਂ ਇਸ ਤਰੀਕੇ ਕੀਤਾ ਗਿਆ ਹਮਲਾ ਇਹਨਾਂ ਹਮਲਾਵਰਾਂ ਤੇ ਇਹਨਾਂ ਦੇ ਸੰਗਠਨ ਦੀ ਬਿਰਤੀ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਸਿੱਖ ਜਿਥੇ ਗੁਰੂ ਸਾਹਿਬਾਨ ਦੇ ਦੱਸੇ ਅਨੁਸਾਰ ਸਰਬੱਤ ਦਾ ਭਲਾ ਮੰਗਦੇ ਹਨ, ਉਥੇ ਹੀ ਇਹ ਲੋਕ ਮਨੁੱਖਾਂ  ਨੂੰ ਮਾਰਨ ਵਾਲਾ ਨੀਚ ਕੰਮ ਕਰਦੇ ਹਨ, ਜਿਸਦੀ ਸਾਰੀ ਦੁਨੀਆਂ ਨੂੰ ਜ਼ੋਰਦਾਰ ਨਿਖੇਧੀ ਕਰਨੀ ਚਾਹੀਦੀ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਅਫਗਾਨਿਸਤਾਨ ਦੇ ਸਿੱਖ ਭਾਰਤ ਆ ਕੇ ਵਸਣਾ ਚਾਹੁੰਦੇ ਹਨ ਤਾਂ ਦਿੱਲੀ ਗੁਰਦੁਆਰਾ ਕਮੇਟੀ ਉਹਨਾਂ ਨੂੰ ਇਕੇ ਲਿਆਉਣ ਅਤੇ ਇਥੇ ਵਸਾਉਣ ਵਾਸਤੇ ਹਰ ਤਰੀਕੇ ਦਾ ਵਸੀਲਾ ਕਰੇਗੀ। ਉਹਨਾਂ ਕਿਹਾ ਕਿ ਉਹ ਲਗਾਤਾਰ ਉਥੇ ਦੇ ਸਿੱਖਾਂ ਦੇ ਸੰਪਰਕ ਵਿਚ ਹਨ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਹਰ ਤਰੀਕੇ ਤੁਹਾਡੀ ਮਦਦ ਕਰਾਂਗੇ।

ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਇਹ ਅਫਗਾਨਿਸਤਾਨ ਵਿਚ ਸਿੱਖਾਂ ‘ਤੇ ਕੀਤਾ ਗਿਆ ਦੂਜਾ ਵੱਡਾ ਹਮਲਾ ਹੈ। ਇਸ ਤੋਂਪ ਹਿਲਾਂ 2018 ਵਿਚ ਵੀ ਸਿੱਖਾਂ ‘ਤੇ ਹਮਲਾ ਕੀਤਾ ਗਿਆ ਸੀ ਤੇ ਇਸੇ ਤਰੀਕੇ ਕਾਇਰਾਨਾ ਤਰੀਕੇ ਨਾਲ ਵੱਡੀ ਪੱਧਰ ‘ਤੇ ਹੱਤਿਆਵਾਂ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਇਸ ਹਮਲੇ ਵਿਚ ਮਹਿਲਾਵਾਂ ਤੇ ਬੱਚੇ ਵੀ ਮਾਰੇ ਗਏ ਹਨ ਤੇ ਇਹ ਹਮਲਾ ਉਸ ਕੌਮ ‘ਤੇ ਕੀਤਾ ਗਿਆ ਹੈ ਜੋ ਦੁਸ਼ਮਣਾਂ ਦੀਆਂ ਮਹਿਲਾਵਾਂ ਤੇ ਬੱਚਿਆਂ ਦਾ ਵੀ ਸਤਿਕਾਰ ਕਰਦੇ ਹਨ ਤੇ ਕਦੇ ਉਹਨਾਂ ‘ਤੇ ਹਮਲਾ ਨਹੀਂ ਕਰਦੇ।

ਸ੍ਰੀ ਸਿਰਸਾ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ  ‘ਤੇ ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲੇ ਨਾਲ ਗੱਲ ਕੀਤੀ ਹੈ ਜਿਹਨਾਂ ਨੇ ਇਸ ਸਬੰਧੀ ਲੋੜੀਂਦ ਹਰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਖੁਦ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਦੀਪਕ ਮਿੱਤਲ ਨਾਲ ਵੀ ਗੱਲ ਕੀਤੀ ਹੈ ਜਿਹਨਾਂ ਨੇ ਭਰੋਸਾ ਦੁਆਇਆ ਹੈ ਕਿ ਭਾਰਤ ਸਰਕਾਰ ਅਫਗਾਨਿਸਤਾਨ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹੈ ਤੇ ਉਥੇ ਸਿੱਖਾਂ ਦੀ ਸੁਰੱਖਿਆ ਤੇ ਰਾਖੀ ਲਈ ਲੋੜੀਂਦਾ ਹਰ ਕਦਮ ਚੁੱਕਿਆ ਜਾਵੇਗਾ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਸ ਸੰਕਟ ਦੇ ਸਮੇਂ ਅਫਗਾਨਿਸਤਾਨੀ ਸਿੱਖਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ•ੀ ਹੈ ਤੇ ਹਮੇਸ਼ਾ ਉਹਨਾਂ ਵਾਸਤੇ ਅੱਗੇ ਹੋ ਕੇ ਕੰਮ ਕਰੇਗੀ।  

Read more